ਸਿਮਰਜੀਤ ਬੈਂਸ ਦੇ ਬਿਆਨ ਕਾਰਨ ''ਪੀ. ਡੀ. ਏ.'' ''ਚ ਉੱਭਰੀਆਂ ਤਰੇੜਾਂ

01/24/2019 2:48:54 PM

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ 'ਪੰਜਾਬ ਡੈਮੋਕ੍ਰੇਟਿਕ ਅਲਾਇੰਸ' 'ਚ ਸ਼ਾਮਲ ਹੋਣ ਦੇ ਇਕ ਦਿਨ ਬਾਅਦ ਗਠਜੋੜ 'ਚ ਕੁਝ ਤਰੇੜਾਂ ਦਿਖਾਈ ਦੇਣ ਲੱਗ ਪਈਆਂ ਹਨ। ਸਿਆਸੀ ਹਲਕਿਆਂ 'ਚ ਅਜਿਹਾ ਅਹਿਸਾਸ ਉਸ ਸਮੇਂ ਹੋਇਆ, ਜਦੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਲਾਇੰਸ 'ਚ ਸ਼ਾਮਲ ਹੋਣ ਦਾ ਸੱਦਾ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਸੀ। ਇਸ ਅਲਾਇੰਸ 'ਚ ਆਮ ਆਦਮੀ ਪਾਰਟੀ ਤੋਂ ਬਗਾਵਤ ਕਰ ਕੇ ਵੱਖ ਹੋਣ ਤੋਂ ਬਾਅਦ 'ਪੰਜਾਬੀ ਏਕਤਾ ਪਾਰਟੀ' ਕਾਇਮ ਕਰ ਚੁੱਕੇ ਸੁਖਪਾਲ ਸਿੰਘ ਖਹਿਰਾ, ਪਟਿਆਲਾ ਤੋਂ ਐੱਮ. ਪੀ. ਡਾ. ਧਰਮਵੀਰ ਗਾਂਧੀ ਤੇ ਬਹੁਜਨ ਸਮਾਜ ਪਾਰਟੀ ਵੀ ਸ਼ਾਮਲ ਹੈ। ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਬੈਂਸ ਨੇ ਕਿਹਾ ਕਿ ਉਹ ਪੀ. ਡੀ. ਏ. 'ਚ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਹਾਲਤ 'ਚ ਸ਼ਾਮਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਜਿਹੀ ਪੇਸ਼ਕਸ਼ ਕਰਨ ਤੋਂ ਪਹਿਲਾਂ ਬ੍ਰਹਮਪੁਰਾ ਨੇ ਉਨ੍ਹਾਂ ਨੂੰ ਭਰੋਸੇ 'ਚ ਨਹੀਂ ਲਿਆ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਫੋਨ ਕਾਲ ਭਗਵੰਤ ਮਾਨ ਨੂੰ ਕੀਤੀ ਜਾਂਦੀ ਦੱਸੀ ਜਾਂਦੀ ਹੈ, ਉਹ ਉਨ੍ਹਾਂ ਸਾਹਮਣੇ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਨੇ ਇਹ ਕਾਲ ਨੇੜਲੇ ਕਮਰੇ 'ਚ ਕੀਤੀ ਹੋਣੀ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗੀ ਹੈ, ਉਸ ਸਮੇਂ ਤੋਂ ਉਹ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਇਸ ਬਾਰੇ ਜਦੋਂ ਬ੍ਰਹਮਪੁਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਮੀਟਿੰਗ ਦੌਰਾਨ ਗਠਜੋੜ ਦੇ ਆਗੂਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਪਾਰਟੀ ਨੂੰ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਾਦ ਨਹੀਂ ਹੈ ਕਿ ਉਸ ਵੇਲੇ ਬੈਂਸ ਉਸ ਕਮਰੇ 'ਚ ਮੌਜੂਦ ਸਨ ਤਾਂ ਨਹੀਂ।


Babita

Content Editor

Related News