ਵਿਧਾਨ ਸਭਾ ਨੂੰ ਹਿਲਾਉਣ ਵਾਲੇ ਬੈਂਸ ਭਰਾਵਾਂ ਨੇ ਫਿਰ ਦਿੱਤੀ ਚਿਤਾਵਨੀ, ਕਿਹਾ...
Sunday, Sep 11, 2016 - 11:40 AM (IST)
ਚੰਡੀਗੜ੍ਹ (ਭੁੱਲਰ) — ਲੁਧਿਆਣਾ ਦੇ ਆਜ਼ਾਦ ਵਿਧਾਇਕ ਭਰਾਵਾਂ ਸਿਮਰਜੀਤ ਸਿੰਘ ਤੇ ਬਲਵਿੰਦਰ ਸਿੰਘ ਬੈਂਸ ਨੇ ਬੀਤੇ ਦਿਨੀਂ ਵਿਧਾਨ ਸਭਾ ਸੈਸ਼ਨ ਦੌਰਾਨ ਇਕ ਵਾਰ ਤਾਂ ਅਸੈਂਬਲੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੁਰੱਖਿਆ ਕਰਮਚਾਰੀ ਵੀ ਉਨ੍ਹਾਂ ਅੱਗੇ ਡਰੇ-ਡਰੇ ਦਿਖਾਈ ਦੇ ਰਹੇ ਸਨ। ਬੈਂਸ ਭਰਾਵਾਂ ਵਲੋਂ ਰਾਜਸਥਾਨ ਨੂੰ ਜਾ ਰਹੇ ਪੰਜਾਬ ਦੇ ਪਾਣੀ ਬਾਰੇ ਅਸੈਂਬਲੀ ''ਚ ਉਠਾਏ ਗਏ ਮਾਮਲੇ ਅਤੇ ਉਸਦੇ ਬਾਅਦ ਹੋਏ ਘਟਨਾਕ੍ਰਮ ਤੋਂ ਬਾਅਦ ਬੈਂਸ ਭਰਾਵਾਂ ਨੂੰ ਸਦਨ ਤੋਂ ਮਾਰਸ਼ਲਾਂ ਵਲੋਂ ਚੁੱਕ ਕੇ ਵਿਧਾਨ ਸਭਾ ਭਵਨ ਤੋਂ ਬਾਹਰ ਸੁੱਟੇ ਜਾਣ ਦੀ ਘਟਨਾਕ੍ਰਮ ਦੇ ਅੱਜ ਵੀ ਸਿਆਸੀ ਹਲਕਿਆਂ ''ਚ ਚਰਚਾ ਰਹੇ।
ਜ਼ਿਕਰਯੋਗ ਹੈ ਕਿ ਬੈਂਸ ਭਰਾ ਰਾਜਸਥਾਨ ਨੂੰ ਜਾ ਰਹੇ ਪੰਜਾਬ ਦੇ ਪਾਣੀ ਦਾ ਨਿਯਮਾਂ ਮੁਤਾਬਿਕ ਬਿੱਲ ਵਸੂਲਣ ਲਈ ਵਿਧਾਨ ਸਭਾ ''ਚ ਗੈਰ-ਸਰਕਾਰੀ ਬਿੱਲ ਲਿਆ ਕੇ ਸਰਕਾਰ ਤੋਂ ਜਵਾਬ ਚਾਹੁੰਦੇ ਸਨ। ਸਪੀਕਰ ਵਲੋਂ ਉਨ੍ਹਾਂ ਨੂੰ ਇਜਾਜ਼ਤ ਨਾ ਮਿਲਣ ''ਤੇ ਉਨ੍ਹਾਂ ਦਾ ਗੁੱਸਾ ਇਕਦਮ ਅੰਬਰ ''ਤੇ ਜਾ ਪਹੁੰਚਿਆ। ਸਪੀਕਰ ਵਲੋਂ ਉਨ੍ਹਾਂ ਨੂੰ ਸਦਨ ਤੋਂ ਜਬਰੀ ਚੁੱਕ ਕੇ ਬਾਹਰ ਕਰ ਕੇ ਮਾਰਸ਼ਲਾਂ ਨੂੰ ਦਿੱਤੇ ਆਦੇਸ਼ਾਂ ਤੋਂ ਬਾਅਦ ਜਿਸ ਤਰ੍ਹਾਂ ਦਾ ਘਟਨਾਕ੍ਰਮ ਹੋਇਆ, ਉਹ ਰਾਜ ਵਿਧਾਨ ਸਭਾ ਦੇ ਇਤਿਹਾਸ ''ਚ ਇਕ ਅਲੱਗ ਹੀ ਮਿਸਾਲ ਬਣ ਗਿਆ।
ਬੈਂਸ ਭਰਾਵਾਂ ਨੇ ਉਨ੍ਹਾਂ ਵਲੋਂ ਵਿਧਾਨ ਸਭਾ ''ਚ ਕੀਤੀ ਗਈ ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਭਵਿੱਖ ''ਚ ਵੀ ਉਹ ਪੰਜਾਬ ਦੇ ਪਾਣੀ ਲਈ ਆਵਾਜ਼ ਉਠਾਉਣ ਤੋਂ ਪਿੱਛੇ ਨਹੀਂ ਹਟਣਗੇ। ਸੋਮਵਾਰ ਨੂੰ ਸੈਸ਼ਨ ਸ਼ੁਰੂ ਹੋਣ ਸਮੇਂ ਮੁੜ ਇਹ ਮੁੱਦਾ ਉਠਾਉਣ ਦਾ ਪੂਰੀ ਸ਼ਕਤੀ ਨਾਲ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਲਈ ਉਨ੍ਹਾਂ ਦੀ ਜਾਨ ਵੀ ਚਲੀ ਜਾਏ ਤਾਂ ਕੋਈ ਪ੍ਰਵਾਹ ਨਹੀਂ। ਉਹ ਜੇਲ ਜਾਣ ਤੋਂ ਵੀ ਨਹੀਂ ਡਰਦੇ, ਕਿਉਂਕਿ ਸੁਖਬੀਰ ਬਾਦਲ ਦੇ ਨਿਰਦੇਸ਼ਾਂ ''ਤੇ ਪਹਿਲਾਂ ਵੀ ਉਨ੍ਹਾਂ ਨੂੰ ਜਨ ਮੁੱਦੇ ਉਠਾਉਣ ਸਮੇਂ ਪ੍ਰਦਰਸ਼ਨਾਂ ਦੌਰਾਨ ਝੂਠੇ ਅਪਰਾਧਿਕ ਮਾਮਲੇ ਦਰਜ ਕਰ ਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।