ਸ਼ਹੀਦ ਭਗਤ ਸਿੰਘ ਬਾਰੇ ਵਿਵਾਦਿਤ ਬਿਆਨ ’ਤੇ ਬੁਰੀ ਤਰ੍ਹਾਂ ਘਿਰੇ ਸਿਮਰਨਜੀਤ ਮਾਨ, ‘ਆਪ’ ਨੇ ਖੋਲ੍ਹਿਆ ਮੋਰਚਾ

Friday, Jul 15, 2022 - 07:01 PM (IST)

ਚੰਡੀਗੜ੍ਹ (ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ‘ਅੱਤਵਾਦੀ’ ਕਹਿਣ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਗਈ ਟਿੱਪਣੀ ਬਹੁਤ ਨਿੰਦਣਯੋਗ ਹੈ ਅਤੇ ਉਹ ਤੁਰੰਤ ਬਿਨਾਂ ਸ਼ਰਤ ਮੁਆਫੀ ਮੰਗਣ। ਪੰਜਾਬ ਭਵਨ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉੱਚ ਸਿੱਖਿਆ ਅਤੇ ਭਾਸ਼ਾ ਮੰਤਰੀ ਮੀਤ ਹੇਅਰ ਨੇ ਐਲਾਨ ਕੀਤਾ ਕਿ ‘ਆਪ’ ਸਰਕਾਰ ਭਗਤ ਸਿੰਘ ਨੂੰ ਸਰਕਾਰੀ ਤੌਰ ਉਤੇ ਸ਼ਹੀਦ ਦਾ ਦਰਜਾ ਦੇਵੇਗੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਮੈਂਬਰ ਹੁੰਦੇ ਹੋਏ ਇਹ ਮੁੱਦਾ ਕਈ ਵਾਰ ਪਾਰਲੀਮੈਂਟ ਵਿੱਚ ਚੁੱਕਿਆ। ਭਗਤ ਸਿੰਘ ਸਾਡੇ ਆਦਰਸ਼ ਹਨ ਅਤੇ ਮੈਂ ਪੂਰੀ ਜ਼ਿੰਮੇਵਾਰੀ ਨਾਲ ਇਹ ਕਹਿੰਦਾ ਹਾਂ ਕਿ ਪੰਜਾਬ ਸਰਕਾਰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਵੇਗੀ।

ਇਹ ਵੀ ਪੜ੍ਹੋ : ਮਖੂ ਵਿਖੇ ਨਾਮ ਚਰਚਾ ਦੌਰਾਨ ਡੇਰਾ ਪ੍ਰੇਮੀਆਂ ਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਇਆ ਜ਼ਬਰਦਸਤ ਟਕਰਾਅ

ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਦਿੱਤਾ ਗਿਆ ਬਿਆਨ ਸ਼ਰਮਨਾਕ ਹੈ। ਨਵੇਂ ਚੁਣੇ ਗਏ ਲੋਕ ਸਭਾ ਮੈਂਬਰ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਜ਼ਾਦੀ ਦੀ ਲੜਾਈ ’ਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਛੋਟੀ ਉਮਰ ’ਚ ਆਪਣੀ ਕੁਰਬਾਨੀ ਦਿੱਤੀ, ਉਨ੍ਹਾਂ ਉੱਤੇ ਇਕੱਲੇ ਪੰਜਾਬ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਮਾਣ ਹੈ। ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਹੀ ਅੱਜ ਅਸੀਂ ਦੇਸ਼ ’ਚ ਆਜ਼ਾਦੀ ਮਾਣ ਰਹੇ ਹਾਂ ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਲੋਕ ਸਭਾ ਮੈਂਬਰ ਸਿਮਰਨਜੀਤ ਮਾਨ ਇਕ ਕੌਮੀ ਨਾਇਕ ਉਨ੍ਹਾਂ ਦਾ ਬਣਦਾ ਸਤਿਕਾਰ ਨਹੀਂ ਦੇ ਰਹੇ। ਕੈਬਨਿਟ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਲੋਕਤੰਤਰਿਕ ਅਤੇ ਧਰਮ-ਨਿਰਪੱਖ ਪਾਰਟੀ ਹੈ। ਸ਼ਹੀਦ ਭਗਤ ਸਿੰਘ ਦਾ ਨਿਰਾਦਰ ਕਰਨ ਅਤੇ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਣ ਦੇ ਲਈ ਸਿਮਰਨਜੀਤ ਸਿੰਘ ਮਾਨ ਵਿਰੁੱਧ ਕਾਨੂੰਨੀ ਤੌਰ ਉਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਜਗਦੀਪ ਕੰਬੋਜ ਗੋਲਡੀ, ਧਰਮਕੋਟ ਤੋਂ ਵਿਧਾਇਕ ਦਵਿੰਦਰ ਸਿੰਘ ਢੋਸ ਅਤੇ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਬਰੇਟਾ ਵਿਖੇ ਵਾਪਰਿਆ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ


Manoj

Content Editor

Related News