ਸਿੱਖੀ ਦੇ ਰੂਹਾਨੀ ਅਤੇ ਇਨਸਾਨੀ ਜਜ਼ਬੇ ''ਚ ਮਿਸਾਲ ਬਣਦਾ ‘ਪਿੰਡ ਭੂਲਣ’

11/30/2020 8:52:00 AM

ਪੰਜਾਬ ਦਾ ਅਜਿਹਾ ਪਿੰਡ ਜਿੱਥੇ ਪਹਿਲੀ ਵਾਰ ਉਸਰ ਰਿਹਾ ਹੈ 'ਗੁਰਦੁਆਰਾ ਸਾਹਿਬ'

ਹਰਪ੍ਰੀਤ ਸਿੰਘ ਦੀ ਰਿਪੋਰਟ 

ਕੋਈ ਸੱਜਣ ਹੁੱਕਾ ਤਮਾਕੂ ਤਿਆਗ ਦੇਵੇ!
ਜਾਤ ਰਹਿਤ ਹੋਣਾ ਸੋਚਣ ਲੱਗ ਪਵੇ!
ਕੋਈ ਖਾਪ ਪੰਚਾਇਤਾਂ ਤੋਂ ਪਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਸੇਧ ਲੈਣ ਬਾਰੇ ਸੋਚਣ ਲੱਗ ਪਵੇ ਤਾਂ ਇਸ ਦੌਰ ਦੀ ਇਹ ਬੇਮਿਸਾਲ ਕਹਾਣੀ ਹੋਵੇਗੀ ਆਖ਼ਰ!
ਪਿੰਡ ਭੂਲਣ ਜੋ ਸਿੱਖੀ ਵਿੱਚ ਜਾਗ ਰਿਹਾ !

ਪੰਜਾਬ ਹਰਿਆਣੇ ਦੀ ਸਰਹੱਦ 'ਤੇ ਧਰਮ ਦੀ ਬੇਹਤਰੀਨ ਤਸਵੀਰ ਸਿਰਜ ਰਹੀ ਹੈ। ਪਿੰਡ ਭੂਲਣ ਦੇ ਵਸਨੀਕ ਆਪਣੇ ਪਿੰਡ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰ ਰਹੇ ਹਨ। ਹੁੱਕਿਆਂ ਦਾ, ਤਮਾਕੂ ਦਾ ਤਿਆਗ ਕੀਤਾ ਜਾ ਰਿਹਾ ਹੈ।ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬੀ ਸਾਲ ਤੋਂ ਗੁਜ਼ਰਦਿਆਂ ਭੂਲਣ ਵਾਸੀਆਂ ਨੂੰ ਆਪਣੇ ਸਿੱਖ ਹੋਣ ਦੀ ਪਛਾਣ ਹੋਈ ਹੈ। ਸਮਾਜ ਸੇਵਾ 'ਚ ਸਰਗਰਮ ਬਲਵਿੰਦਰ ਸਿੰਘ ਖਨੌਰੀ ਕਹਿੰਦੇ ਹਨ ਕਿ ਧਰਮ ਦੀ ਰੌਸ਼ਨੀ ਬੇਹਤਰ ਸਮਾਜ ਦਾ ਇੰਝ ਹੀ ਨਿਰਮਾਣ ਕਰਦੀ ਹੈ।

ਪਿੰਡ ਭੂਲਣ ਤਹਿਸੀਲ ਮੂਣਕ ਦਾ ਪਿੰਡ ਜ਼ਿਲ੍ਹੇ ਸੰਗਰੂਰ ਵਿੱਚ ਪੈਂਦਾ ਹੈ। ਇਹ ਪੰਜਾਬ ਹਰਿਆਣਾ ਸਰਹੱਦ ਦਾ ਆਖਰੀ ਪਿੰਡ ਹੈ। ਇਸ ਤੋਂ ਬਾਅਦ ਹਰਿਆਣਾ ਸ਼ੁਰੂ ਹੁੰਦਾ ਹੈ। ਇੱਥੋਂ ਹਰਿਆਣੇ ਦਾ ਪਹਿਲਾ ਪਿੰਡ ਧਮਤਾਨ ਸਾਹਿਬ ਹੈ। ਧਮਤਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਰਵਾਨੀ ਵੇਲੇ ਪਹੁੰਚੇ ਸਨ।

