ਸਿੱਖ ਆਗੂਆਂ ਤੇ ਔਰਤਾਂ ਖਿਲਾਫ ਅਪਸ਼ਬਦ ਬੋਲਣ ਦਾ ਮਾਮਲਾ, ਸ਼ਿਵ ਸੈਨਾ ਪੰਜਾਬ ਦਾ ਚੇਅਰਮੈਨ ਸੂਰੀ ਸਾਥੀ ਸਣੇ ਗ੍ਰਿਫਤਾਰ
Thursday, Nov 09, 2017 - 11:25 AM (IST)
ਅੰਮ੍ਰਿਤਸਰ (ਸੰਜੀਵ/ਛੀਨਾ) - ਸਿੱਖ ਕੌਮ ਦੇ ਆਗੂਆਂ ਤੇ ਔਰਤਾਂ ਖਿਲਾਫ ਅਪਸ਼ਬਦ ਬੋਲ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਸੁਧੀਰ ਸੂਰੀ ਖਿਲਾਫ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਨੇ ਸਖਤ ਸਟੈਂਡ ਲੈਂਦਿਆਂ ਅੱਜ ਉਸ 'ਤੇ ਪਰਚਾ ਦਰਜਾ ਕਰਵਾ ਦਿੱਤਾ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਰੋਸ ਨੂੰ ਦੇਖਦਿਆਂ ਪੁਲਸ ਨੇ ਸੂਰੀ ਤੇ ਉਸ ਦੇ ਸਾਥੀ ਕਰਨ ਸੈਨਾ ਦੇ ਰਾਸ਼ਟਰੀ ਪ੍ਰਧਾਨ ਹਰਦੀਪ ਸ਼ਰਮਾ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਤੇ ਜਨਰਲ ਸਕੱਤਰ ਗਗਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਵਾਲੀਆਂ ਫਿਰਕੂ ਤਾਕਤਾਂ ਨੂੰ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਕਦੇ ਵੀ ਸਿਰ ਨਹੀਂ ਚੁੱਕਣ ਦੇਵੇਗਾ। ਉਨ੍ਹਾਂ ਕਿਹਾ ਕਿ ਸੂਰੀ ਦੀਆਂ ਅਜਿਹੀਆਂ ਹੀ ਹੋਸ਼ੀਆਂ ਹਰਕਤਾਂ ਕਾਰਨ ਉਸ ਖਿਲਾਫ ਪਹਿਲਾਂ ਵੀ ਪੁਲਸ ਕੇਸ ਦਰਜ ਕਰਵਾਇਆ ਗਿਆ ਸੀ ਪਰ ਉਹ ਆਪਣੇ ਮਾੜੇ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਹਿੰਦੂ-ਸਿੱਖ ਭਾਈਚਾਰੇ 'ਚ ਦੋਫਾੜ ਪਾਉਣ ਤੋਂ ਬਾਜ਼ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਸੂਰੀ ਜਿਹੇ ਵਿਅਕਤੀਆਂ 'ਤੇ ਪੁਲਸ ਨੂੰ ਸਖਤੀ ਨਾਲ ਸ਼ਿਕੰਜਾ ਕੱਸਣਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ 'ਚ ਅਜਿਹੀਆਂ ਘਿਨੌਣੀਆਂ ਹਰਕਤਾਂ ਕਰਨ ਦੀ ਹਿੰਮਤ ਨਾ ਕਰ ਸਕੇ।
ਇਸ ਮੌਕੇ ਅਮਰਬੀਰ ਸਿੰਘ ਢੋਟ, ਗਗਨਦੀਪ ਸਿੰਘ, ਬਲਵਿੰਦਰ ਸਿੰਘ ਰਾਜੋਕੇ, ਜਗਜੀਤ ਸਿੰਘ ਖਾਲਸਾ, ਮਨਜੀਤ ਸਿੰਘ ਜੌੜਾ ਫਾਟਕ ਤੇ ਯੁਵਰਾਜ ਸਿੰਘ ਚੌਹਾਨ ਸਮੇਤ ਵੱਡੀ ਗਿਣਤੀ 'ਚ ਮੌਜੂਦ ਫੈੱਡਰੇਸ਼ਨ ਮਹਿਤਾ ਦੇ ਨੁਮਾਇੰਦਿਆਂ ਨੇ ਸਖਤੀ ਨਾਲ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਸੂਰੀ ਜਾਂ ਉਸ ਵਰਗੇ ਕਿਸੇ ਹੋਰ ਮੌਕਾਪ੍ਰਸਤ ਵਿਅਕਤੀ ਨੇ ਭਵਿੱਖ 'ਚ ਕਦੇ ਆਪਣੀ ਲੀਡਰੀ ਚਮਕਾਉਣ ਲਈ ਸਿੱਖ ਕੌਮ ਜਾਂ ਕੌਮ ਦੇ ਆਗੂਆਂ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਤਾਂ ਉਸ ਦਾ ਹਸ਼ਰ ਬੇਹੱਦ ਬੁਰਾ ਕੀਤਾ ਜਾਵੇਗਾ।
ਮੇਰਾ ਬਿਆਨ ਗਰਮ-ਖਿਆਲੀਆਂ ਦੇ ਵਿਰੁੱਧ : ਸੁਧੀਰ ਸੂਰੀ
ਸੁਧੀਰ ਸੂਰੀ ਵੱਲੋਂ ਆਪਣੀ ਪਹਿਲੀ ਵੀਡੀਓ ਅਪਲੋਡ ਕਰਨ ਤੋਂ ਬਾਅਦ ਇਕ ਦੂਜੀ ਵੀਡੀਓ ਵੀ ਅਪਲੋਡ ਕੀਤੀ ਗਈ, ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ ਉਹ ਗਰਮ-ਖਿਆਲੀ ਸੰਗਠਨਾਂ ਦੇ ਨੁਮਾਇੰਦਿਆਂ ਦੇ ਵਿਰੁੱਧ ਹੈ, ਜੇਕਰ ਉਨ੍ਹਾਂ ਦੀ ਵੀਡੀਓ ਤੋਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਉਹ ਉਸ ਦੇ ਲਈ ਮੁਆਫੀ ਮੰਗਦੇ ਹਨ।
