ਸਿਮਰਜੀਤ ਸਿੰਘ ਬੈਂਸ ਦੀ ਕੈਪਟਨ ਨੂੰ 21 ਲੱਖ ਦੀ ਚੁਣੌਤੀ (ਵੀਡੀਓ)
Monday, Jul 15, 2019 - 06:56 PM (IST)
ਕਪੂਰਥਲਾ (ਮਹਾਜਨ)— ਪੰਜਾਬ ਨੂੰ ਬੰਜਰ ਹੋਣ ਅਤੇ ਕੰਗਾਲੀ ਤੋਂ ਬਚਾਉਣ ਲਈ ਲੋਕ ਇਨਸਾਫ ਪਾਰਟੀ ਵੱਲੋਂ ਜਨ ਅੰਦੋਲਨ 'ਸਾਡਾ ਪਾਣੀ-ਸਾਡਾ ਹੱਕ' ਮੁਹਿੰਮ ਦੇ ਤਹਿਤ ਬਸੰਤ ਹੋਟਲ 'ਚ ਸਮਾਗਮ ਦਾ ਆਯੋਜਨ ਕੀਤਾ ਗਿਆ। ਸੰਬੋਧਨ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਪਾਣੀ ਦਾ ਪੱਧਰ ਥੱਲੇ ਡਿੱਗ ਰਿਹਾ ਹੈ, ਕਿਸੇ ਸਮੇਂ ਕਹਾਵਤ ਸੀ ਕਿ ਦਿੱਲੀ ਦਾ ਦੁੱਧ ਅਤੇ ਪੰਜਾਬ ਦਾ ਪਾਣੀ ਮਸ਼ਹੂਰ ਹੁੰਦਾ ਸੀ ਪਰ ਇਸ ਕੁਦਰਤੀ ਖਜ਼ਾਨੇ ਨੂੰ ਖਰਾਬ ਕੀਤਾ ਜਾ ਰਿਹਾ ਹੈ। ਪੰਜਾਬ ਦਾ ਪਾਣੀ ਹੋਰਨਾਂ ਸੂਬਿਆਂ ਨੂੰ ਮੁਫਤ 'ਚ ਦਿੱਤਾ ਜਾ ਰਿਹਾ ਹੈ, ਜਦਕਿ ਹੋਰ ਸੂਬੇ ਆਪਣਾ ਕੁਦਰਤੀ ਖਜ਼ਾਨਾ ਕਿਸੇ ਨੂੰ ਫਰੀ ਨਹੀਂ ਦਿੰਦੇ ਤਾਂ ਪੰਜਾਬ ਦਾ ਪਾਣੀ ਫਰੀ ਕਿਉਂ? ਬੈਂਸ ਨੇ ਕਿਹਾ ਕਿ ਇਕੱਲੇ ਰਾਜਸਥਾਨ ਕੋਲੋਂ 16 ਲੱਖ ਕਰੋੜ ਰੁਪਏ ਪਾਣੀ ਦੀ ਕੀਮਤ ਵਸੂਲਣੀ ਹੈ। ਇਸ ਦੇ ਲਈ ਉਨ੍ਹਾਂ ਨੇ ਪੂਰੇ ਪੰਜਾਬ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਜਨ ਅੰਦੋਲਨ ਤਹਿਤ ਆਪਣੇ ਦਸਤਖਤ ਕਰਕੇ ਪੰਜਾਬ ਅਤੇ ਪੰਜਾਬੀਅਤ ਦੇ ਪ੍ਰਤੀ ਆਪਣਾ ਫਰਜ਼ ਨਿਭਾਓ। ਉਨ੍ਹਾਂ ਕਿਹਾ ਕਿ ਇਸ ਜਨ ਅੰਦੋਲਨ ਦੇ ਤਹਿਤ ਪੰਜਾਬ ਦੇ 21 ਲੱਖ ਲੋਕਾਂ ਤੋਂ ਦਸਤਖਤ ਕਰਵਾ ਕੇ ਇਕ ਪਟੀਸ਼ਨ ਦੇ ਰੂਪ 'ਚ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ 'ਚ ਕੇਸ ਦਾਇਰ ਕੀਤਾ ਜਾਵੇਗਾ। ਜਿਸ ਨਾਲ ਪੰਜਾਬ ਸਰਕਾਰ ਨੂੰ ਪਾਣੀ ਦੀ ਕੀਮਤ ਲੈਣ ਲਈ ਮਜਬੂਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਰਾਜਸਥਾਨ ਨੂੰ ਫਰੀ 'ਚ ਜਾ ਰਹੇ ਪਾਣੀ ਨੂੰ ਬੰਦ ਕਰ ਕੇ ਪਾਣੀ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਦਿੱਤਾ ਜਾਵੇ, ਜਿਸ ਨਾਲ ਪੰਜਾਬ ਦੀ ਧਰਤੀ ਦੇ ਥੱਲੇ ਪਾਣੀ ਕੱਢ ਰਹੇ ਲੱਖਾਂ ਟਿਊਬਵੈੱਲਾਂ ਨੂੰ ਬੰਦ ਕਰਕੇ ਇਹ ਪਾਣੀ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਸਹਾਇਕ ਹੋਵੇ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਕਿਸਾਨਾਂ ਬਿਜਲੀ, ਡੀਜ਼ਲ, ਨਵੇਂ ਟਿਊਬਵੈੱਲ, ਰਿਪੇਅਰ, ਖਾਦ-ਕੀਟਨਾਸ਼ਕ 'ਤੇ ਹੁੰਦੇ ਸਾਲਾਨਾ ਕਰੀਬ 20 ਹਜ਼ਾਰ ਕਰੋੜ ਰੁਪਏ ਦੇ ਖਰਚ ਨੂੰ ਬਚਾਉਂਦੇ ਹੋਏ ਪੰਜਾਬ ਨੂੰ ਬੰਜਰ ਤੇ ਕੰਗਾਲ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜਦੋਂ ਪਾਣੀ ਦਾ ਪੈਸਾ ਹੋਰਨਾਂ ਸੂਬਿਆਂ ਤੋਂ ਵਸੂਲ ਹੋਵੇਗਾ ਤਾਂ ਪੰਜਾਬ ਸੂਬਾ ਕਿਸਾਨ ਤੇ ਦਲਿਤ ਮਜ਼ਦੂਰ ਹੋਵੇਗਾ ਕਰਜ਼ਾ ਮੁਕਤ, ਪ੍ਰਾਈਵੇਟ ਸਕੂਲ ਤੇ ਕਾਲਜਾਂ 'ਚ ਸਿੱਖਿਆ ਤੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਹੋਵੇਗਾ ਫਰੀ, ਹਰ ਬੇਘਰ ਦੇ ਕੋਲ ਹੋਵੇਗਾ ਆਪਣਾ ਮਕਾਨ ਤੇ ਬੁਢਾਪਾ, ਵਿਧਵਾ ਪੈਨਸ਼ਨ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ, ਵਪਾਰ ਤੇ ਉਦਯੋਗ ਦੇ ਲਈ ਟੈਕਸ ਮੁਕਤ ਸੂਬਾ ਤੇ ਮੁਫਤ ਦੇ ਭਾਅ ਬਿਜਲੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਕੀਮਤ ਪੰਜਾਬ ਦਾ ਕਾਨੂੰਨੀ ਅਧਿਕਾਰ ਹੈ।
ਉਨ੍ਹਾਂ ਕਿਹਾ ਕਿ 16 ਨਵੰਬਰ 2016 ਨੂੰ ਪਾਣੀ ਦੀ ਕੀਮਤ ਵਸੂਲਣ ਲਈ ਪੰਜਾਬ ਵਿਧਾਨ ਸਭਾ 'ਚ ਪਾਸ ਕੀਤਾ ਇਤਿਹਾਸਕ ਪ੍ਰਸਤਾਵ ਨੂੰ ਲਾਗੂ ਕਰਵਾਉਣ ਲਈ ਸੂਬੇ ਦੇ ਲੋਕਾਂ ਦੇ ਦਸਤਖਤ ਕਰਵਾ ਕੇ ਇਕ ਪਟੀਸ਼ਨ ਦੇ ਰੂਪ 'ਚ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ 'ਚ ਮਾਮਲਾ ਦਾਇਰ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਦੂਲੋਵਾਲ, ਦੋਆਬਾ ਜ਼ੋਨ ਦੇ ਗੁਰਚਰਨ ਕਪੂਰ, ਕੈਪਟਨ ਰਤਨ ਸਿੰਘ, ਗੁਰਮੀਤ ਸਿੰਘ, ਜਰਨੈਲ ਨੰਗਲ, ਨਛੱਤਰ ਸਿੰਘ, ਰਾਜਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਮੁਖ ਸਿੰਘ, ਗੁਰਮੀਤ ਸਿੰਘ, ਹਰਵਿੰਦਰ ਸਿੰਘ ਬਾਬਾ, ਜਤਿੰਦਰ ਸਿੰਘ, ਅਵਤਾਰ ਸਿੰਘ ਥਿੰਦ, ਗੁਰਚਰਨ ਸਿੰਘ ਫੌਜੀ ਆਦਿ ਹਾਜ਼ਰ ਸਨ।