ਕਸ਼ਮੀਰ ਦੀ ਸਿੱਖ ਸੰਗਤ ਨੇ ਹੜ੍ਹ ਪੀੜਤ ਫੰਡ ਲਈ ਸ਼੍ਰੋਮਣੀ ਕਮੇਟੀ ਨੂੰ ਦਿੱਤੇ 79,50,000 ਰੁਪਏ
Tuesday, Oct 28, 2025 - 08:40 PM (IST)
ਜੈਤੋ (ਰਘੂਨੰਦਨ ਪਰਾਸ਼ਰ) : ਕਸ਼ਮੀਰ ਦੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਮੁਲਾਕਾਤ ਕਰਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿਚ ਗੁਰਦੁਆਰਾ ਮਟਨ ਸਾਹਿਬ (ਕਸ਼ਮੀਰ) ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਬਾਰੇ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ।
ਇਸ ਮੌਕੇ ਕਸ਼ਮੀਰ ਦੀਆਂ ਸਿੱਖ ਸੰਗਤਾਂ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਇਕ ਵੱਡੀ ਰਕਮ 79 ਲੱਖ 50 ਹਜ਼ਾਰ ਰੁਪਏ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਦਾਨ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮੌਕੇ ਕਸ਼ਮੀਰ ਦੀਆਂ ਜ਼ਿਲ੍ਹਾ ਗੁਰਦੁਆਰਾ ਕਮੇਟੀਆਂ ਦੇ ਪ੍ਰਤੀਨਿਧਾਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਵੱਲੋਂ ਹੜ੍ਹ ਪ੍ਰਭਾਵਿਤ ਪੰਜਾਬੀ ਲੋਕਾਂ ਲਈ ਸਹਿਯੋਗ ਕਰਨਾ ਗੁਰੂ ਸਾਹਿਬਾਨ ਦੇ ਮਨੁੱਖੀ ਸੇਵਾ ਦੇ ਫਲਸਫੇ ਦਾ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦਾ ਮਾਰਗ ਸੇਵਾ ਤੇ ਭਾਈਚਾਰਕ ਸਾਂਝ ਦੀ ਪ੍ਰੇਰਨਾ ਦਿੰਦਾ ਹੈ ਅਤੇ ਕਸ਼ਮੀਰ ਦੀ ਸੰਗਤ ਵੱਲੋਂ ਕੀਤਾ ਇਹ ਉਪਰਾਲਾ ਸਿੱਖ ਭਾਈਚਾਰੇ ਦੀ ਇਕਤਾ ਤੇ ਮਨੁੱਖਤਾ ਪ੍ਰਤੀ ਪਿਆਰ ਦਾ ਸੰਦੇਸ਼ ਹੈ।

ਇਸ ਮੌਕੇ ਐਡਵੋਕੇਟ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮਟਨ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਿੱਚ ਕਸ਼ਮੀਰ ਦੀਆਂ ਜ਼ਿਲ੍ਹਾ ਗੁਰਦੁਆਰਾ ਕਮੇਟੀਆਂ ਦਾ ਪੂਰਾ ਸਹਿਯੋਗ ਲਿਆ ਜਾਵੇਗਾ, ਤਾਂ ਜੋ ਸਥਾਨਕ ਸਿੱਖ ਸੰਗਤਾਂ ਦੀ ਭਾਗੀਦਾਰੀ ਨਾਲ ਇਹ ਸਮਾਗਮ ਹੋਰ ਸਿੱਟਾਮੁਖੀ ਬਣਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਕਸ਼ਮੀਰ ਦੇ ਸਿੱਖ ਆਗੂਆਂ ਨਾਲ ਸਥਾਨਕ ਪੱਧਰ ‘ਤੇ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਨਗਰ ਕੀਰਤਨ ਦੇ ਮਾਰਗ, ਪ੍ਰੋਗਰਾਮਾਂ ਤੇ ਪ੍ਰਬੰਧਾਂ ਬਾਰੇ ਵਿਸਥਾਰਿਤ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਕਸ਼ਮੀਰ ਦੇ ਸਿੱਖ ਆਗੂ ਸ. ਗੁਰਜੀਤ ਸਿੰਘ ਨੇ ਕਿਹਾ ਕਿ ਕਸ਼ਮੀਰ ਦੀ ਸਿੱਖ ਸੰਗਤ ਨੇ ਗੁਰੂਘਰਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਾਡੇ ਲਈ ਆਪਣਾ ਹੈ ਤੇ ਹੜ੍ਹ ਪੀੜਤਾਂ ਲਈ ਸਹਿਯੋਗ ਦੇਣਾ ਸਾਡਾ ਫਰਜ ਵੀ ਹੈ ਤੇ ਗੁਰੂ ਦੀ ਬਖ਼ਸ਼ੀ ਹੋਈ ਸੇਵਾ ਦਾ ਹਿੱਸਾ ਵੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜੰਮੂ ਕਸ਼ਮੀਰ ਤੋਂ ਪੁੱਜੇ ਆਗੂਆਂ ਵਿਚ ਸ. ਗੁਰਜੀਤ ਸਿੰਘ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਕਮੇਟੀ ਬਡਗਾਮ, ਸ. ਜਸਪਾਲ ਸਿੰਘ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਕਮੇਟੀ ਸ਼੍ਰੀਨਗਰ, ਸ. ਪਰਮਜੀਤ ਸਿੰਘ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰਾਮੂਲਾ, ਸ. ਪਰਮਜੀਤ ਸਿੰਘ ਜਰਨਲ ਸੈਕਟਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰਾਮੂਲਾ, ਸ. ਸਤਪਾਲ ਸਿੰਘ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੂਚਾਬਾਗ, ਸ. ਅਵਤਾਰ ਸਿੰਘ ਵਾਈਸ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੰਤਨਾਗ, ਸ. ਅਮਰਜੀਤ ਸਿੰਘ ਵਾਈਸ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਲਵਾਮਾ, ਸ. ਦਿਲਵੀਰ ਸਿੰਘ, ਸ. ਮਨਜੀਤ ਸਿੰਘ ਸੋਢੀ ਸਲਾਹਕਾਰ ਕਸ਼ਮੀਰ ਸਿੱਖ ਸੁਸਾਇਟੀ, ਸ. ਰਾਜਿੰਦਰ ਸਿੰਘ ਲੱਕੀ ਸੀਨੀਅਰ ਸਿੱਖ ਲੀਡਰ ਕਸ਼ਮੀਰ, ਸ. ਸੁਖਮੀਤ ਸਿੰਘ ਮੀਡੀਆ ਐਡਵਾਈਜ਼ਰ, ਸ. ਗਜਿੰਦਰ ਸਿੰਘ ਮੈਂਬਰ ਜ਼ਿਲ੍ਹਾ ਕਮੇਟੀ ਪੁਲਵਾਮਾ ਅਤੇ ਸ਼੍ਰੋਮਣੀ ਕਮੇਟੀ ਦੇ ਓਐਸਡੀ ਸ. ਸਤਬੀਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸ. ਸ਼ਾਹਬਾਜ ਸਿੰਘ, ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
