ਮਜੀਠੀਆ ਨਾਲ ਲੜਦੇ 'ਸਿੱਧੂ' ਸਾਹੋ-ਸਾਹੀ ਹੋਏ, ਕਿਸੇ ਨੇ ਪਾਣੀ ਤੱਕ ਨਾ ਪੁੱਛਿਆ : ਬੈਂਸ (ਵੀਡੀਓ)

02/19/2019 4:55:35 PM

ਲੁਧਿਆਣਾ (ਨਰਿੰਦਰ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਬੀਤੇ ਦਿਨ ਵਿਧਾਨ ਸਭਾ 'ਚ ਬਜਟ ਪੇਸ਼ ਕਰਨ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਹੋਈ ਜੰਗ ਦੀ ਅਸਲ ਕਹਾਣੀ ਦੱਸੀ ਹੈ। ਬੈਂਸ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਕੀਤੇ ਹਨ, ਇਕ ਤਾਂ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਢਾਹ ਲਿਆ ਤੇ ਦੂਜਾ ਆਪਣੇ ਸ਼ਰੀਕ ਮਨਪ੍ਰੀਤ ਬਾਦਲ ਨੂੰ ਬਜਟ ਭਾਸ਼ਣ ਪੜ੍ਹਨ ਦੌਰਾਨ ਪਰੇਸ਼ਾਨ ਕਰ ਦਿੱਤਾ। ਬੈਂਸ ਨੇ ਦੱਸਿਆ ਕਿ ਨਵਜੋਤ ਸਿੱਧੂ ਦਾ ਕਿਸੇ ਵੀ ਕਾਂਗਰਸੀ ਮੰਤਰੀ ਜਾਂ ਵਿਧਾਇਕ ਨੇ ਭੋਰਾ ਸਾਥ ਨਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਮਜੀਠੀਆ ਨਾਲ ਲੜਦੇ ਸਿੱਧੂ ਜਦੋਂ ਸਾਹੋ-ਸਾਹੀ ਹੋਏ ਪਏ ਸਨ ਤਾਂ ਉਸ ਸਮੇਂ ਵੀ ਕਿਸੇ ਨੇ ਉਨ੍ਹਾਂ ਨੂੰ ਪਾਣੀ ਤੱਕ ਨਹੀਂ ਪੁੱਛਿਆ ਸੀ। ਸਿਮਰਜੀਤ ਬੈਂਸ ਨੇ ਕਿਹਾ ਕਿ ਜਦੋਂ ਕਾਂਗਰਸ ਪਾਰਟੀ ਨੇ ਆਪਣੀ ਘੀਸੀ ਹੁੰਦੀ ਦੇਖੀ ਤਾਂ ਫਿਰ ਜਾ ਕੇ ਨਵਜੋਤ ਸਿੱਧੂ ਦੀ ਹਮਾਇਤ 'ਚ ਆਏ। ਉਨ੍ਹਾਂ ਕਿਹਾ ਕਿ ਕੈਪਟਨ ਪਰਿਵਾਰ, ਬਾਦਲ ਪਰਿਵਾਰ ਨਾਲ ਪੂਰੀ ਤਰ੍ਹਾਂ ਮਿਲਿਆ ਹੋਇਆ ਹੈ, ਜਿਸ ਕਾਰਨ ਮਜੀਠੀਆ ਖਿਲਾਫ ਕੈਪਟਨ ਕੋਈ ਕਾਰਵਾਈ ਨਹੀਂ ਕਰ ਰਹੇ। ਸਿਮਰਜੀਤ ਬੈਂਸ ਨੇ ਕਿਹਾ ਕਿ ਵਿਧਾਨ ਸਭਾ 'ਚ ਸਿੱਧੂ ਨਾਲ ਤਾਂ ਬਹੁਤ ਮਾੜੀ ਹੋਈ ਹੈ ਅਤੇ ਵਜ਼ੀਰਾਂ ਨੇ ਤਾਂ ਕੀ ਉਨ੍ਹਾਂ ਦਾ ਸਾਥ ਦੇਣਾ ਸੀ, ਕੋਈ ਵਿਧਾਇਕ ਵੀ ਉੱਠ ਕੇ ਉਨ੍ਹਾਂ ਨਾਲ ਖੜ੍ਹਾ ਨਹੀਂ ਹੋਇਆ। 


Babita

Content Editor

Related News