ਪਿੰਡ ਭੂਲਣ ਦੇ ਨੌਜਵਾਨ ਆਗੂ ਮਨੋਜ ਆਪਣੇ ਆਪ ਨੂੰ ਮਨੋਜ ਸਿੰਘ ਕਹਿੰਦੇ ਹਨ। ਮਨੋਜ ਸਿੰਘ ਮੁਤਾਬਕ ਅਸੀਂ ਪੰਜਾਬ ਦੇ ਹੀ ਪਿੰਡ ਹਾਂ ਪਰ ਹਰਿਆਣੇ ਨਾਲ ਲੱਗਦੇ ਹੋਣ ਕਰਕੇ ਸਾਡੇ ਬਹੁਤੇ ਕਾਰ ਵਿਹਾਰ, ਰਹਿਣ ਸਹਿਣ ਬਾਂਗਰੂ ਭਾਈਚਾਰੇ ਵਰਗਾ ਹੈ। ਇੱਥੇ ਬਾਂਗਰੂ ਭਾਈਚਾਰੇ ਦੇ ਪ੍ਰਭਾਵ ਵਾਲੇ 25 ਦੇ ਕਰੀਬ ਪਿੰਡ ਹਨ। ਮਨੋਜ ਸਿੰਘ ਕਹਿੰਦੇ ਹਨ ਕਿ ਅਜੀਬ ਹੀ ਮਹਿਸੂਸ ਹੁੰਦਾ ਸੀ ਕਿ ਪੰਜਾਬ ਦਾ ਪਿੰਡ ਹੋਣ ਦੇ ਬਾਵਜੂਦ ਸਾਡੇ ਪਿੰਡ ਕੋਈ ਗੁਰਦੁਆਰਾ ਨਹੀਂ ਸੀ। ਉਨ੍ਹਾਂ ਮੁਤਾਬਕ ਪਿੰਡ ਦੇ ਮੁੰਡੇ ਜਦੋਂ ਬਾਹਰ ਨੂੰ ਪੜ੍ਹਾਈਆਂ ਕਰਨ ਪਹੁੰਚੇ ਤਾਂ ਇਸ ਪਾਸੇ ਸਾਡੀ ਚੇਤਨਾ ਜਾਗਣੀ ਸ਼ੁਰੂ ਹੋਈ ਹੈ।

PunjabKesari

ਗੁਰੂ ਨਾਨਕ ਦਾ ਸ਼ੁਕਰਾਣਾ-ਕੁਝ ਬਿਹਤਰ ਜੋ ਬਦਲਿਆ !

