ਸਿਮਰਜੀਤ ਬੈਂਸ ਨੇ ਜਬਰ-ਜ਼ਿਨਾਹ ਮਾਮਲੇ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਭਰਾ ਦੀ ਜ਼ਮਾਨਤ ਹੋਈ ਖਾਰਜ
Wednesday, Sep 07, 2022 - 01:36 PM (IST)
ਲੁਧਿਆਣਾ (ਮਹਿਰਾ) : ਹਲਕਾ ਆਤਮ ਨਗਰ ਵਿਧਾਨ ਸਭਾ ਖੇਤਰ ਦੇ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਜਬਰ-ਜ਼ਿਨਾਹ ਮਾਮਲੇ ਸਬੰਧੀ ਅਦਾਲਤ ’ਚ ਆਪਣੀ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਇਸ ਮਾਮਲੇ 'ਤੇ ਸੁਣਵਾਈ 7 ਸਤੰਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ : ਜ਼ਮਾਨਤ ਮਿਲਣ ਦੇ ਬਾਵਜੂਦ ਵੀ ਜੇਲ੍ਹ 'ਚ ਹੀ ਰਹਿਣਗੇ ਸਾਧੂ ਸਿੰਘ ਧਰਮਸੌਤ, ਜਾਣੋ ਕੀ ਹੈ ਕਾਰਨ
ਇਸ ਤੋਂ ਇਲਾਵਾ ਜਬਰ-ਜ਼ਿਨਾਹ ਦੇ ਦੋਸ਼ਾਂ ਦਾ ਸਾਹਮਣਾ ਕਰਨ ਰਹੇ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਅਤੇ ਹੋਰ ਮੁਲਜ਼ਮ ਸੁਖਚੈਨ ਸਿੰਘ ਨੂੰ ਝਟਕਾ ਦਿੰਦੇ ਹੋਏ ਵਧੀਕ ਸੈਸ਼ਨ ਜੱਜ ਸ਼ਿਵ ਮੋਹਨ ਗਰਗ ਦੀ ਅਦਾਲਤ ਨੇ ਜ਼ਮਾਨਤ ਪਟੀਸ਼ਨਾਂ ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ। ਅਦਾਲਤ ’ਚ ਮੁਲਜ਼ਮਾਂ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਅਤੇ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਨੂੰ ਇਸ ਮਾਮਲੇ ’ਚ ਘੜੀਸਿਆ ਗਿਆ ਹੈ ਅਤੇ ਉਨ੍ਹਾਂ ’ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ।
ਨਾਲ ਹੀ ਸ਼ਿਕਾਇਤਕਰਤਾ ਦੇ ਵਕੀਲ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਇਕ ਸੰਗੀਨ ਮਾਮਲਾ ਹੈ, ਇਸ ਲਈ ਜੇਕਰ ਮੁਲਜ਼ਮਾਂ ਦੀ ਜ਼ਮਾਨਤ ਨੂੰ ਮਨਜ਼ੂਰ ਕੀਤਾ ਜਾਂਦਾ ਹੈ ਤਾਂ ਮੁਲਜ਼ਮ ਸਬੂਤਾਂ ਨਾਲ ਛੇੜ-ਛਾੜ ਤੋਂ ਇਲਾਵਾ ਗਵਾਹਾਂ ਨੂੰ ਧਮਕਾ ਸਕਦੇ ਹਨ, ਜਿਸ ਨਾਲ ਮਾਮਲੇ ’ਤੇ ਅਸਰ ਪੈ ਸਕਦਾ ਹੈ। ਅਦਾਲਤ ਨੇ ਦੋਵੇਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਪਟੀਸ਼ਨਾਂ ਖਾਰਜ ਕਰ ਦਿੱਤੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