ਸਿੱਖ ਸਮਾਜ ''ਚ ਮਹਿੰਗੇ ਵਿਆਹਾਂ ਤੇ ਫਾਲਤੂ ਖਰਚਿਆਂ ''ਤੇ ਲੱਗੇਗੀ ਬ੍ਰੇਕ
Saturday, Sep 09, 2017 - 03:38 AM (IST)
ਲੁਧਿਆਣਾ(ਖੁਰਾਣਾ)-ਵੱਡੇ ਘਰਾਣਿਆਂ 'ਚ ਹੋਣ ਵਾਲੇ ਵਿਆਹ-ਸ਼ਾਦੀਆਂ ਦੀ ਚਮਕ ਅਤੇ ਡੀ. ਜੇ. ਦੇ ਗੀਤਾਂ ਦੀਆਂ ਧੁਨਾਂ 'ਤੇ ਥਿਰਕਦੇ ਹੋਏ ਪਾਣੀ ਵਾਂਗ ਨੋਟ ਲੁਟਾਉਣ ਦੀਆਂ ਰਿਵਾਇਤਾਂ 'ਤੇ ਇੰਟਰਨੈਸ਼ਨਲ ਪੰਜਾਬ ਫੋਰਮ ਵਿਚ ਸਿੱਖ ਜਥੇਬੰਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰਨ ਤੌਰ 'ਤੇ ਰੋਕ ਲਾਉਂਦੇ ਹੋਏ ਉਕਤ ਸਮਾਗਮਾਂ ਨੂੰ ਸਾਦੇ ਢੰਗ ਨਾਲ ਸਿੱਖ ਰਿਵਾਇਤਾਂ ਮੁਤਾਬਕ ਸੰਪੰਨ ਕਰਵਾਉਣ ਦੀ ਪਹਿਲ ਕੀਤੀ ਹੈ। ਸਿੱਖ ਸੰਸਥਾਵਾਂ ਦੀ ਇਸ ਪਹਿਲ ਨਾਲ ਜਿੱਥੇ ਵਿਆਹ ਸਮਾਗਮ ਵਿਚ ਹੋਣ ਵਾਲੀ ਪੈਸਿਆਂ ਦੀ ਬਰਬਾਦੀ 'ਤੇ ਨਕੇਲ ਕੱਸੀ ਜਾਵੇਗੀ, ਉਥੇ ਦਾਜ ਪ੍ਰਥਾ 'ਤੇ ਵੀ ਰੋਕ ਲੱਗੇਗੀ। ਆਮ ਤੌਰ 'ਤੇ ਸਮਾਜ ਵਿਚ ਜ਼ਿਆਦਾਤਰ ਪਰਿਵਾਰ ਆਪਣੇ ਰੁਤਬੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਲਈ ਵਿਆਹ-ਸ਼ਾਦੀਆਂ ਆਦਿ ਸਮਾਗਮਾਂ ਦੌਰਾਨ ਮੈਰਿਜ ਪੈਲੇਸਾਂ ਅਤੇ ਰਿਜ਼ੋਰਟ ਆਦਿ ਦੇ ਐਂਟਰੀ ਗੇਟ 'ਤੇ ਸਜਾਵਟ ਲਈ ਲੱਖਾਂ ਰੁਪਏ ਬਰਬਾਦ ਕਰ ਦਿੰਦੇ ਹਨ, ਉਥੇ ਵਿਆਹ ਵਾਲੀ ਜਗ੍ਹਾ 'ਤੇ ਕਈ ਤਰ੍ਹਾਂ ਦੇ ਖਾਣਿਆਂ ਦੇ ਸਟਾਲ ਲਾ ਕੇ ਆਪਣੀ ਅਮੀਰੀ ਦੀ ਨੁਮਾਇਸ਼ ਕਰਦੇ ਹਨ। ਨਤੀਜੇ ਵਜੋਂ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਲੋਕ-ਲਾਜ ਲਈ ਕਰਜ਼ਾ ਚੁੱਕ ਕੇ ਵਿਆਹ ਸਮਾਗਮ 'ਚ ਪੈਸਾ ਲਾਉਂਦੇ ਹਨ ਅਤੇ ਅੰਤ ਵਿਚ ਕਈ ਵਾਰ ਪੈਸਾ ਨਾ ਚੁਕਾ ਸਕਣ 'ਤੇ ਇਨ੍ਹਾਂ ਦੇ ਘਰ ਤੱਕ ਵਿਕ ਜਾਂਦੇ ਹਨ।
ਪੈਸੇ ਦੀ ਬਰਬਾਦੀ ਸਬੰਧੀ ਕੀਤਾ ਜਾਵੇਗਾ ਜਾਗਰੂਕ