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਪ੍ਰੋ.ਜਗਜੀਵਨ ਸਿੰਘ ਬਹੁਤ ਉਮੀਦ ਭਰਿਆ ਮਹਿਸੂਸ ਕਰਦੇ ਹਨ। ਸਮਾਜੀ ਪਿਠਭੂਮੀ ਦੇ ਮਾਹਰ ਪ੍ਰੋ.ਜਗਜੀਵਨ ਸਿੰਘ ਮੁਤਾਬਕ ਇੱਕ ਦਿਨ ਕਰਤਾਰਪੁਰ ਸਾਹਿਬ ਮੱਧ ਏਸ਼ੀਆ ਤੱਕ ਸ਼ਾਂਤੀ ਬਹਾਲ ਕਰਨ ਵਿਚ ਸਹਾਈ ਹੋਣ ਵਾਲਾ ਕੇਂਦਰ ਬਣੇਗਾ। ਉਹ ਕਹਿੰਦੇ ਹਨ ਕਿ ਪੰਜਾਬ ਦੇ ਪਿੰਡ ਵਿੱਚ ਦੇਰ ਆਏ ਦੁਰੱਸਤ ਆਏ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਦੀ ਸਿਰਫ਼ ਘਟਨਾ ਨਹੀਂ ਹੈ। ਇਸ ਨਾਲ ਜਿਹੋ ਜਹੀ ਚੇਤਨਾ ਫੈਲੀ ਹੈ, ਉਸ ਨਾਲ ਨੌਜਵਾਨ ਬੇਹਤਰ ਜ਼ਿੰਦਗੀ ਨੂੰ ਵਧੇ ਹਨ। ਪਿੰਡ ਵਾਸੀਆਂ ਨੇ ਦੂਜਿਆਂ ਲਈ ਮਿਸਾਲੀ ਕੰਮ ਕੀਤਾ ਹੈ। ਗੁਰਮਤਿ ਫਲਸਫਾ ਇਸੇ ਰੌਸ਼ਨੀ ਦਾ ਨਾਮ ਹੀ ਤਾਂ ਹੈ।

ਪ੍ਰੋ.ਜਗਜੀਵਨ ਸਿੰਘ ਬਿਹਾਰ ਦੇ ਜ਼ਿਲ੍ਹੇ ਅੱਰਰੀਆ ਦੇ ਪਿੰਡ ਹਲਹਲੀਆ ਦੀ ਉਦਾਹਰਨ ਦਿੰਦੇ ਹਨ। ਮੁਸਹਰ ਜਾਤੀ ਦਾ ਭਾਈਚਾਰਾ ਪੰਜਾਬ ਵਾਢੀ ਅਤੇ ਲਵਾਈ ਦੇ ਸੀਜ਼ਨ ਦੌਰਾਨ ਪੰਜਾਬ ਦਿਹਾੜੀ ਕਰਨ ਆਉਂਦਾ ਸੀ। ਇੱਥੋਂ ਉਹ ਸਿੱਖੀ ਜੀਵਨ ਜਾਂਚ ਤੋਂ ਪ੍ਰਭਾਵਿਤ ਹੋਕੇ ਗਏ ਤਾਂ ਖੁਦ ਸਿੱਖ ਬਣ ਗਏ। ਇੱਥੋਂ ਦੇ ਵਾਸੀ ਇਸ ਨੁਕਤੇ ਤੋਂ ਪ੍ਰਭਾਵਿਤ ਹੋਏ ਸਨ ਕਿ ਗੁਰਮਤਿ ਫਲਸਫਾ ਜਾਤ ਪਾਤ ਦਾ ਭੇਦ ਨਹੀਂ ਰੱਖਦਾ। ਪ੍ਰੋ.ਜਗਜੀਵਨ ਸਿੰਘ ਮੁਤਾਬਕ ਪਿੰਡ ਭੂਲਣ ਵਾਸੀਆਂ ਦੀ ਇਹ ਚੇਤਨਾ ਅਤੇ ਬਿਹਾਰ ਦੇ ਪਿੰਡ ਹਲਹਲੀਆਂ ਜਿਹੀਆਂ ਉਦਾਹਰਨਾਂ ਧਰਮ ਦੀ ਰੂਹਾਨੀ ਅਤੇ ਇਨਸਾਨੀ ਭਾਵਨਾ ਦੀ ਮਿਸਾਲ ਹਨ।

