ਵਿਧਾਇਕ ਬੈਂਸ ਨੇ ਕਾਂਗਰਸ ਸਰਕਾਰ ਖਿਲਾਫ਼ ਇੱਕ ਹੋਰ ਮੋਰਚਾ ਫ਼ਤਿਹ ਕੀਤਾ

Thursday, Mar 12, 2020 - 04:10 PM (IST)

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਉਦਯੋਗਿਕ ਇਕਾਈਆਂ ਲਗਾਉਣ ਲਈ ਜੋ ਨੀਤੀ ਤਿਆਰ ਕੀਤੀ ਹੈ ਉਸ ਅਧੀਨ ਸੂਬੇ 'ਚ ਪੰਚਾਇਤੀ ਜ਼ਮੀਨ ਦੀ ਪਹਿਲੀ ਬੋਲੀ ਮਾਛੀਵਾੜਾ ਬਲਾਕ ਦੇ ਪਿੰਡ ਖਾਨਪੁਰ ਮੰਡ ਵਿਖੇ ਰੱਖੀ ਗਈ ਸੀ। ਇਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਰੱਦ ਹੋ ਗਈ ਅਤੇ ਕਾਂਗਰਸ ਸਰਕਾਰ ਖਿਲਾਫ਼ ਇੱਕ ਹੋਰ ਮੋਰਚਾ ਫ਼ਤਿਹ ਕਰ ਲਿਆ, ਜਿਸ ਕਾਰਨ ਅਧਿਕਾਰੀ  ਉੱਥੋਂ ਬੇਰੰਗ ਪਰਤ ਗਏ।
ਅੱਜ ਪਿੰਡ ਖਾਨਪੁਰ ਮੰਡ ਵਿਖੇ 20 ਏਕੜ ਪੰਚਾਇਤੀ ਜ਼ਮੀਨ 'ਤੇ ਉਦਯੋਗਿਕ ਇਕਾਈ ਵਲੋਂ ਪਰਾਲੀ ਤੋਂ ਤਿਆਰ ਹੋਣ ਵਾਲੇ ਬਾਇਓਗੈਸ ਦਾ ਪਲਾਂਟ ਲਗਾਉਣ ਦੀ ਤਜਵੀਜ਼ ਸੀ, ਜਿਸ ਸਬੰਧੀ ਇੰਡਸਟ੍ਰੀ ਵਾਲੇ ਬੋਲੀ ਦੇਣ ਲਈ ਆਏ ਸਨ ਪਰ ਮੌਕੇ 'ਤੇ ਪੁੱਜੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਲੋਕਾਂ ਨੂੰ ਨਾਲ ਲੈ ਕੇ ਡਟਵਾਂ ਵਿਰੋਧ ਕੀਤਾ, ਜਿਸ ਕਾਰਨ ਬੋਲੀ ਦੇਣ ਆਏ ਇੰਡਸਟ੍ਰੀਕਾਰ ਵੀ ਇਸ ਕਲੇਸ਼ ਤੋਂ ਬਚਦੇ ਹੋਏ ਬੋਲੀ ਦੇਣ ਤੋਂ ਮਨ੍ਹਾ ਹੀ ਕਰ ਗਏ।

PunjabKesari
ਬੋਲੀ ਰੱਦ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ 1 ਲੱਖ 53 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਮਾਫ਼ੀਆ ਨੂੰ ਸੌਂਪ ਕੇ ਪੰਜਾਬ ਦੇ ਕਿਸਾਨਾਂ ਨੂੰ ਬੇਰੋਜ਼ਗਾਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਪੰਚਾਇਤੀ ਜ਼ਮੀਨਾਂ    ਉਦਯੋਗਿਕ ਘਰਾਣਿਆਂ ਨੂੰ ਦੇਣ ਦੀ ਆੜ੍ਹ ਹੇਠ ਆਪ ਵੀ ਚੰਡੀਗੜ੍ਹ ਨੇੜ੍ਹੇ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਨੂੰ ਦੱਬਣ ਦੀ ਫਿਰਾਕ 'ਚ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਵੀ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਹੈ ਅਤੇ ਦੋਵੇਂ ਘਿਓ-ਖਿੱਚੜੀ ਹੋਏ ਇਹ ਜ਼ਮੀਨਾਂ ਹੜੱਪਣਾ ਚਾਹੁੰਦੇ ਹਨ। ਵਿਧਾਇਕ ਬੈਂਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ ਸਮੇਂ ਦੌਰਾਨ ਜੇਕਰ ਕਿਸੇ ਪੰਚਾਇਤੀ ਜ਼ਮੀਨ 'ਤੇ ਉਦਯੋਗਿਕ ਇਕਾਈ ਲੱਗੀ ਤਾਂ ਉਸ ਤੋਂ ਬਾਅਦ ਪੰਚਾਇਤ ਨੂੰ ਜ਼ਮੀਨ ਦਾ ਠੇਕਾ ਨਹੀਂ ਮਿਲਿਆ ਜੋ ਹੁਣ ਅਦਾਲਤਾਂ ਦੇ ਧੱਕੇ ਖਾ ਰਹੇ ਹਨ, ਇਸ ਲਈ ਇਹ ਜ਼ਮੀਨਾਂ ਉਦਯੋਗਿਕ ਘਰਾਣਿਆਂ ਨੇ ਹੜੱਪ ਲੈਣੀਆਂ ਹਨ ਜਿਸ ਨਾਲ ਕਿਸਾਨ ਬੇਜ਼ਮੀਨੇ ਹੋ ਜਾਣਗੇ।

