ਸ੍ਰੀ ਅਕਾਲ ਤਖਤ ਦੇ ਹੁਕਮਾਂ 'ਤੇ DSGMC ਨੇ ਨਗਰ ਕੀਰਤਨ ਕੀਤਾ ਮੁਲਤਵੀ

Friday, Oct 11, 2019 - 11:00 AM (IST)

ਸ੍ਰੀ ਅਕਾਲ ਤਖਤ ਦੇ ਹੁਕਮਾਂ 'ਤੇ DSGMC ਨੇ ਨਗਰ ਕੀਰਤਨ ਕੀਤਾ ਮੁਲਤਵੀ

ਜਲੰਧਰ (ਬਿਊਰੋ)—ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ. ਗਿ. ਹਰਪ੍ਰੀਤ ਸਿੰਘ ਦੇ ਹੁਕਮਾਂ ਨੂੰ ਧਿਆਨ ਵਿਚ ਰੱਖਦਿਆਂ ਦਿੱਲੀ ਗੁਰਦੁਆਰਾ ਕਮੇਟੀ ਨੇ ਸ੍ਰੀ ਨਨਕਾਣਾ ਸਾਹਿਬ ਤੱਕ ਸਜਾਇਆ ਜਾਣ ਵਾਲਾ ਨਗਰ ਕੀਰਤਨ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਹਰਮੀਤ ਸਿੰਘ ਨੇ ਕਿਹਾ ਕਿ ਅਸੀਂ ਨਗਰ ਕੀਰਤਨ ਵਾਸਤੇ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਲੈ ਲਈਆਂ ਸਨ ਤੇ ਸਿਰਫ ਵੀਜ਼ੇ ਦੀ ਉਡੀਕ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੇ ਦਿੱਲੀ ਕਮੇਟੀ ਨੂੰ ਜ਼ਿੰਮੇਵਾਰ ਸੰਸਥਾ ਮੰਨਦੇ ਹੋਏ ਕੌਮ ਵਿਚ ਪੈ ਰਹੀ ਦੁਵਿਧਾ ਨੂੰ ਦੂਰ ਕਰਨ ਵਾਸਤੇ ਜੋ ਫੈਸਲਾ ਲਿਆ ਹੈ ਕਿ ਅਸੀਂ ਨਗਰ ਕੀਰਤਨ ਨਾ ਸਜਾਈਏ। ਅਸੀਂ ਜਥੇਦਾਰ ਸਾਹਿਬ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ।

ਉਨ੍ਹਾਂ ਨੇ ਦੱਸਿਆ ਕਿ ਅਸੀਂ ਫਿਲਹਾਲ ਨਗਰ ਕੀਰਤਨ ਮੁਲਤਵੀ ਕਰ ਰਹੇ ਹਾਂ ਅਤੇ ਅਗਲੇ ਸਮੇਂ ਤੋਂ ਅਸੀਂ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਲੈ ਕੇ ਅਤੇ ਮੁੜ ਸਰਕਾਰਾਂ ਤੋਂ ਮਨਜ਼ੂਰੀ ਲੈ ਕੇ ਨਗਰ ਕੀਰਤਨ ਸਜਾਵਾਂਗੇ। ਉਨ੍ਹਾਂ ਕਿਹਾ ਕਿ ਸੰਗਤ ਦੇ ਪੈਸੇ ਦਾ ਸਪੱਸ਼ਟੀਕਰਨ ਜੋ ਜਥੇਦਾਰ ਸਾਹਿਬ ਨੇ ਦੇਣ ਵਾਸਤੇ ਕਿਹਾ ਹੈ, ਬਾਰੇ ਉਹ ਦੱਸਣਾ ਚਾਹੁੰਦੇ ਹਨ ਕਿ ਅਸੀਂ ਪਹਿਲਾਂ ਹੀ ਪਾਲਕੀ ਸਾਹਿਬ ਦਾ ਅਕਾਊਂਟ ਵੱਖਰਾ ਬਣਾ ਰੱਖਿਆ ਹੈ ਤੇ ਅਸੀਂ ਇਕ-ਇਕ ਪੈਸੇ ਦਾ ਹਿਸਾਬ ਦੇਵਾਂਗੇ। ਉਨ੍ਹਾਂ ਕਿਹਾ ਕਿ ਸੋਨੇ ਦੀ ਪਾਲਕੀ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੂੰ ਸੌਂਪੀ ਗਈ ਸੀ ਅਤੇ ਕਦੋਂ-ਕਦੋਂ ਕਿੰਨਾ ਸੋਨਾ ਦਿੱਤਾ ਗਿਆ, ਹਰ ਚੀਜ਼ ਦਾ ਬਕਾਇਦਾ ਹਿਸਾਬ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਦੇ ਹੁਕਮਾਂ ਅਨੁਸਾਰ ਹਰ ਚੀਜ਼ ਦਾ ਹਿਸਾਬ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਥੇਦਾਰ ਸਾਹਿਬ ਦੇ ਹੁਕਮਾਂ ਮਗਰੋਂ ਹੁਣ ਨਗਰ ਕੀਰਤਨ ਦੇ ਮਾਮਲੇ 'ਤੇ ਹਰ ਤਰ੍ਹਾਂ ਦੀ ਰਾਜਨੀਤੀ ਠੱਪ ਹੋ ਗਈ ਹੈ। ਉਨ੍ਹਾਂ ਨੇ ਪਰਮਜੀਤ ਸਿੰਘ ਸਰਨਾ ਨੂੰ ਸਲਾਹ ਦਿੱਤੀ ਕਿ ਜਥੇਦਾਰ ਸਾਹਿਬ ਦੇ ਹੁਕਮਾਂ ਦੇ ਮੱਦੇਨਜ਼ਰ ਹੁਣ ਉਹ ਆਪਣੀ ਸੌੜੀ ਤੇ ਘਟੀਆ ਰਾਜਨੀਤੀ ਤੋਂ ਗੁਰੇਜ਼ ਕਰਨ।


author

Shyna

Content Editor

Related News