ਸਿੱਧੂ-ਟੀਨੂੰ ਵਿਵਾਦ : ਐੱਸ. ਸੀ. ਕਮਿਸ਼ਨ ਵਲੋਂ ਵਿਧਾਨਸਭਾ ਸਕੱਤਰ ਤੋਂ ਰਿਪੋਰਟ ਤਲਬ

06/29/2017 6:59:33 AM

ਚੰਡੀਗੜ੍ਹ  (ਭੁੱਲਰ) - ਪੰਜਾਬ ਵਿਧਾਨਸਭਾ ਦੇ ਸੈਸ਼ਨ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਵਿਚਾਲੇ ਹੋਈ ਕਿਹਾ-ਸੁਣੀ ਦੌਰਾਨ ਪੈਦਾ ਹੋਏ ਵਿਵਾਦ ਸਬੰਧੀ ਸ਼ਿਕਾਇਤ ਦੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਟੀਨੂੰ ਨੇ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਦੋਸ਼ ਲਾਇਆ ਸੀ ਕਿ ਉਸ ਨੂੰ ਨਵਜੋਤ ਸਿੱਧੂ ਨੇ ਵਿਧਾਨਸਭਾ ਦੀ ਕਾਰਵਾਈ ਦੌਰਾਨ ਅਨੁਸੂਚਿਤ ਜਾਤੀ ਦਾ ਵਿਧਾਇਕ ਹੋਣ ਕਾਰਨ ਅਪਸ਼ਬਦ ਕਹੇ ਅਤੇ ਬਦਸਲੂਕੀ ਕੀਤੀ। ਇਸ ਮਾਮਲੇ ਵਿਚ ਕਮਿਸ਼ਨ ਨੇ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਕਰਦਿਆਂ ਉਪ ਚੇਅਰਮੈਨ ਰਾਜ ਸਿੰਘ ਅਤੇ ਮੈਂਬਰ ਪ੍ਰਭਦਿਆਲ ਨੂੰ ਜਾਂਚ ਲਈ ਨਿਯੁਕਤ ਕੀਤਾ ਸੀ। ਜਾਂਚ ਪੈਨਲ ਦੇ ਮੈਂਬਰਾਂ ਨੇ ਕਮਿਸ਼ਨ ਵਲੋਂ ਪੰਜਾਬ ਵਿਧਾਨਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੂੰ ਪੱਤਰ ਭੇਜ ਕੇ ਉਨ੍ਹਾਂ ਤੋਂ ਇਸ ਮਾਮਲੇ ਵਿਚ ਜਵਾਬ ਮੰਗਿਆ।
ਕਮਿਸ਼ਨ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਆਦਮਪੁਰ ਦੇ ਵਿਧਾਇਕ ਟੀਨੂੰ ਵਲੋਂ ਪ੍ਰਾਪਤ ਸ਼ਿਕਾਇਤ ਸਬੰਧੀ 6 ਜੁਲਾਈ ਨੂੰ ਸਕੱਤਰੇਤ ਦਫਤਰ ਵਿਖੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਭੇਜ ਕੇ ਰਿਪੋਰਟ ਦਿੱਤੀ ਜਾਵੇ। ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਇਸ ਹੁਕਮ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਕਮਿਸ਼ਨ ਐਕਟ 2004 ਦੀ ਧਾਰਾ 1 ਤਹਿਤ ਪ੍ਰਦਾਨ ਸਿਵਲ ਅਦਾਲਤ ਦੀਆਂ ਸ਼ਕਤੀਆਂ ਦੀ ਵਰਤੋਂ ਕਰਨ ਲਈ ਪਾਬੰਦ ਹੋਵੇਗਾ।  ਜ਼ਿਕਰਯੋਗ ਹੈ ਕਿ ਵਿਧਾਨਸਭਾ ਦੇ ਸੈਸ਼ਨ ਦੌਰਾਨ ਸ਼ੌਰ-ਸ਼ਰਾਬੇ ਤੇ ਹੰਗਾਮੇ ਕਾਰਨ ਨਵਜੋਤ ਸਿੱਧੂ ਵਲੋਂ ਟੀਨੂੰ ਨਾਲ ਬਹਿਸਬਾਜ਼ੀ ਦੌਰਾਨ ਬੋਲੇ ਗਏ ਸ਼ਬਦਾਂ 'ਤੇ ਸਪੀਕਰ ਨੇ ਸਖ਼ਤ ਇਤਰਾਜ਼ ਕੀਤਾ ਸੀ।
ਕਾਰਵਾਈ ਦੌਰਾਨ ਟੀਨੂੰ ਵਲੋਂ ਵੀ ਜਵਾਬੀ ਵਾਰ ਕਰਦਿਆਂ ਨਵਜੋਤ ਸਿੱਧੂ ਨੂੰ ਤਿੱਖੇ ਸ਼ਬਦਾਂ ਦਾ ਇਸਤੇਮਾਲ ਕਰਦਿਆਂ ਸਿੱਧੀ ਚੁਣੌਤੀ ਦਿੱਤੀ ਗਈ ਸੀ ਪਰ ਟੀਨੂੰ ਵਲੋਂ ਵਰਤੇ ਗਏ ਕੁੱਝ ਸ਼ਬਦ ਇਤਰਾਜ਼ਯੋਗ ਹੋਣ ਦੀ ਗੱਲ ਕਹਿੰਦਿਆਂ ਸਪੀਕਰ ਨੇ ਸੱਤਾਧਿਰ ਦੇ ਮੈਂਬਰਾਂ ਦੇ ਇਤਰਾਜ਼ ਤੋਂ ਬਾਅਦ ਇਨ੍ਹਾਂ ਸ਼ਬਦਾਂ ਨੂੰ ਕਾਰਵਾਈ 'ਚੋਂ ਕੱਢ ਦਿੱਤਾ ਸੀ।


Related News