ਇਹ ਵੀ ਪੜ੍ਹੋ ► ਲੈਕਚਰਾਰ ਦੀ ਨੌਕਰੀ ਛੱਡ ਗੁਰਕ੍ਰਿਪਾਲ ਬਣਿਆ ਕਿਸਾਨ, ਕਰ ਰਿਹੈ ਲੱਖਾਂ ਦੀ ਕਮਾਈ

ਵਿਧਾਇਕ ਬੈਂਸ ਨੇ ਕਿਹਾ ਕਿ ਪੰਜਾਬ 'ਚ ਕਿਤੇ ਵੀ ਜੇਕਰ ਕੈਪਟਨ ਸਰਕਾਰ ਨੇ ਪੰਚਾਇਤੀ ਜ਼ਮੀਨ ਕਿਸਾਨਾਂ ਤੋਂ ਲੈ ਕੇ ਉਦਯੋਗਿਕ ਇਕਾਈਆਂ ਨੂੰ ਦਿੱਤੀ ਤਾਂ ਉਥੇ ਲੋਕ ਇਨਸਾਫ਼ ਪਾਰਟੀ ਪੇਂਡੂ ਲੋਕਾਂ ਨੂੰ ਨਾਲ ਲੈ ਕੇ ਇਸ ਦਾ ਡਟਵਾਂ ਵਿਰੋਧ ਕਰੇਗੀ। ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ 'ਚ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ ਜਲੰਦਰ ਦੇ ਲੰਮਾ ਪਿੰਡ ਇਲਾਕੇ 'ਚ ਬਿਜਲੀ ਕੁਨੈਕਸ਼ਨ ਜੋੜਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੇ ਤਹਿਤ ਜਿਹੜੇ ਲੋਕਾਂ ਦੇ ਬਿਜਲੀ ਬਿਲ ਬਕਾਇਆ ਹੋਣ ਦੇ ਕਾਰਨ ਬਿਜਲੀ ਕੁਨੈਕਸ਼ਨ ਬਿਜਲੀ ਵਿਭਾਗ ਵੱਲੋਂ ਕੱਟ ਦਿੱਤੇ ਗਏ ਸਨ, ਉਨ੍ਹਾਂ ਨੂੰ ਦੋਬਾਰਾ ਜੋੜਿਆ ਗਿਆ।

ਸਿਮਰਜੀਤ ਸਿੰਘ ਬੈਂਸ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਬਿਜਲੀ ਕੁਨੈਕਸ਼ਨ ਜੋੜੇ ਜਾਣ ਤੋਂ ਬਾਅਦ ਵੀ ਵਿਭਾਗ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਕਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਲੋਕ ਇਨਸਾਫ ਪਾਰਟੀ ਚੁੱਕੇਗੀ ਅਤੇ ਸਾਰੇ ਖਰਚੇ ਦੀ ਭਰਪਾਈ ਵੀ ਲੋਕ ਇਨਸਾਫ ਪਾਰਟੀ ਵੱਲੋਂ ਹੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ ►  ਕਿਸਾਨਾਂ 'ਤੇ ਕੁਦਰਤ ਦਾ ਕਹਿਰ, ਪੁੱਤਾਂ ਵਾਂਗ ਪਾਲੀ ਫਸਲ ਜ਼ਮੀਨ 'ਤੇ ਵਿਛੀ (ਵੀਡੀਓ)     

ਇਹ ਵੀ ਪੜ੍ਹੋ ► ਫਾਹਾ ਲੈਣ ਵਾਲੇ ਵਿਦਿਆਰਥੀ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਖੁੱਲ੍ਹੇ ਸਕੂਲ ਦੇ ਰਾਜ਼
 

 


Anuradha

Content Editor

Related News