ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ 'ਤੇ ਬੋਲੇ ਬੈਂਸ, 'ਅਦਾਲਤ 'ਚ ਪੇਸ਼ ਕਰਾਂਗਾ ਸਬੂਤ'

Tuesday, Feb 18, 2020 - 10:11 AM (IST)

ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ 'ਤੇ ਬੋਲੇ ਬੈਂਸ, 'ਅਦਾਲਤ 'ਚ ਪੇਸ਼ ਕਰਾਂਗਾ ਸਬੂਤ'

ਲੁਧਿਆਣਾ (ਨਰਿੰਦਰ) : ਪਟਿਆਲਾ ਅਦਾਲਤ ਵਲੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੰਦਿਆਂ ਬੈਂਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਅਦਾਲਤ ਵਲੋਂ ਕਿਸੇ ਤਰ੍ਹਾਂ ਦਾ ਕੋਈ ਚਿੱਠੀ-ਪੱਤਰ ਨਹੀਂ ਆਇਆ ਹੈ ਅਤੇ ਨਾ ਹੀ ਕੋਈ ਅਧਿਕਾਰੀ ਉਨ੍ਹਾਂ ਨੂੰ ਮਿਲਿਆ ਹੈ। ਬੈਂਸ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਖਿਲਾਫ ਆਪਣੇ ਪੱਖ 'ਤੇ ਉਹ ਅੱਜ ਵੀ ਕਾਇਮ ਹਨ।

ਉਨ੍ਹਾਂ ਕਿਹਾ ਕਿ ਉਹ ਅਦਾਲਤ ਦਾ ਸਨਮਾਨ ਕਰਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਵਾਰੰਟ ਮਿਲੇਗਾ, ਉਹ ਅਦਾਲਤ 'ਚ ਪੇਸ਼ ਹੋ ਕੇ ਪੂਰੇ ਸਬੂਤ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਬ੍ਰਹਮ ਮਹਿੰਦਰਾ ਵਲੋਂ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਉਨ੍ਹਾਂ ਖਿਲਾਫ ਇਹ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਖਿਲਾਫ ਦਵਾਈਆਂ ਦੀ ਕੰਪਨੀ ਸਬੰਧੀ ਦੋਸ਼ ਲਾਏ ਗਏ ਸਨ, ਜਦੋਂ ਕਿ ਬ੍ਰਹਮ ਮਹਿੰਦਰਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਪੱਲਾ ਸਾਫ ਹੈ ਅਤੇ ਅਜਿਹੇ ਦੋਸ਼ ਲਾ ਕੇ ਵਿਧਾਇਕ ਬੈਂਸ ਨੇ ਸੁਰਖੀਆਂ ਬਟੋਰਨ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਇਕ ਅਗਸਤ, 2018 ਨੂੰ ਬੈਂਸ ਖਿਲਾਫ ਪਟਿਆਲਾ ਦੀ ਅਦਾਲਤ 'ਚ ਕੇਸ ਦਰਜ ਕੀਤਾ ਸੀ। ਸੰਗਰੂਰ 'ਚ ਭਿਆਨਕ ਬੱਸ ਹਾਦਸੇ ਦੌਰਾਨ ਹੋਈ 4 ਬੱਚਿਆਂ ਦੀ ਮੌਤ 'ਤੇ ਸਿਮਰਜੀਤ ਬੈਂਸ ਵਲੋਂ ਦੁੱਖ ਜਤਾਇਆ ਗਿਆ ਹੈ। ਬੈਂਸ ਨੇ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਬਟਾਲਾ ਦੀ ਪਟਾਕਾ ਫੈਕਟਰੀ 'ਚ ਧਮਾਕਾ, ਅੰਮ੍ਰਿਤਸਰ 'ਚ ਦੁਸਹਿਰੇ ਦੇ ਦਿਨ ਦਰਦਨਾਕ ਹਾਦਸੇ ਨੂੰ ਲੈ ਕੇ ਅਜੇ ਤੱਕ ਕੋਈ ਰਿਪੋਰਟ ਨਾ ਆਉਣ 'ਤੇ ਵੀ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼ ਨੂੰ ਅੱਖਾਂ ਦਾ ਧੋਖਾ ਦੇਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
 


author

Babita

Content Editor

Related News