PunjabKesari

ਸਿੱਖੀ ਅਤੇ ਚੇਤਨਾ ਸੰਗ ਉੱਠਦੀ ਲਹਿਰ 
ਗੁਰਦੁਆਰਾ ਸਾਹਿਬ ਦੀ ਇਮਾਰਤ ਲਈ ਪਿੰਡ ਵਾਸੀ ਆਪੋ ਆਪਣੇ ਹਿੱਸੇ ਆਈ ਸੇਵਾ ਨਿਭਾ ਰਹੇ ਹਨ। ਪਿੰਡ ਵਾਸੀਆਂ ਮੁਤਾਬਕ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2 ਲੱਖ ਦੀ ਗ੍ਰਾਂਟ ਗੁਰਦੁਆਰਾ ਸਾਹਿਬ ਲਈ ਦੇਕੇ ਗਏ ਹਨ। ਮਨੋਜ ਸਿੰਘ ਪੁੱਤਰ ਸੱਤਿਆਵਾਨ ਸਿੰਘ ਕਹਿੰਦੇ ਹਨ ਕਿ ਗੁਰੂ ਮਹਿਰ ਕਰੇ ਤਾਂ ਅਸੀਂ ਹੋਰ ਬਿਹਤਰ ਕਰਨ ਵੱਲ ਵਧਾਂਗੇ। ਰਾਜ ਰਾਮ ਦੱਸਦੇ ਹਨ ਕਿ ਅਸੀਂ ਪਹਿਲਾਂ ਹੁੱਕਾ ਵੀ ਪੀਂਦੇ ਸਾਂ। ਗੁਰਬਾਣੀ ਪ੍ਰਚਾਰ ਦੇ ਨਾਲ ਨਾਲ ਅਸੀਂ ਸਭ ਤਿਆਗ ਗਏ ਹਾਂ। ਰਾਜਾ ਰਾਮ ਦੇ ਪੁੱਤਰ ਸੁਰਿੰਦਰ ਸਿੰਘ ਅੰਮ੍ਰਿਤਧਾਰੀ ਸਿੰਘ ਹਨ ਅਤੇ ਗੁਰਦੁਆਰਾ ਧਮਤਾਨ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਕਰਦੇ ਹਨ। ਪਿੰਡ ਵਾਸੀ ਵੇਦ ਪ੍ਰਕਾਸ਼, ਦੇਵਾ ਸਿੰਘ, ਰਾਮ ਪਾਲ ਦੱਸਦੇ ਹਨ ਕਿ ਸਾਡੇ ਕੁਝ ਸਾਲਾਂ ਵਿਚ ਬਦਲਾਅ ਬਹੁਤ ਸਾਰਥਕ ਆਇਆ ਹੈ। ਆਨੰਦ ਕਾਰਜ ਦੀ ਰਸਮ ਵਧੀ ਹੈ। ਨਸ਼ੇ ਤੋਂ ਪ੍ਰਹੇਜ ਹੋਇਆ ਹੈ। ਇਹਦੇ ਨਾਲ ਹੀ 14 ਨਵੰਬਰ ਤੋਂ ਰੋਜ਼ਾਨਾ ਗੁਰੂ ਨਾਨਕ ਪ੍ਰਕਾਸ਼ ਪੁਰਬ ਮੌਕੇ ਪਿੰਡ ਵਿਚ ਪ੍ਰਭਾਤਫੇਰੀਆਂ ਵੀ ਨਿਕਲਦੀਆਂ ਹਨ।

ਰਾਮ ਪਾਲ ਮੁਤਾਬਕ ਪਿੰਡ 'ਚ ਨੌਜਵਾਨਾਂ ਦਾ ਚੰਗੇ ਲੀਹੇ ਪੈਣ ਦਾ ਨਤੀਜਾ ਇਹ ਹੈ ਕਿ ਹਰ ਸਾਲ ਪਿੰਡ ਤੋਂ ਮੁੰਡੇ ਫੌਜ 'ਚ ਭਰਤੀ ਹੋ ਰਹੇ ਹਨ ਅਤੇ ਬਹੁਤਾਤ ਸਿੱਖ ਰੈਜੀਮੈਂਟ ਵਿਚ ਸ਼ਾਮਲ ਹੋਣ ਵਾਲਿਆਂ ਦੀ ਹੈ।


rajwinder kaur

Content Editor

Related News