ਭਾਰਤ ਦੇ ਤਾਂਤਰਿਕਾਂ ਨੇ ਕੈਨੇਡਾ ''ਚ ਵੀ ਪਸਾਰੇ ਪੈਰ, ਪ੍ਰਵਾਸੀ ਸਿੱਖਾਂ ਨੇ ਕੁਝ ਇਸ ਤਰ੍ਹਾਂ ਭੰਨਿਆ ਭਾਂਡਾ

Monday, Aug 14, 2017 - 09:34 PM (IST)

ਭਾਰਤ ਦੇ ਤਾਂਤਰਿਕਾਂ ਨੇ ਕੈਨੇਡਾ ''ਚ ਵੀ ਪਸਾਰੇ ਪੈਰ, ਪ੍ਰਵਾਸੀ ਸਿੱਖਾਂ ਨੇ ਕੁਝ ਇਸ ਤਰ੍ਹਾਂ ਭੰਨਿਆ ਭਾਂਡਾ

ਚੰਡੀਗੜ੍ਹ/ਮਾਛੀਵਾੜਾ ਸਾਹਿਬ (ਟੱਕਰ)-ਭਾਰਤ 'ਚ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚ ਫਸਾ ਕੇ ਅਖੌਤੀ ਤਾਂਤਰਿਕਾਂ ਵਲੋਂ ਠੱਗੀ ਮਾਰਨ ਦਾ ਸਿਲਸਿਲਾ ਚੱਲਦਾ ਆ ਰਿਹਾ ਸੀ ਪਰ ਹੁਣ ਇਹ ਤਾਂਤਰਿਕ ਕੈਨੇਡਾ ਵਿਚ ਜਾ ਕੇ ਵੀ ਲੋਕਾਂ ਨਾਲ ਠੱਗੀਆਂ ਮਾਰਨ ਲਗ ਪਏ ਹਨ, ਜਿਸਦਾ ਭਾਂਡਾ ਉਥੇ ਵਸਦੇ ਸਿੱਖਾਂ ਨੇ ਭੰਨ ਦਿੱਤਾ, ਜਿਸ ਕਾਰਨ ਇਕ ਅਖੌਤੀ ਤਾਂਤਰਿਕ ਨੇ ਮੁਆਫੀ ਮੰਗ ਕੇ ਆਪਣੀ ਜਾਨ ਛੁਡਾਈ ਤੇ ਠੱਗੀ ਦੀ ਦੁਕਾਨਦਾਰੀ ਬੰਦ ਕਰ ਦਿੱਤੀ।
ਕੈਨੇਡਾ ਦੇ ਸਰੀ ਸ਼ਹਿਰ ਵਿਖੇ ਵੀ ਅਜਿਹਾ ਇਕ ਮਾਮਲਾ ਸਾਹਮਣੇ ਆਇਆ ਜਿਥੇ ਭਾਰਤ ਦੇ ਕਰਨਾਟਕਾ ਸੂਬੇ ਤੋਂ ਗਿਆ ਇਕ ਤਾਂਤਰਿਕ ਉਥੇ ਇਕ ਕੋਠੀ ਵਿਚ ਲੋਕਾਂ ਨੂੰ 'ਪੁੱਛਾਂ' ਦੇ ਕੇ ਤੇ ਜਾਦੂ ਟੋਟਕੇ ਕਰਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਦਾਅਵਾ ਕਰਨ ਲਗ ਪਿਆ।
