ਸੰਗਰੂਰ ਲੋਕ ਸਭਾ ਸੀਟ 'ਤੇ ਸਿਮਰਨਜੀਤ ਸਿੰਘ ਮਾਨ ਦਾ ਕਬਜ਼ਾ, ਅੰਕੜਿਆਂ 'ਚ ਜਾਣੋ 2014 ਤੋਂ ਹੁਣ ਤੱਕ ਦੇ ਨਤੀਜੇ

06/26/2022 3:52:45 PM

ਸੰਗਰੂਰ : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ ਇਤਿਹਾਸ ਰਚ ਦਿੱਤਾ ਹੈ। ਦੱਸ ਦੇਈਏ ਕਿ ਸਿਮਰਨਜੀਤ ਮਾਨ 1989 ਵਿਚ ਤਰਨਤਾਰਨ ਤੋਂ ਅਤੇ 1999 'ਚ ਸੰਗਰੂਰ ਤੋਂ ਸੰਸਦ ਮੈਂਬਰ ਵਜੋਂ ਵੀ ਜਾ ਚੁੱਕੇ ਹਨ। 2 ਵਾਰ ਸਾਂਸਦ ਰਹਿਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਹੁਣ ਤੀਜੀ ਵਾਰ ਲੋਕ ਸਭਾ ਦੀਆਂ ਪੌੜੀਆਂ ਚੜ੍ਹਣ ਜਾ ਰਹੇ ਹਨ। ਸੰਗਰੂਰ ਦੇ ਲੋਕਾਂ ਨੇ ਪੰਜਾਬ 'ਚ 'ਆਪ' ਦੀ ਸਰਕਾਰ ਅਤੇ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ 'ਚ 'ਆਪ' ਵਿਧਾਇਕ ਹੋਣ ਦੇ ਬਾਵਜੂਦ ਜਿੱਤ ਦਾ ਫ਼ਤਵਾ ਸਿਮਰਨਜੀਤ ਸਿੰਘ ਮਾਨ ਦੇ ਨਾਂ 'ਤੇ ਜਾਰੀ ਕੀਤਾ ਹੈ। ਅੰਕੜਿਆਂ ਤੋਂ ਸਮਝਦੇ ਹਾਂ ਕਿ 2014 ਤੋਂ ਲੈ ਕੇ ਹੁਣ ਤੱਕ 'ਆਪ' ਦਾ ਗ੍ਰਾਫ ਕਿਵੇਂ ਹੇਠਾਂ ਆ ਰਿਹਾ ਹੈ। 

ਇਹ ਵੀ ਪੜ੍ਹੋ- ਸੰਗਰੂਰ ਲੋਕ ਸਭਾ ਸੀਟ ’ਤੇ ਜਿੱਤ ਦੀ ਹੈਟ੍ਰਿਕ ਨਹੀਂ ਲਗਾ ਸਕੀ ‘ਆਪ’, ਸਿਮਰਨਜੀਤ ਮਾਨ ਨੇ ਜਿੱਤਿਆ ‘ਕਿਲ੍ਹਾ’

2014 ਸੰਗਰੂਰ ਲੋਕ ਸਭਾ ਚੋਣ 'ਚ ਭਗਵੰਤ ਮਾਨ ਪਹਿਲੀ ਵਾਰ 'ਆਪ' ਵੱਲੋਂ ਲੋਕ ਸਭਾ ਚੋਣਾਂ 'ਚ ਉਤਰੇ ਸੀ। ਇਨ੍ਹਾਂ ਚੋਣਾਂ 'ਚ ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ 5,33,237 ਵੋਟਾਂ ਦੇ ਜਿਤਾਇਆ ਸੀ ਅਤੇ ਮਾਨ ਨੇ 2 ਲੱਖ ਦੇ ਕਰੀਬ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਉਮੀਦਵਾਰ ਸੁਖਦੇਲ ਸਿੰਘ ਢੀਂਡਸਾ ਨੂੰ 3,21,516 ਲੋਕਾਂ ਨੇ ਵੋਟਾਂ ਦੇ ਕੇ ਦੂਸਰੇ ਸਥਾਨ ਦਿੱਤਾ ਸੀ। ਇਸ ਦੇ ਨਾਲ ਹੀ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੂੰ 1,81,410 ਅਤੇ ਬਸਪਾ ਉਮੀਦਵਾਰ ਮਦਨ ਭੱਟੀ ਨੂੰ 8,408 ਵੋਟਾਂ ਮਿਲਿਆਂ ਸਨ।

ਇਹ ਵੀ ਪੜ੍ਹੋ- ਤੀਜੀ ਵਾਰ ਲੋਕ ਸਭਾ ਦੀਆਂ ਪੌੜ੍ਹੀਆਂ ਚੜ੍ਹਣਗੇ ਸਿਮਰਨਜੀਤ ਮਾਨ, ਜਾਣੋ ਕੀ ਰਹੇ ਜਿੱਤ ਦੇ ਵੱਡੇ ਕਾਰਨ

2019 ਦੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਦੂਸਰੀ ਵਾਰ ਭਗਵੰਤ ਮਾਨ ਨੇ ਚੋਣ ਲੜੀ ਸੀ ਜਿਸ ਵਿਚ ਮਾਨ ਨੂੰ 4,13,561 ਵੋਟਾਂ ਹਾਸਲ ਹੋਈਆਂ ਸਨ ਜਦਕਿ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 3,03,350 ਹਾਸਲ ਹੋਈਆਂ ਹਨ। ਇਨ੍ਹਾਂ ਚੋਣਾਂ 'ਚ 'ਆਪ' ਦਾ ਗ੍ਰਾਫ ਹੇਠਾਂ ਡਿੱਗ ਗਿਆ ਸੀ ਜਿਸ ਵਿਚ ਮਾਨ ਸਿਰਫ਼ 1 ਲੱਖ ਵੋਟਾਂ ਦੇ ਫ਼ਰਕ ਨਾਲ ਹੀ ਜਿੱਤੇ ਸੀ ਅਤੇ 2014 ਦੀਆਂ ਚੋਣਾਂ 'ਚ ਉਹ 2 ਲੱਖ ਦੇ ਫ਼ਰਕ ਨਾਲ ਜੇਤੂ ਰਹੇ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ 2,63,498 ਵੋਟਾਂ ਪਈਆਂ ਸਨ ਜਦਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਸਿਰਫ਼ 48,365 ਵੋਟਾਂ ਹਾਸਲ ਹੋਈਆਂ ਸਨ। 

ਇਹ ਵੀ ਪੜ੍ਹੋ- ਸਿਮਰਨਜੀਤ ਸਿੰਘ ਮਾਨ ਨੇ ਢਾਹਿਆ ਭਗਵੰਤ ਮਾਨ ਦਾ ਕਿਲ੍ਹਾ, ਕਾਂਗਰਸ ਨੇ ਕਬੂਲੀ ਹਾਰ

2022 ਦੀਆਂ ਵਿਧਾਨ ਸਭਾ ਚੋਣਾਂ 'ਚ ਸੰਗਰੂਰ ਵਿਚ 'ਆਪ' ਨੇ ਵੱਡੀ ਜਿੱਤ ਦਰਜ ਕੀਤੀ ਸੀ । ਜਿਸ ਵਿਚ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹੀ ਜਿੱਤ ਹੋਈ ਸੀ। ਜਿਸ ਵਿਚ ਲਹਿਰਾ ਤੋਂ ਬਰਿੰਦਰ ਕੁਮਾਰ ਗੋਇਲ ਜੇਤੂ ਰਹੇ ਸੀ। ਦਿੜਬਾ ਤੋਂ ਹਰਪਾਲ ਸਿੰਘ ਚੀਮਾ, ਸੁਨਾਮ ਤੋਂ ਅਮਨ ਅਰੋੜ , ਭਦੌੜ ਤੋਂ ਲਾਭ ਸਿੰਘ ਉਗੋਕੇ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ  ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ , ਮਲੇਰਕੋਟਲਾ ਤੋਂ ਮੁਹੰਮਦ ਜਾਮਿਲ ਉਰ ਰਹਿਮਾਨ, ਧੂਰੀ ਤੋਂ ਭਗਵੰਤ ਮਾਨ ਅਤੇ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਨੇ ਜਿੱਤ ਹਾਸਲ ਕਰਕੇ ਸੰਗਰੂਰ 'ਤੇ ਵੱਡੀ ਜਿੱਤ ਹਾਸਲ ਕੀਤੀ ਸੀ। ਇਨ੍ਹਾਂ 'ਚੋਂ ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਹਨ ਅਤੇ ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ ਸਿੱਖਿਆ ਮੰਤਰੀ ਹਨ।

ਸੰਗਰੂਰ ਲੋਕ ਸਭਾ ਚੋਣਾਂ ਲਈ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ 'ਆਪ' ਵਿਧਾਇਕਾਂ ਨੇ ਚੋਣ ਪ੍ਰਚਾਰ ਕੀਤਾ ਸੀ। ਇਸ ਤੋਂ ਬਾਅਦ ਵੀ ਪੰਜਾਬ 'ਚ 'ਆਪ' ਦੀ ਸਰਕਾਰ ਅਤੇ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ 'ਚ 'ਆਪ' ਵਿਧਾਇਕ ਹੋਣ ਦੇ ਬਾਵਜੂਦ ਇਸ ਵਾਰ ਦੀਆਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਜਿੱਤ ਹਾਸਲ ਕਰਨ 'ਚ ਨਾਕਾਮ ਰਹੀ ਹੈ। ਸਿਮਰਨਜੀਤ ਸਿੰਘ ਮਾਨ  ਨੇ ਇਸ ਵਾਰ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ 'ਤੇ ਵੱਡੀ ਜਿੱਤ ਦਰਜ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਨੂੰ ਸੰਗਰੂਰ ਦੇ ਲੋਕਾਂ ਨੇ 2,53,154 ਵੋਟਾਂ ਦੇ ਕੇ ਜਿਤਾਇਆ ਹੈ ਜਦਕਿ 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 2,47,332 ਵੋਟਾਂ ਹਾਸਲ ਹੋਈਆਂ ਹਨ। ਕਾਂਗਰਸ ਦੇ ਉਮੀਦਵਾਰ ਨੂੰ ਦਲਵੀਰ ਸਿੰਘ ਗੋਲਡੀ ਨੂੰ 79,668 ਵੋਟਾਂ , ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲ਼ੋਂ ਨੂੰ 66,298 ਵੋਟਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ 44,428 ਵੋਟਾਂ ਮਿਲੀਆਂ ਹਨ। ਇਨ੍ਹਾਂ 3 ਉਮੀਦਵਾਰਾਂ ਸਮੇਤ 14 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ। 


Anuradha

Content Editor

Related News