ਬੰਗਲੌਰ ਵਿਚ ਤਸ਼ੱਦਦ ਤੋਂ ਬਾਅਦ ਸਿੱਖ ਪਰਿਵਾਰ ਨੇ ਅਕਾਲ ਤਖਤ ਨੂੰ ਚਿੱਠੀ ਲਿਖ ਕੇ ਮੰਗੀ ਮਦਦ, ਜਾਣੋ ਕੀ ਹੈ ਪੂਰਾ ਮਾਮਲਾ
Wednesday, Aug 02, 2017 - 02:58 PM (IST)

ਅੰਮ੍ਰਿਤਸਰ— ਬੰਗਲੌਰ ਵਿਚ ਰਿਟਾਇਰਡ ਸਿੱਖ ਫੌਜੀ ਦੀ ਪਤਨੀ ਅਤੇ ਦੋ ਬੇਟਿਆਂ ਨੂੰ ਡਰਾਉਣ, ਧਮਕਾਉਣ ਅਤੇ ਉਨ੍ਹਾਂ 'ਤੇ ਹਮਲਾ ਕਰਨ ਦੀ ਘਟਨਾ ਤੋਂ ਬਾਅਦ ਪਰਿਵਾਰ ਨੇ ਅਕਾਲ ਤਖਤ ਨੂੰ ਚਿੱਠੀ ਲਿਖ ਮਦਦ ਦੀ ਗੁਹਾਰ ਲਗਾਈ ਹੈ। ਚਿੱਠੀ ਵਿਚ ਪਰਿਵਾਰ ਨੇ ਕਿਹਾ ਹੈ ਕਿ ਅਕਾਲ ਤਖਤ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਕਰਨਾਟਕ ਸਰਕਾਰ ਨੂੰ ਇਸ ਮਾਮਲੇ ਵਿਚ ਇਨਸਾਫ ਕਰਨ ਨੂੰ ਕਹੇ।
ਅਕਾਲ ਤਖਤ ਦੇ ਜਥੇਦਾਰ ਨੂੰ ਲਿਖੀ ਚਿੱਠੀ ਵਿਚ ਰਿਟਾਇਰਡ ਫੌਜੀ ਉੱਪਲ ਨੇ ਦੋਸ਼ ਲਗਾਇਆ ਕਿ ਉਸ ਦੇ ਬੇਟੇ ਹਰਮੀਤ ਉੱਪਲ 'ਤੇ ਕਾਤਲਾਨਾ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਉਸ ਦੇ ਮੂੰਹ ਦੀਆਂ ਕਈ ਹੱਡੀਆਂ ਅਤੇ ਉਸ ਦਾ ਜਬਾੜਾ ਟੁੱਟ ਗਿਆ। ਇਸ ਹਮਲੇ ਤੋਂ ਬਾਅਦ ਉਸ ਦੇ ਮੂੰਹ ਦਾ ਪੰਜ ਘੰਟਿਆਂ ਤੱਕ ਆਪ੍ਰੇਸ਼ਨ ਕਰਨਾ ਪਿਆ ਅਤੇ ਉਸ ਦੇ ਮੂੰਹ ਵਿਚ ਛੇ ਪਲੇਟਾਂ ਪਈਆਂ। ਇੰਨਾਂ ਹੀ ਨਹੀਂ ਉਨ੍ਹਾਂ ਲੋਕਾਂ ਨੇ ਹਰਮੀਤ ਦੀ ਛਾਤੀ, ਸਿਰ ਆਦਿ 'ਤੇ ਵੀ ਗੰਭੀਰ ਸੱਟਾਂ ਮਾਰੀਆਂ। ਹਰਮੀਤ ਦੇ ਪਿਤਾ ਨੇ ਕਿਹਾ ਕਿ ਬੰਗਲੌਰ ਵਿਚ ਉਸ ਦੇ ਪਰਿਵਾਰ ਨੂੰ ਜਾਇਦਾਦ ਵੇਚ ਕੇ ਸ਼ਹਿਰ ਛੱਡ ਕੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬੰਗਲੌਰ ਪੁਲਸ ਵਿਭਾਗ ਕੋਲ ਉਨ੍ਹਾਂ ਨੇ ਸ਼ਿਕਾਇਤ ਕੀਤੀ ਪਰ ਇਸ ਮਾਮਲੇ ਵਿਚ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਇਸ ਲਈ ਉਨ੍ਹਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਚਿੱਠੀ ਲਿਖ ਕੇ ਮਦਦ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਜੇਲ ਦੀਆਂ ਸੀਖਾਂ ਦੇ ਪਿੱਛੇ ਡੱਕਿਆ ਜਾਵੇ ਤਾਂ ਜੋ ਉਹ ਬੰਗਲੌਰ ਵਿਚ ਸੁਰੱਖਿਅਤ ਰਹਿ ਸਕਣ।
ਉੱਪਲ ਨੇ ਦੱਸਿਆ ਕਿ ਪੁਲਸ ਉਨ੍ਹਾਂ ਨੂੰ ਇਸ ਹਮਲੇ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਨਹੀਂ ਦਿਵਾ ਰਹੀ, ਜਦੋਂ ਕਿ ਜਿਸ ਰੋਡ 'ਤੇ ਹਰਮੀਤ 'ਤੇ ਇਹ ਹਮਲਾ ਹੋਇਆ, ਉੱਥੇ ਤਿੰਨ ਸੀ. ਸੀ. ਟੀ. ਵੀ. ਕੈਮਰੇ ਸਨ। ਹਰਮੀਤ ਨੂੰ ਉਮੀਦ ਹੈ ਕਿ ਅਕਾਲ ਤਖਤ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮਾਮਲੇ ਵਿਚ ਕਮੇਟੀ ਬਣਾ ਕੇ ਇਨਸਾਫ ਦਿਵਾਉਣ ਦੇ ਨਿਰਦੇਸ਼ ਦੇਵੇਗੀ।
ਦੂਜੇ ਪਾਸੇ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਦੇ ਸਾਥੀ ਜਵਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਚਿੱਠੀ ਮਿਲ ਗਈ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ਵਿਚ ਸੀ. ਸੀ. ਟੀ. ਵੀ. ਫੁਟੇਜ਼, ਐੱਫ. ਆਈ. ਆਰ. ਦਰਜ ਕਰਨ, ਮੈਡੀਕਲ ਰਿਪੋਰਟ ਅਤੇ ਹੋਰ ਦਸਤਾਵੇਜ਼ਾਂ ਦੀ ਮੰਗ ਕੀਤੀ ਹੈ।