ਗਗਨੇਜਾ, ਮਾਤਾ ਚੰਦ ਕੌਰ, ਪਾਦਰੀ, ਅਮਿਤ ਸ਼ਰਮਾ ਤੇ ਗੋਸਾਈਂ ਦੇ ਕਾਤਲ ਪੁਲਸ ਗ੍ਰਿਫਤ ''ਚੋਂ ਬਾਹਰ ਕਿਉਂ : ਬੈਂਸ
Saturday, Oct 21, 2017 - 05:42 AM (IST)
ਲੁਧਿਆਣਾ(ਪਾਲੀ)-ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੁਧਿਆਣਾ ਵਿੱਖੇ ਆਰ. ਐੱਸ. ਐੱਸ. ਦੇ ਵਰਕਰ ਰਵਿੰਦਰ ਗੋਸਾਈਂ ਦੇ ਕਤਲ ਦੇ ਨਾਲ-ਨਾਲ ਸੂਬੇ ਵਿਚ ਵਧ ਰਹੀਆਂ ਲੁੱਟਾਂ-ਖੋਹਾਂ ਤੇ ਹੋਰਨਾਂ ਅਪਰਾਧਿਕ ਘਟਨਾਵਾਂ ਲਈ ਸਿੱਧੇ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਜ਼ਿੰਮੇਵਾਰ ਹਨ ਤੇ ਆਪਣੀ ਮੁੱਖ ਮੰਤਰੀ ਦੀ ਲੋਕ ਹਿਤ ਨੈਤਿਕ ਜ਼ਿੰਮੇਵਾਰੀ ਨਾ ਨਿਭਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦੀ ਸਾਂਝ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਰਵਿੰਦਰ ਗੋਸਾਈਂ ਦੇ ਪਰਿਵਾਰਿਕ ਮੈਂਬਰਾਂ ਨਾਲ ਸ਼ੋਕ ਪ੍ਰਗਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਵਿਧਾਇਕ ਬੈਂਸ ਨੇ ਕਿਹਾ ਕਿ ਗ੍ਰਹਿ ਵਿਭਾਗ ਦਾ ਸਾਰਾ ਅਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਹੈ ਤੇ ਸੂਬੇ ਦੀ ਪੁਲਸ ਵੀ ਲੋਕਾਂ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਸਿਆਸੀ ਆਗੂਆਂ ਦੀ ਪੁਸ਼ਤ ਪਨਾਹੀ ਵਿਚ ਲੱਗੀ ਹੋਈ ਹੈ, ਜਿਸ ਕਾਰਨ ਜਿਥੇ ਸੂਬੇ ਵਿਚ ਦਿਨ-ਦਿਹਾੜੇ ਕਤਲ ਹੋ ਰਹੇ ਹਨ ਉੱਥੇ ਆਏ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਹੋਣਾ ਆਮ ਗੱਲ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਆਰ. ਐੱਸ. ਐੱਸ. ਦੇ ਸੂਬਾ ਸਹਿ ਸੰਚਾਲਕ ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਨਾਮਧਾਰੀ ਪੰਥ ਦੇ ਸਾਬਕਾ ਸਤਿਗੁਰੂ ਜਗਜੀਤ ਸਿੰਘ ਦੀ ਧਰਮਪਤਨੀ ਮਾਤਾ ਚੰਦ ਕੌਰ, ਪਾਦਰੀ ਸੁਲਤਾਨ ਮਸੀਹ, ਲੁਧਿਆਣਾ ਦੇ ਦੁਰਗਾ ਮਾਤਾ ਮੰਦਰ ਦੇ ਬਾਹਰ ਹਿੰਦੂ ਤਖਤ ਦੇ ਆਗੂ ਅਮਿਤ ਸ਼ਰਮਾ ਦੇ ਕਾਤਲ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਜਾਂਚ ਕਰ ਕੇ ਕਾਰਵਾਈ ਕਰਨ ਦੇ ਹੁਕਮ ਦੇਣ ਦੀ ਬਜਾਏ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਕਹਿ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਜੇਕਰ ਆਪਣੀ ਨੈਤਿਕ ਜ਼ਿੰਮੇਵਾਰੀ ਮੁੱਖ ਮੰਤਰੀ ਨਹੀਂ ਨਿਭਾਅ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ। ਉਨ੍ਹਾਂ ਸਾਫ ਕੀਤਾ ਕਿ ਗ੍ਰਹਿ ਵਿਭਾਗ ਵੀ ਮੁੱਖ ਮੰਤਰੀ ਕੋਲ ਹੈ ਅਤੇ ਮੁੱਖ ਮੰਤਰੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਈ ਜਾਵੇ ਪਰ ਆਏ ਦਿਨ ਅਪਰਾਧਿਕ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਸੂਬੇ ਦੀ ਪੁਲਸ ਦੋਸ਼ੀਆਂ ਨੂੰ ਫੜਨਾ ਤਾਂ ਇਕ ਪਾਸੇ ਅਜੇ ਤਕ ਦੋਸ਼ੀਆਂ ਦੀ ਪਛਾਣ ਵੀ ਨਹੀਂ ਕਰ ਸਕੀ ਤੇ ਇਸ ਪਿੱਛੇ ਪੁਲਸ ਦੀ ਨਾਕਾਮੀ ਸਾਫ ਝਲਕਦੀ ਹੈ।