ਸਰੀ 'ਚ ਤਰਕਸ਼ੀਲ ਸੁਸਾਇਟੀ ਦੇ ਆਗੂ ਅਵਤਾਰ ਸਿੰਘ ਗਿੱਲ ਦੇ ਕਹਿਣ ਦੇ ਬਾਵਜੂਦ ਵੀ ਇਸ ਅਖੌਤੀ ਤਾਂਤਰਿਕ ਨੇ ਆਪਣੀ ਦੁਕਾਨਦਾਰੀ ਬੰਦ ਨਾ ਕੀਤੀ ਤੇ ਫਿਰ ਸੁਸਾਇਟੀ ਦੀ ਇਕ ਮੈਂਬਰ ਨੂੰ ਇਸ ਅਖੌਤੀ ਤਾਂਤਰਿਕ ਕੋਲ ਗਾਹਕ ਬਣਾ ਕੇ ਭੇਜਿਆ ਗਿਆ। ਬਲਜਿੰਦਰ ਕੌਰ ਨੇ ਇਸ ਤਾਂਤਰਿਕ ਨੂੰ ਆਪਣਾ ਹੱਥ ਦਿਖਾਇਆ, ਆਪਣੀ ਜਨਮ ਮਿਤੀ, ਆਪਣੇ ਵਿਆਹ ਤੇ ਬੱਚਿਆਂ ਬਾਰੇ ਸਾਰੀ ਗਲਤ ਜਾਣਕਾਰੀ ਦਿੱਤੀ। 
ਅਖੌਤੀ ਤਾਂਤਰਿਕ ਨੇ ਬਲਜਿੰਦਰ ਕੌਰ ਨੂੰ ਕਿਹਾ ਕਿ ਉਸ 'ਤੇ ਕਾਲੇ ਜਾਦੂ ਦਾ ਸਾਇਆ ਹੈ, ਜਿਸ ਨੂੰ ਦੂਰ ਕਰਨ ਲਈ 1600 ਡਾਲਰ ਖਰਚ ਕਰਨੇ ਪੈਣਗੇ ਤੇ ਸੌਦਾ 1400 ਡਾਲਰ ਵਿਚ ਤੈਅ ਹੋ ਗਿਆ। ਤਾਂਤਰਿਕ ਨੇ ਬਲਜਿੰਦਰ ਕੌਰ ਨੂੰ ਇਕ ਸਿੱਕਾ ਤੇ ਇਕ ਤਾਂਬੇ ਦੀ ਚੀਜ਼ ਦਿੱਤੀ ਤੇ ਕਿਹਾ ਕਿ ਉਸ ਵਲੋਂ ਕੀਤੇ ਗਏ 'ਉਪਾਅ' ਨਾਲ ਉਸ ਉਪਰੋਂ ਕਾਲੇ ਯਾਦੂ ਦਾ ਅਸਰ ਖਤਮ ਹੋ ਜਾਵੇਗਾ ਤੇ ਬਲਜਿੰਦਰ ਕੌਰ ਨੂੰ ਡਾਲਰਾਂ ਦੀ ਕਮੀ ਵੀ ਨਹੀਂ ਆਵੇਗੀ। 
ਦੂਸਰੇ ਦਿਨ ਅਵਤਾਰ ਸਿੰਘ ਗਿੱਲ ਆਪਣੀ ਮੈਂਬਰ ਬੀਬੀ ਬਲਜਿੰਦਰ ਕੌਰ ਨੂੰ ਨਾਲ ਲੈ ਕੇ ਅਖੌਤੀ ਤਾਂਤਰਿਕ ਕੋਲ ਗਏ ਤੇ ਲੋਕਾਂ ਸਾਹਮਣੇ ਉਸਦੀ ਠੱਗੀ ਦਾ ਭਾਂਡਾ ਭੰਨਿਆ। ਸਿੱਖ ਤਰਕਸ਼ੀਲ ਆਗੂਆਂ ਨੇ ਤੱਥਾਂ ਦੇ ਆਧਾਰ 'ਤੇ ਇਸ ਦੀ ਠੱਗੀ ਦਾ ਭਾਂਡਾ ਭੰਨ ਕੇ ਇਸ ਦੀ ਦੁਕਾਨਦਾਰੀ ਵੀ ਹਮੇਸ਼ਾ ਲਈ ਬੰਦ ਕਰਵਾ ਦਿੱਤੀ।
 


Related News