ਵਿਧਾਇਕ ਬੈਂਸ ਨੇ ਸਿਵਲ ਹਸਪਤਾਲ ਵਿਖੇ ਮਾਰਿਆ ਅਚਾਨਕ ਛਾਪਾ

07/07/2017 4:13:45 AM

ਲੁਧਿਆਣਾ (ਪਾਲੀ)-ਸਿਵਲ ਹਸਪਤਾਲ ਵਿਖੇ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਲਾਜ ਦੇ ਨਾਂ 'ਤੇ ਹੁੰਦੀ ਦੁਰਦਸ਼ਾ ਦੀ ਸ਼ਿਕਾਇਤ ਮਿਲਣ 'ਤੇ ਆਪਣੇ ਸਾਥੀਆਂ ਸਮੇਤ ਅਚਾਨਕ ਛਾਪਾ ਮਾਰਿਆ। ਦੌਰੇ ਦੌਰਾਨ ਵਿਧਾਇਕ ਬੈਂਸ ਨੇ ਸਿਵਲ ਹਸਪਤਾਲ ਵਿਖੇ ਈਮਾਨਦਾਰੀ ਨਾਲ ਡਿਊਟੀ ਕਰ ਰਹੇ ਹਸਪਤਾਲ ਦੇ ਡਾਕਟਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਿਧਾਇਕ ਬੈਂਸ ਨੂੰ ਸਾਹਨੇਵਾਲ ਦੀ ਵਸਨੀਕ ਗੁਰਵਿੰਦਰ ਕੌਰ ਨੇ ਆਪਣੇ ਨਾਲ ਬੀਤੀ ਘਟਨਾ ਬਾਰੇ ਜਾਣਕਾਰੀ ਦਿੱਤੀ। ਗੁਰਵਿੰਦਰ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੇ ਸਪੁੱਤਰ ਸੁਖਰਾਜ ਦੇ ਇਲਾਜ ਵਾਸਤੇ ਜਿਸ ਨੂੰ ਕਾਲਾ ਪੀਲੀਆ ਸੀ, ਸਿਵਲ ਹਸਪਤਾਲ ਵਿਖੇ ਲੈ ਕੇ ਆਈ। ਸਿਵਲ ਹਸਪਤਾਲ ਵਿਚ ਡਾਕਟਰ ਦੇ ਨਾ ਮੌਜੂਦ ਹੋਣ ਨਾਲ ਇਕ ਬੈਠੇ ਬਾਬੂ ਨੇ ਉਸ ਨੂੰ ਡਾਕਟਰ ਦੇ ਘਰ ਬਣੇ ਹਸਪਤਾਲ ਦਾ ਪਤਾ ਦੇ ਦਿੱਤਾ। ਗੁਰਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਸ ਨੇ ਡਾਕਟਰ ਦੇ ਘਰ ਬਣੇ ਹਸਪਤਾਲ ਵਿਚ ਸੰਪਰਕ ਕੀਤਾ ਤਾਂ ਉਸ ਕੋਲੋਂ 7200 ਰੁਪਏ ਦੇ ਕਰੀਬ ਬੀਮਾਰੀ ਦੇ ਟੈਸਟ ਕਰਵਾਏ ਗਏ, ਜਿਸ ਦਾ ਸਾਰਾ ਮਾਮਲਾ ਉਸ ਨੇ ਬੈਂਸ ਦੇ ਧਿਆਨ ਵਿਚ ਲਿਆਂਦਾ। ਇਸ ਮੌਕੇ ਸਾਰੇ ਮਾਮਲੇ ਦੇ ਬਾਰੇ ਦੱਸਦਿਆਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਸਿਵਲ ਹਸਪਤਾਲ ਵਿਚ ਜ਼ਿਆਦਾਤਰ ਡਾਕਟਰ ਆਪਣੀ ਈਮਾਨਦਾਰੀ ਨਾਲ ਸਰਕਾਰ ਵੱਲੋਂ ਮਿਲੀ ਡਿਊਟੀ ਨੂੰ ਬਾਖੂਬੀ ਤਰੀਕੇ ਨਾਲ ਨਿਭਾ ਰਹੇ ਹਨ ਪਰ ਇਸ ਤੋਂ ਇਲਾਵਾ ਇਕ ਮਾਫੀਆ ਗਰੁੱਪ ਹਸਪਤਾਲ ਵਿਚ ਤਾਇਨਾਤ ਹੈ, ਜੋ ਕਿ ਮਰੀਜ਼ਾਂ ਨੂੰ ਡਾਕਟਰਾਂ ਨਾਲ ਸੰਪਰਕ ਕਰਾਉਣ ਲਈ ਉਨ੍ਹਾਂ ਦੇ ਘਰ ਬਣੇ ਹਸਪਤਾਲ ਵਿਚ ਇਲਾਜ ਕਰਾਉਣ ਲਈ ਜ਼ੋਰ ਪਾਉਂਦਾ ਹੈ। ਬੈਂਸ ਨੇ ਕਿਹਾ ਕਿ ਜਦੋਂ ਗੁਰਵਿੰਦਰ ਕੌਰ ਨੇ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਐੱਸ. ਐੱਮ. ਓ. ਦੇ ਦਫਤਰ ਵਿਚ ਬੈਠੇ ਹੀ ਉਸ ਬਾਬੂ ਨੂੰ ਮੌਕੇ 'ਤੇ ਬੁਲਾਇਆ, ਜਿਸ ਨੇ ਆਪਣਾ ਨਾਂ ਮਨੋਜ ਕੁਮਾਰ ਦੱਸਿਆ। ਜਦੋਂ ਉਨ੍ਹਾਂ ਨੇ ਮਨੋਜ ਕੁਮਾਰ ਨੂੰ ਪੁੱਛਿਆ ਕਿ ਤੂੰ ਹਸਪਤਾਲ ਵਿਚ ਮੁਲਾਜ਼ਮ ਹੈ ਤੇ ਤੇਰੀ ਕਿੰਨੀ ਤਨਖਾਹ ਹੈ ਤਾਂ ਉਸ ਨੇ ਦੱਸਿਆ ਕਿ ਮੇਰੀ 4500 ਰੁਪਏ ਤਨਖਾਹ ਹੈ। ਕੁੱਝ ਸਮੇਂ ਬਾਅਦ ਸਵਾਲ ਕਰਨ 'ਤੇ ਉਸ ਨੇ ਕਿਹਾ ਕਿ ਮੈਂ ਇਥੋਂ ਦਾ ਮੁਲਾਜ਼ਮ ਨਹੀਂ ਹਾਂ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਦਿੱਤੀ ਸ਼ਿਕਾਇਤ 'ਤੇ ਉਸ ਨੂੰ ਸਿਵਲ ਹਸਪਤਾਲ ਵਿਚ ਬਣੀ ਚੌਕੀ ਦੀ ਪੁਲਸ ਹਵਾਲੇ ਕਰ ਦਿੱਤਾ ਗਿਆ। ਬੈਂਸ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਮਾਫੀਆ ਗਰੀਬ ਲੋਕਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ, ਜੋ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਹ ਸਾਰਾ ਮਾਮਲਾ ਸਿਹਤ ਮੰਤਰੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ।
ਜੇਕਰ ਫਿਰ ਵੀ ਕੋਈ ਕਾਰਵਾਈ ਨਾ ਹੋਈ ਤਾਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਕਿ ਲਗਾਤਾਰ ਪੰਜਾਬ ਨੂੰ ਰਿਸ਼ਵਤਖੋਰੀ ਨੂੰ ਖਤਮ ਕਰਨ ਦੀਆਂ ਦੁਹਾਈਆਂ ਦਿੰਦੇ ਹਨ, ਉਨ੍ਹਾਂ ਦੇ ਸਨਮੁਖ ਲਿਆ ਕੇ ਵਿਧਾਨ ਸਭਾ ਵਿਚ ਮੁੱਦਾ ਉਠਾਇਆ ਜਾਵੇਗਾ। ਇਸ ਮੌਕੇ ਵਿਪਨ ਸੂਦ ਕਾਕਾ, ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ, ਪਵਨਦੀਪ ਸਿੰਘ ਮਦਾਨ ਹਾਜ਼ਰ ਸਨ।
ਗੁਰਵਿੰਦਰ ਕੌਰ ਵੱਲੋਂ ਲਾਏ ਦੋਸ਼ ਬੇਬੁਨਿਆਦ
ਸਿਵਲ ਹਸਪਤਾਲ ਵਿਖੇ ਆਪਣੇ ਸਪੁੱਤਰ ਸੁਖਰਾਜ ਦਾ ਇਲਾਜ ਕਰਾਉਣ ਆਈ ਗੁਰਵਿੰਦਰ ਕੌਰ ਵੱਲੋਂ ਲਾਏ ਗਏ ਡਾਕਟਰ 'ਤੇ 7200 ਦੇ ਟੈਸਟ ਕਰਾਉਣ ਦੇ ਦੋਸ਼ ਨੂੰ ਨਕਾਰਦਿਆਂ ਡਾਕਟਰ ਨੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ। ਕੋਈ ਵੀ ਗੁਰਵਿੰਦਰ ਕੌਰ ਉਨ੍ਹਾਂ ਦੇ ਹਸਪਤਾਲ ਵਿਚ ਟੈਸਟ ਕਰਵਾਉਣ ਨਹੀਂ ਆਈ। ਇਹ ਕੇਵਲ ਮਨਘੜਤ ਕਹਾਣੀ ਬਣਾਈ ਗਈ ਹੈ। ਗ੍ਰਿਫਤਾਰ ਕੀਤੇ ਮਨੋਜ ਕੁਮਾਰ ਖਿਲਾਫ ਦੋਸ਼ ਸਾਬਿਤ ਹੋਣ 'ਤੇ ਹੋਵੇਗੀ ਬਣਦੀ ਕਾਰਵਾਈ ਸਿਵਲ ਹਸਪਤਾਲ ਵਿਚ ਬਣੀ ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮਨੋਜ ਕੁਮਾਰ ਖਿਲਾਫ ਜੇਕਰ ਦੋਸ਼ ਸਾਬਿਤ ਹੋਣਗੇ ਤਾਂ ਉਸ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।


Related News