ਦਿਨਕਰ ਗੁਪਤਾ ਦੇ ਡੀ. ਜੀ. ਪੀ. ਬਣਨ ''ਤੇ ਜਾਣੋ ਕੀ ਬੋਲੇ ਸਿਮਰਜੀਤ ਸਿੰਘ ਬੈਂਸ
Thursday, Feb 07, 2019 - 06:28 PM (IST)

ਲੁਧਿਆਣਾ (ਨਰਿੰਦਰ)— ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਲੈ ਕੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੂੰ ਸੁਰੇਸ਼ ਅਰੋੜਾ ਦੀ ਫੋਟੋਕਾਪੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਬੀਤੇ ਕੁਝ ਦਿਨਾਂ ਤੋਂ ਆ ਰਹੀਆਂ ਖਬਰਾਂ ਤੋਂ ਸਪਸ਼ਟ ਹੋ ਚੁੱਕਾ ਸੀ ਕਿ ਦਿਨਕਰ ਗੁਪਤਾ ਹੀ ਅਗਲੇ ਡੀ. ਜੀ. ਪੀ. ਹੋਣਗੇ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਗੁਪਤਾ ਪਿਛਲੇ ਸਮੇਂ 'ਚ ਕੀਤੀਆਂ ਗਈਆਂ ਗਲਤੀਆਂ ਨੂੰ ਨਹੀਂ ਦੋਹਰਾਉਣਗੇ ਅਤੇ ਨਿਰਪੱਖ ਅਧਿਕਾਰੀ ਬਣ ਕੇ ਸੂਬੇ 'ਚ ਪੁਲਸ ਦੇ ਕੰਮ ਨੂੰ ਅੱਗੇ ਵਧਾਉਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਨਸ਼ਾ, ਮਾਫੀਆ ਸਮੇਤ ਕਈ ਸਮੱਸਿਆਵਾਂ ਹਨ, ਜਿਨ੍ਹਾਂ ਦਾ ਪੁਲਸ ਨੂੰ ਡਟ ਕੇ ਮੁਕਾਬਲਾ ਕਰਨਾ ਹੋਵੇਗਾ।
ਕਾਂਗਰਸ ਪਾਰਟੀ 'ਚ ਆਏ ਦਿਨ ਉਮੀਦਵਾਰਾਂ ਦੀ ਦਾਅਵੇਦਾਰੀ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ ਅਤੇ ਹਰ ਕਿਸੇ ਨੂੰ ਟਿਕਟ ਦਾ ਦਾਅਵਾ ਪੇਸ਼ ਕਰਨ ਦਾ ਅਧਿਕਾਰ ਹੈ ਪਰ ਇਸ ਨਾਲ ਸਾਫ ਤੌਰ 'ਤੇ ਕਾਂਗਰਸ ਪਾਰਟੀ ਉੱਤੇ ਸੂਬਾ ਪੱਧਰ 'ਤੇ ਫਰਕ ਪਵੇਗਾ। ਅਕਾਲੀ ਦਲ ਟਕਸਾਲੀ 'ਚ ਸ਼ਾਮਲ ਹੋਏ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿਘ ਅਤੇ ਸਾਬਕਾ ਫੌਜ ਮੁਖੀ ਜਨਰਲ ਜੇ. ਜੇ. ਸਿੰਘ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਗਠਜੋੜ ਨੂੰ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਗਠਜੋੜ 'ਚ ਸ਼ਾਮਲ ਹਰ ਪਾਰਟੀ ਆਪਣੇ ਅੰਦਰੂਨੀ ਮਾਮਲਿਆਂ 'ਚ ਫੈਸਲਾ ਲੈਣ ਨੂੰ ਲੈ ਕੇ ਆਜ਼ਾਦ ਹੈ। ਗਠਜੋੜ ਦੇ ਉਮੀਦਵਾਰਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਗਠਜੋੜ ਦੀਆਂ 7 ਸੀਟਾਂ 'ਤੇ ਆਮ ਸਹਿਮਤੀ ਹੋ ਚੁੱਕੀ ਹੈ ਜੋਕਿ ਬਾਕੀ ਦੀਆਂ 6 ਸੀਟਾਂ 'ਤੇ ਵੀ ਜਲਦੀ ਹੀ ਫੈਸਲਾ ਲਿਆ ਜਾਵੇਗਾ।