ਸਿਮਰਜੀਤ ਬੈਂਸ ਨੇ ਬਿਜਲੀ ਵਿਭਾਗ ਵੱਲੋਂ ਕੱਟੇ 5 ਘਰਾਂ ਦੇ ਕੁਨੈਕਸ਼ਨ ਜੋਡ਼ੇ

03/13/2020 12:26:36 AM

ਫਗਵਾਡ਼ਾ, (ਹਰਜੋਤ)- ਸੂਬੇ ਅੰਦਰ ਮਹਿੰਗੀ ਬਿਜਲੀ ਕਾਰਣ ਜਿਹਡ਼ੇ ਲੋਕ ਬਿਜਲੀ ਦੇ ਬਿੱਲ ਨਹੀਂ ਦੇ ਸਕੇ ਤੇ ਉਨ੍ਹਾਂ ਦੇ ਕੁਨੈਕਸ਼ਨ ਕੱਟੇ ਗਏ ਸਨ। ਇਸ ਦੇ ਵਿਰੋਧ ’ਚ ਅੱਜ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਫਗਵਾਡ਼ਾ ਪੁੱਜ ਕੇ ਗੱਲਬਾਤ ਉਪਰੰਤ 5 ਘਰਾਂ ਦੇ ਕੁਨੈਕਸ਼ਨ ਖੁਦ ਖਡ਼੍ਹੇ ਹੋ ਕੇ ਜੋਡ਼ੇ। ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਿਜਲੀ ਇੰਨੀ ਮਹਿੰਗੀ ਕਰ ਦਿੱਤੀ ਗਈ ਹੈ ਤੇ ਲੋਕਾਂ ਨੂੰ ਬਿੱਲ ਅਦਾਇਗੀ ਕਰਨੀ ਮੁਸ਼ਕਿਲ ਹੋ ਰਹੀ ਹੈ, ਜਿਸ ਕਾਰਣ ਲੋਕ ਬਿੱਲ ਅਦਾ ਕਰਨ ਤੋਂ ਅਸਮਰੱਥ ਹਨ ਅਤੇ ਹਨੇਰੇ ’ਚ ਬੈਠਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਮਹਿੰਗੀ ਬਿਜਲੀ ਕਾਰਣ ਜਿਨ੍ਹਾਂ ਗਰੀਬ ਲੋਕਾਂ ਦੇ ਮੀਟਰ ਕੱਟੇ ਗਏ ਸਨ, ਉਹ ਅੱਜ ਜੋਡ਼ੇ ਜਾਣਗੇ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਅੱਜ ਜਲੰਧਰ ਅਤੇ ਫਗਵਾਡ਼ਾ ਤੋਂ ਕੀਤੀ ਗਈ ਹੈ ਜੋ ਕਿ ਇਸ ਤਰ੍ਹਾਂ ਹੀ ਪੂਰੇ ਸੂਬੇ ’ਚ ਮੁਹਿੰਮ ਜਾਰੀ ਰਹੇਗੀ। ਬੈਂਸ ਨੇ ਮਹਿੰਗੀ ਬਿਜਲੀ ਪਿੱਛੇ ਅਕਾਲੀ ਅਤੇ ਕਾਂਗਰਸ ਦੋਨਾਂ ਸਰਕਾਰਾਂ ਨੂੰ ਬਰਾਬਰ ਦੇ ਦੋਸ਼ੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਖਰੀਦ ਦੇ ਗਲਤ ਸਮਝੌਤਿਆਂ ਕਾਰਣ ਸੂਬੇ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਦਾ ਬੋਝ ਝੱਲਣਾ ਪੈ ਰਿਹਾ ਹੈ। ਮੀਟਿੰਗ ਤੋਂ ਬਾਅਦ ਬੈਂਸ ਅਤੇ ਨੰਗਲ ਸਾਥੀਆਂ ਸਮੇਤ ਕੁਨੈਕਸ਼ਨ ਜੋਡ਼ਨ ਲਈ ਨਿਕਲੇ, ਜਿਸ ਦੇ ਤਹਿਤ ਫਗਵਾਡ਼ਾ ਵਿਖੇ 5 ਗਰੀਬ ਪਰਿਵਾਰਾਂ ਦੇ ਕੁਨੈਕਸ਼ਨ ਜੋਡ਼ੇ ਗਏ ਹਨ। ਜਿਨ੍ਹਾਂ ’ਚ ਪਿੰਡ ਸੁੰਨਡ਼ਾ ਰਾਜਪੂਤਾਂ ਦੇ ਸਵਰਨਾ ਰਾਮ ਜਿਨ੍ਹਾਂ ਦੀ ਉਮਰ 85 ਸਾਲ ਦੇ ਲਗਭਗ ਹੈ ਅਤੇ ਅੱਖਾਂ ਦੀ ਨਿਗ੍ਹਾ ਵੀ ਨਹੀਂ ਹੈ ਇਕ ਪੁੱਤਰ ਹੈ ਜੋ ਕੇ ਦਿਮਾਗੀ ਤੌਰ ’ਤੇ ਠੀਕ ਨਹੀਂ ਹੈ। ਘਰ ਵਿਚ ਇਕ ਹੀ ਕਮਰਾ ਹੈ ਉਨ੍ਹਾਂ ਵਲੋਂ ਬਿਜਲੀ ਦਾ ਬਿੱਲ ਨਾ ਅਦਾ ਕਰਨ ਕਰ ਕੇ ਮੀਟਰ ਕੱਟ ਦਿੱਤਾ ਗਿਆ ਸੀ ਜੋ ਕੇ ਪਿਛਲੇ ਤਕਰੀਬਨ 2 ਮਹੀਨੇ ਤੋਂ ਹਨੇਰੇ ਵਿਚ ਰਹਿਣ ਲਈ ਮਜਬੂਰ ਸਨ। ਉਸਨੂੰ ਜੋਡ਼ਿਆ ਗਿਆ ਅਤੇ ਫਗਵਾਡ਼ਾ ਹਲਕੇ ਵਿਚ ਪਿੰਡ ਗੰਢਵਾ ਅਤੇ ਨਾਰੰਗਸ਼ਾਹਪੁਰ ਵਿਚ ਤਕਰੀਬਨ 5 ਕੁਨੈਕਸ਼ਨ ਜੋਡ਼ੇ ਗਏ ਹਨ। ਉਨ੍ਹਾਂ ਕਿਹਾ ਕਿ ਕੁਨੈਕਸ਼ਨ ਜੋਡ਼ਨ ਤੋਂ ਬਾਅਦ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਲੋਕ ਇਨਸਾਫ ਪਾਰਟੀ ਉਸਦਾ ਡੱਟ ਕੇ ਸਾਹਮਣਾ ਕਰੇਗੀ। ਕੁਨੈਕਸ਼ਨ ਜੋਡ਼ੇ ਜਾਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਇਸ ਮੌਕੇ ਸੁਖਦੇਵ ਚੌਕਡ਼ੀਆ, ਅਵਤਾਰ ਸਿੰਘ, ਜਤਿੰਦਰ ਮੋਹਨ ਸਰਪੰਚ, ਬਲਰਾਜ ਬਾਊ, ਸੁਖਦੇਵ, ਬਲਜਿੰਦਰ ਝੱਲੀ, ਮੌਂਟੀ ਚੱਕ ਹਕੀਮ, ਆਜ਼ਾਦ ਅਲੀ, ਸ਼ਸ਼ੀ ਬੰਗਡ਼ ਚੱਕ ਹਕੀਮ, ਡਾ. ਰਮੇਸ਼ ਰਾਮਪਾਲ, ਸਤਨਾਮ, ਸਤਵਿੰਦਰ ਸਿੰਘ, ਗੁਰਮੁਖ ਫੌਜੀ, ਇੰਦਰਜੀਤ ਨਾਰੰਗਪੁਰ, ਡਾ. ਕਲੇਰ, ਪਲਵਿੰਦਰ ਸਿੰਘ, ਕੁਲਦੀਪ, ਯੋਗੇਸ਼, ਚਰਨਜੀਤ, ਬਲਵੀਰ ਕਾਂਸ਼ੀ ਨਗਰ ਵੀ ਸ਼ਾਮਲ ਸਨ।


Bharat Thapa

Content Editor

Related News