ਸ਼੍ਰੋਮਣੀ ਕਮੇਟੀ ਨੇ ਸਿਕਲੀਗਰ ਸਿੱਖਾਂ ਦੀ ਫੜੀ ਬਾਂਹ : ਬੇਦੀ

12/04/2018 4:35:06 PM

ਅੰਮ੍ਰਿਤਸਰ (ਦੀਪਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਸ਼ਟਰ ਦੇ ਜ਼ਿਲਾ ਪਰਭਾਣੀ ਦੇ ਪਿੰਡ ਬਲਸਾ ਵਿਖੇ ਪੁਲਸ ਪ੍ਰਸ਼ਾਸਨ ਵਲੋਂ ਸਿਕਲੀਗਰ ਸਿੱਖਾਂ ਦੇ ਘਰ ਢਾਹੇ ਜਾਣ ਅਤੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਨੁਕਸਾਨ ਕਰਨ ਦਾ ਸਖ਼ਤ ਨੋਟਿਸ ਲਿਆ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਪ੍ਰੈੱਸ ਬਿਆਨ 'ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਿਕਲੀਗਰ ਸਿੱਖ ਗੁਰੂ ਸਾਹਿਬਾਨ ਦੇ ਸਮੇਂ ਤੋਂ ਸਿੱਖ ਸਮਾਜ ਦਾ ਅਹਿਮ ਅੰਗ ਰਹੇ ਹਨ ਪਰ ਦੁੱਖ ਦੀ ਗੱਲ ਹੈ ਕਿ ਸਮੇਂ-ਸਮੇਂ ਸਿਕਲੀਗਰ ਸਿੱਖਾਂ ਨੂੰ ਦਬਾਇਆ ਜਾਂਦਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾ 'ਚ ਮਹਾਰਾਸ਼ਟਰ ਜ਼ਿਲੇ ਦੇ ਪਿੰਡ ਬਲਸਾ 'ਚ ਸਿਕਲੀਗਰ ਸਿੱਖਾਂ ਨੂੰ ਤੰਗ ਕੀਤੇ ਜਾਣ ਦੀ ਖ਼ਬਰ ਹੈ, ਜਿਸ ਦੀ ਸ਼੍ਰੋਮਣੀ ਕਮੇਟੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੀ ਹੈ। ਇਸ ਮਾਮਲੇ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨਾਲ ਵਿਚਾਰ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਮਾਮਲੇ ਦੀ ਮੁਕੰਮਲ ਜਾਣਕਾਰੀ ਲਈ ਛੱਤੀਸਗੜ੍ਹ ਸਿੱਖ ਮਿਸ਼ਨ ਦੇ ਇੰਚਾਰਜ ਦੀ ਡਿਊਟੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਕਲੀਗਰ ਸਿੱਖ ਜੋ ਪਹਿਲਾਂ ਹੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ, ਨੂੰ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਤੇ ਬੇਘਰ ਕਰਨਾ ਠੀਕ ਨਹੀਂ ਹੈ। ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਮਹਾਰਾਸ਼ਟਰ ਸਰਕਾਰ ਨਾਲ ਰਾਬਤਾ ਵੀ ਬਣਾਉਣਗੇ। ਉਨ੍ਹਾਂ ਵਿਸਥਾਰ 'ਚ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਸਿਕਲੀਗਰ ਸਿੱਖ ਬੱਚਿਆਂ ਦੀਆਂ ਸਕੂਲੀ ਫੀਸਾਂ ਦਿੱਤੀਆਂ ਜਾ ਰਹੀਆਂ ਹਨ। ਬੀਤੇ ਸਾਲ ਸ਼੍ਰੋਮਣੀ ਕਮੇਟੀ ਦੇ ਇਕ ਵਫ਼ਦ ਵਲੋਂ ਵਿਸ਼ਾਖਾਪਟਨਮ ਜਾ ਕੇ 84 ਬੱਚਿਆਂ ਦੀ ਸਾਲ ਭਰ ਦੀ ਫੀਸ ਸਕੂਲਾਂ ਨੂੰ ਸਿੱਧੀ ਦਿੱਤੀ ਗਈ, ਜੋ ਲਗਭਗ 8 ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਰਾਏਪੁਰ (ਛੱਤੀਸਗੜ੍ਹ) ਵਿਖੇ 80 ਬੱਚਿਆਂ ਦੀਆਂ ਫੀਸਾਂ ਦਿੱਤੀਆਂ ਗਈਆਂ।


rajwinder kaur

Content Editor

Related News