ਨਗਰ ਨਿਗਮ ਨੇ ਕੱਟੇ ਸਿੱਧਵਾਂ ਨਹਿਰ ’ਚ ਕੂੜਾ ਸੁੱਟਣ ਵਾਲੇ 53 ਲੋਕਾਂ ਦੇ ਚਲਾਨ, 5-5 ਹਜ਼ਾਰ ਹੋਵੇਗਾ ਜੁਰਮਾਨਾ
Tuesday, Jan 31, 2023 - 02:25 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਜਿੱਥੇ ਸਿੱਧਵਾਂ ਨਹਿਰ ’ਚ ਕੂੜਾ ਸੁੱਟਣ ਵਾਲੇ 55 ਲੋਕਾਂ ਦੇ ਖ਼ਿਲਾਫ਼ ਪੁਲਸ ਕੇਸ ਦਰਜ ਕਰਵਾਉਣ ਲਈ ਸਿੰਚਾਈ ਵਿਭਾਗ ਨੂੰ ਸਿਫਾਰਿਸ਼ ਕੀਤੀ ਗਈ ਹੈ, ਉੱਥੇ 53 ਲੋਕਾਂ ਦੇ ਚਲਾਨ ਕੱਟਣ ਦੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਨਗਰ ਨਿਗਮ ਜ਼ੋਨ-ਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿੱਧਵਾਂ ਨਹਿਰ ਦੀ ਸਫ਼ਾਈ ਦੌਰਾਨ ਕੂੜਾ ਸੁੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਮਗਰੋਂ ਲੋਕਾਂ ਨੂੰ ਸ਼ੁਰੂਆਤੀ ਦੌਰ ’ਚ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲਾਤ ’ਚ ਕੋਈ ਸੁਧਾਰ ਨਾ ਹੋਣ ’ਤੇ ਕਮਿਸ਼ਨਰ ਦੇ ਨਿਰਦੇਸ਼ ’ਤੇ ਸਖ਼ਤ ਰੁਖ ਅਖ਼ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤਹਿਤ ਨਗਰ ਨਿਗਮ ਮੁਲਾਜ਼ਮਾਂ ਵਲੋਂ ਐੱਨ. ਜੀ. ਓ. ਦੇ ਮੈਂਬਰਾਂ ਨਾਲ ਸਿੱਧਵਾਂ ਨਹਿਰ ਦੇ ਕਿਨਾਰਿਆਂ ’ਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿੱਧਵਾਂ ਨਹਿਰ ’ਚ ਕੂੜਾ ਸੁੱਟਣ ਵਾਲੇ ਲੋਕਾਂ ਤੋਂ ਸਫ਼ਾਈ ਕਰਵਾਉਣ ਤੋਂ ਇਲਾਵਾ ਚਲਾਨ ਕੱਟਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਡ੍ਰਾਈਵ ਦੌਰਾਨ ਹੁਣ ਤੱਕ 55 ਲੋਕਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਖ਼ਿਲਾਫ਼ ਪੁਲਸ ਕੇਸ ਦਰਜ ਕਰਵਾਉਣ ਲਈ ਸਿੰਚਾਈ ਵਿਭਾਗ ਨੂੰ ਸਿਫਾਰਿਸ਼ ਕੀਤੀ ਗਈ ਹੈ, ਉੱਥੇ 53 ਲੋਕਾਂ ਦੇ ਚਲਾਨ ਜਾਰੀ ਕੀਤੇ ਗਏ ਹਨ, ਜਿਨ੍ਹਾਂ ਨੂੰ 5-5 ਹਜ਼ਾਰ ਜੁਰਮਾਨਾ ਹੋਵੇਗਾ।
ਨੇੜੇ ਦੇ ਇਲਾਕਿਆਂ ’ਚ ਕਰਵਾਈ ਜਾਵੇਗੀ ਮੁਨਾਦੀ
ਨਗਰ ਨਿਗਮ ਅਧਿਕਾਰੀਆਂ ਮੁਤਾਬਕ ਸਿੱਧਵਾਂ ਨਹਿਰ ’ਚ ਕੂੜਾਂ ਜਾਂ ਮਲਬਾ ਸੁੱਟਣ ਵਾਲੇ ਜ਼ਿਆਦਾਤਰ ਲੋਕ ਨੇੜੇ ਦੇ ਇਲਾਕਿਆਂ ਦੇ ਸਾਹਮਣੇ ਆ ਰਹੇ ਹਨ ਅਤੇ ਉਨ੍ਹਾਂ ਲੋਕਾਂ ਵਲੋਂ ਜੁਰਮਾਨੇ ਦੀ ਕਾਰਵਾਈ ਤੋਂ ਬਚਣ ਲਈ ਸਿਫਾਰਿਸ਼ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਇਸ ਤਰ੍ਹਾਂ ਦੇ ਲੋਕਾਂ ਨੂੰ ਚਿਤਾਵਨੀ ਦੇਣ ਲਈ ਨੇੜਲੇ ਇਲਾਕਿਆਂ ’ਚ ਸਿੱਧਵਾਂ ਨਹਿਰ ’ਚ ਕੂੜਾ ਨਾ ਸੁੱਟਣ ਸਬੰਧੀ ਮੁਨਾਦੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।