ਮਹਿੰਗੇ ਹੁੰਦੇ ਜਾ ਰਹੇ ਸਿੱਖ ਸਮਾਜ ਦੇ ਵਿਆਹਾਂ ਵਿਚ ਹੋਣ ਵਾਲੇ ਫਾਲਤੂ ਖਰਚ 'ਤੇ ਤੁਰੰਤ ਰੋਕ ਲਾਉਣ ਲਈ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਣ ਵਾਲੀ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਮੋਹਰ ਲਾ ਦਿੱਤੀ ਗਈ ਹੈ ਤਾਂਕਿ ਇਸ ਦਾ ਬੁਰਾ ਅਸਰ ਆਉਣ ਵਾਲੀਆਂ ਪੀੜ੍ਹੀਆਂ 'ਤੇ ਨਾ ਪਵੇ ਅਤੇ ਉਹ ਪਰਿਵਾਰ ਵੱਲੋਂ ਚੁੱਕੇ ਕਰਜ਼ ਨੂੰ ਚੁਕਾਉਣ ਤੋਂ ਬਚ ਜਾਣ। ਇਸ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਪੀ. ਸੀ.), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਆਗੂ ਵੱਡੇ ਪੱਧਰ 'ਤੇ ਮੁਹਿੰਮ ਚਲਾ ਕੇ ਸਿੱਖ ਪਰਿਵਾਰਾਂ ਨੂੰ ਮਹਿੰਗੇ ਵਿਆਹਾਂ ਵਿਚ ਹੋਣ ਵਾਲੇ ਪੈਸਿਆਂ ਦੀ ਬਰਬਾਦੀ ਸਬੰਧੀ ਜਾਗਰੂਕ ਕਰਨਗੇ।
ਖਰਚ ਦੀ ਰਕਮ ਘੱਟ ਕਰਨ ਲਈ ਤਿਆਰ ਹੋਵੇਗਾ ਮੈਨਿਊੂ
ਸਿੱਖ ਸੰਸਥਾਵਾਂ ਵੱਲੋਂ ਵਿਆਹਾਂ ਵਿਚ ਹੋਣ ਵਾਲੇ ਫਾਲਤੂ ਖਰਚ 'ਤੇ ਰੋਕ ਲਾਉਣ ਲਈ ਬਕਾਇਦਾ ਮੈਨਿਊ ਕਾਰਡ ਵਿਚ ਲੋੜ ਤੋਂ ਜ਼ਿਆਦਾ ਖਾਣਿਆਂ ਨੂੰ ਆਊਟ ਕਰ ਕੇ ਇਕ ਸਾਦਾ ਮੈਨਿਊ ਕਾਰਡ ਤਿਆਰ ਕਰਨ ਦੀ ਗੱਲ ਕੀਤੀ ਹੈ, ਜਿਸ ਵਿਚ ਗੁਰੂ ਦੇ ਲੰਗਰ ਦੀ ਤਰ੍ਹਾਂ ਦਾਲ ਦਾ ਤੜਕਾ, ਸਾਦੀਆਂ ਸਬਜ਼ੀਆਂ ਅਤੇ ਕੁਝ ਮਠਿਆਈਆਂ ਪਰੋਸਣ ਦੀ ਗੱਲ 'ਤੇ ਸਹਿਮਤੀ ਬਣ ਚੁੱਕੀ ਹੈ। ਅਜਿਹੇ ਵਿਚ ਜਿਨ੍ਹਾਂ ਪਰਿਵਾਰਾਂ ਵਿਚ ਵਿਆਹਾਂ ਦੌਰਾਨ ਬਰਾਤੀਆਂ ਲਈ ਨਾਨ-ਵੈੱਜ ਪਰੋਸੇ ਜਾਣ ਦਾ ਰੁਝਾਨ ਹੈ, ਉਸ 'ਤੇ ਪੂਰੀ ਤਰ੍ਹਾਂ ਰੋਕ ਲੱਗਣ ਦੀ ਸੰਭਾਵਨਾ ਹੈ।
ਮੋਬਾਇਲ ਫੋਨ ਨਾਲ ਦਿੱਤਾ ਜਾਵੇਗਾ ਸੱਦਾ
ਅਜਿਹੇ ਵਿਚ ਇਕ ਅਹਿਮ ਗੱਲ ਇਹ ਵੀ ਦੱਸੀ ਜਾ ਰਹੀ ਹੈ ਕਿ ਬੇਸ਼ਕੀਮਤੀ ਕਾਰਡਾਂ ਦੀ ਜਗ੍ਹਾ ਹੁਣ ਰਿਸ਼ਤੇਦਾਰਾਂ ਅਤੇ ਸਕੇ ਸਬੰਧੀਆਂ ਨੂੰ ਮੋਬਾਇਲ ਫੋਨ ਰਾਹੀਂ ਵਿਆਹ ਦਾ ਸੱਦਾ ਦਿੱਤਾ ਜਾਵੇਗਾ। ਨਾਲ ਹੀ ਖੁਸ਼ੀ ਦੇ ਇਸ ਮੌਕੇ 'ਤੇ ਵੰਡੇ ਜਾਣ ਵਾਲੀਆਂ ਮਹਿੰਗੀ ਮਠਿਆਈਆਂ ਦੇ ਡੱਬਿਆਂ ਨੂੰ ਵੀ ਬੰਦ ਕਰ ਕੇ ਖਰਚ 'ਤੇ ਕੰਟਰੋਲ ਹੋਵੇਗਾ। ਇਸ ਦੌਰਾਨ ਲਏ ਗਏ ਇਕ ਅਹਿਮ ਫੈਸਲੇ ਵਿਚ ਸਿੱਖ ਸਮਾਜ ਦੇ ਮੁੱਖ ਨੁਮਾਇੰਦਿਆਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ ਸਿੱਖ ਪਰਿਵਾਰਾਂ ਵਿਚ ਹੋਣ ਵਾਲੇ ਵਿਆਹਾਂ ਅਤੇ ਪਾਰਟੀਆਂ ਰਾਤ ਦੇ ਸਮੇਂ ਵਿਚ ਬਿਲਕੁਲ ਬੰਦ ਕੀਤੀਆਂ ਜਾਣ ਅਤੇ ਆਨੰਦ ਕਾਰਜ ਕਰਵਾਉਣ ਹਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਕਿਸੇ ਨਿੱਜੀ ਸਥਾਨ 'ਤੇ ਨਾ ਲਿਜਾ ਕੇ ਫੇਰੇ ਗੁਰਦੁਆਰਾ ਸਾਹਿਬ ਵਿਚ ਹੀ ਪੂਰਨ ਕਰਵਾਏ ਜਾਣ।
ਅੰਤਿਮ ਅਰਦਾਸ 'ਤੇ ਬਣਨ ਵਾਲੇ ਖਾਣਿਆਂ 'ਤੇ ਵੀ ਲੱਗੇਗੀ ਲਗਾਮ
ਇਸ ਦੌਰਾਨ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਵਿਆਹਾਂ ਤੋਂ ਇਲਾਵਾ ਅੰਤਿਮ ਅਰਦਾਸ 'ਤੇ ਬਣਨ ਵਾਲੇ ਕਈ ਤਰ੍ਹਾਂ ਦੇ ਖਾਣਿਆਂ 'ਤੇ ਵੀ ਵੱਡੀ ਕਟੌਤੀ ਹੋਵੇਗੀ ਤਾਂਕਿ ਭੋਗ ਸਮਾਗਮ ਦੌਰਾਨ ਵਿਆਹ ਵਾਂਗ ਪੱਕਣ ਵਾਲੇ ਦਰਜਨਾਂ ਤਰ੍ਹਾਂ ਦੇ ਖਾਣਿਆਂ ਅਤੇ ਮਠਿਆਈਆਂ ਆਦਿ 'ਤੇ ਹੋਣ ਵਾਲੇ ਖਰਚ 'ਤੇ ਵੀ ਲਗਾਮ ਲੱਗੇ।
ਕੀ ਕਿਹਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ
ਇਸ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਕਿਰਪਾਲ ਸਿੰਘ ਬਡੂੰਗਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿੱਖ ਸਮਾਜ ਦੇ ਵਿਆਹ ਗੁਰਮਤਿ ਸਿਧਾਂਤਾਂ ਅਨੁਸਾਰ ਬਿਲਕੁਲ ਸਾਦੇ ਤੌਰ 'ਤੇ ਹੋਣੇ ਚਾਹੀਦੇ ਹਨ, ਜਿਸ ਵਿਚ ਬਲੋੜੇ ਖਰਚਿਆਂ 'ਤੇ ਪੂਰਨ 'ਤੇ ਰੋਕ ਲਾਈ ਜਾ ਰਹੀ ਹੈ। ਉਨ੍ਹਾਂ ਦਾਜ ਦੇ ਮੁੱਦੇ ਨੂੰ ਲੈ ਕੇ ਵੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਜੇਕਰ ਅੱਜ ਆਪਾਂ ਕਿਸੇ ਦੀ ਧੀ-ਭੈਣ ਤੋਂ ਦਾਜ ਨਹੀਂ ਲਵਾਂਗੇ ਤਾਂ ਕੱਲ ਨੂੰ ਸਾਨੂੰ ਵੀ ਆਪਣੀਆਂ ਧੀਆਂ-ਭੈਣਾਂ ਨੂੰ ਵਿਆਹ ਸਮੇਂ ਦਾਜ ਨਹੀਂ ਦੇਣਾ ਪਵੇਗਾ।
ਇਸ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਵੀ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਆਪਣੇ ਪੁੱਤਰ ਦੇ ਵਿਆਹ ਦਾਜ ਰਹਿਤ ਤੇ ਸਾਦੇ ਢੰਗ ਨਾਲ ਕਰਨਗੇ।
