ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਪਿੱਛੇ ਸਿੱਖ ਕੱਟੜਪੰਥੀਆਂ ਦਾ ਹੱਥ : ਭਾਰਤੀ ਸੁਰੱਖਿਆ ਏਜੰਸੀਆਂ
Sunday, Jul 24, 2022 - 10:52 PM (IST)
ਚੰਡੀਗੜ੍ਹ : ਖੁਫੀਆ ਜਾਣਕਾਰੀਆਂ ਅਤੇ ਵਿਸ਼ਲੇਸ਼ਣ ਦੇ ਆਧਾਰ 'ਤੇ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ 14 ਜੁਲਾਈ ਨੂੰ ਸਰੀ (ਕੈਨੇਡਾ) 'ਚ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਪਿੱਛੇ ਸਿੱਖ ਕੱਟੜਪੰਥੀਆਂ ਦਾ ਹੱਥ ਸੀ। ਸੁਰੱਖਿਆ ਏਜੰਸੀਆਂ ਨੇ ਖਾਲਿਸਤਾਨ ਟਾਈਗਰ ਫੋਰਸ (KTF) ਦੇ ਹਰਦੀਪ ਸਿੰਘ ਨਿੱਝਰ ਦੀ ਅਗਵਾਈ ਵਾਲੇ 5 ਕੱਟੜਪੰਥੀਆਂ ਦੀ ਪਛਾਣ ਕੀਤੀ ਹੈ। ਏਜੰਸੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਲੋੜੀਂਦਾ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਡੱਲਾ, ਜੋ ਕਿ ਕੈਨੇਡਾ ਵਿੱਚ ਹੀ ਛੁਪਿਆ ਹੋਇਆ ਹੈ, ਉਨ੍ਹਾਂ ਵਿਅਕਤੀਆਂ 'ਚੋਂ ਇਕ ਸੀ ਜੋ ਕਥਿਤ ਤੌਰ 'ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਸੀ।
ਦਿਲਚਸਪ ਗੱਲ ਇਹ ਹੈ ਕਿ ਮਲਿਕ ਨੂੰ 1985 ਦੇ ਏਅਰ ਇੰਡੀਆ ਕਨਿਸ਼ਕ ਬੰਬ ਕਾਂਡ ਦਾ ਦੋਸ਼ੀ ਮੰਨਿਆ ਜਾਂਦਾ ਹੈ, ਨੇ 17 ਜੂਨ ਨੂੰ ਕੈਨੇਡਾ ਵਿੱਚ ਇਕ ਰੇਡੀਓ ਪੱਤਰਕਾਰ ਨਾਲ ਆਪਣੀ ਆਖਰੀ ਮੀਡੀਆ ਇੰਟਰਵਿਊ ਵਿੱਚ 2 ਵਿਅਕਤੀਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਸੀ, ਜੋ ਉਸ ਦੇ ਵਿਰੋਧੀ ਸਨ। ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸ਼ੁੱਕਰਵਾਰ ਨੂੰ ਨਿੱਝਰ ਬਾਰੇ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਐੱਨ. ਆਈ. ਏ. ਨੇ ਹਰਦੀਪ ਸਿੰਘ ਨੂੰ ਇਨਾਮੀ ਅਪਰਾਧੀ ਐਲਾਨਦਿਆਂ ਨੋਟਿਸ ਵਿੱਚ ਲਿਖਿਆ ਹੈ ਕਿ ਭਾਰਤ ਖਾਸ ਕਰਕੇ ਪੰਜਾਬ 'ਚ ਖਾਲਿਸਤਾਨੀ ਗਤੀਵਿਧੀਆਂ ਚੱਲ ਰਹੀਆਂ ਹਨ। ਉਨ੍ਹਾਂ ਵਿੱਚ ਇਸ ਦੀ ਸ਼ਮੂਲੀਅਤ ਹੈ। ਏਜੰਸੀ ਨੇ ਕਿਹਾ ਕਿ ਇਹ ਕੈਨੇਡਾ 'ਚ ਬੈਠੇ ਪੈਸੇ ਦੇ ਜ਼ੋਰ 'ਤੇ ਆਤੰਕੀ ਗਤੀਵਿਧੀਆਂ ਚਲਾ ਰਿਹਾ ਹੈ। ਪੰਜਾਬ ਦੇ ਫਿਲੌਰ ਦੇ ਪਿੰਡ ਭਾਰਸਿੰਘਪੁਰਾ 'ਚ ਇਕ ਮੰਦਰ ਦੇ ਪੁਜਾਰੀ 'ਤੇ ਗੋਲੀਬਾਰੀ ਦੇ ਮਾਮਲੇ 'ਚ NIA ਵੱਲੋਂ ਅਦਾਲਤ 'ਚ ਪੇਸ਼ ਕੀਤੀ ਗਈ ਚਾਰਜਸ਼ੀਟ 'ਚ ਕਈ ਅਹਿਮ ਖੁਲਾਸੇ ਹੋਏ ਹਨ।