ਜੈਰਾਮ ਦੇ ਬਿਆਨ ''ਤੇ ਚੋਣ ਕਮਿਸ਼ਨ ਗੰਭੀਰ, ਨੋਟਿਸ ਭੇਜ ਕੇ ਮੰਗਿਆ ਜਵਾਬ

06/02/2024 5:43:05 PM

ਨਵੀਂ ਦਿੱਲੀ (ਵਾਰਤਾ)- ਚੋਣ ਕਮਿਸ਼ਨ ਨੇ ਕਾਂਗਰਸ ਨੇਤਾ ਜੈਰਾਮ ਰਮੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੋਟਾਂ ਦੀ ਗਿਣਤੀ ਤੋਂ ਪਹਿਲੇ 150 ਜ਼ਿਲ੍ਹਾ ਅਧਿਕਾਰੀਆਂ ਨੂੰ ਫ਼ੋਨ ਕਰਨ ਸੰਬੰਧੀ ਦਾਅਵੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਨੂੰ ਨੋਟਿਸ ਭੇਜਿਆ ਹੈ ਅਤੇ ਐਤਵਾਰ ਸ਼ਾਮ ਤੱਕ ਇਸ ਮਾਮਲੇ 'ਚ ਦੋਸ਼ਾਂ ਨੂੰ ਆਧਾਰ ਦੱਸਦੇ ਹੋਏ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਕਮਿਸ਼ਨ ਨੇ ਨੋਟਿਸ 'ਚ ਸ਼੍ਰੀ ਰਮੇਸ਼ ਦੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਐਕਸ' ਦੇ ਪੋਸਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਇਸ ਪੋਸਟ 'ਚ ਸ਼੍ਰੀ ਰਮੇਸ਼ ਨੇ ਦਾਅਵਾ ਕੀਤਾ,''ਸਾਬਕਾ ਗ੍ਰਹਿ ਮੰਤਰੀ ਨੇ ਡੀ.ਐੱਮ. ਨੂੰ ਫ਼ੋਨ ਕੀਤਾ ਹੈ। ਹੁਣ ਤੱਕ 150 ਨਾਲ ਗੱਲ ਕਰ ਲਈ ਹੈ।''

ਕਮਿਸ਼ਨ ਨੇ ਸ਼੍ਰੀ ਰਮੇਸ਼ ਨੂੰ ਕੜਕ ਨੋਟਿਸ ਭੇਜ ਕੇ ਕਿਹਾ,''ਤੁਸੀਂ ਆਪਣੀਆਂ ਗੱਲਾਂ ਦੇ ਪ੍ਰਮਾਣ ਨਾਲ ਸਾਨੂੰ ਜਵਾਬ ਭੇਜੋ, ਕਿਉਂਕਿ ਚੋਣਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤਾ ਲਾਗੂ ਹੋ ਜਾਂਦੀ ਹੈ ਅਤੇ ਆਜ਼ਾਦ ਤੇ ਨਿਰਪੱਖ ਚੋਣਾਂ ਲਈ ਦੇਸ਼ ਦਾ ਸਾਰਾ ਪ੍ਰਸ਼ਾਸਨ ਕਮਿਸ਼ਨ ਦੇ ਅਧੀਨ ਆ ਜਾਂਦਾ ਹੈ ਤੇ ਜ਼ਿਲ੍ਹਾ ਅਧਿਕਾਰੀ ਅਤੇ ਜ਼ਿਲ੍ਹੇ ਦੇ ਹੋਰ ਸਾਰੇ ਵੱਡੇ ਅਧਿਕਾਰੀ ਰਿਟਰਨਿੰਗ ਅਫ਼ਸਰ ਵਜੋਂ ਕਮਿਸ਼ਨ ਦੇ ਨਿਰਦੇਸ਼ਨ 'ਤੇ ਕੰਮ ਕਰਦੇ ਹਨ। ਕਮਿਸ਼ਨ ਨੂੰ ਤੁਹਾਨੂੰ ਇਹ ਦੱਸਣਾ ਹੋਵੇਗਾ ਕਿ ਤੁਹਾਡੀ ਇਸ ਜਾਣਕਾਰੀ ਅਤੇ ਇਸ ਜਨਤਕ ਪੋਸਟ ਦਾ ਆਧਾਰ ਕੀ ਹੈ।'' ਸ਼੍ਰੀ ਰਮੇਸ਼ ਨੇ ਸ਼ਨੀਵਾਰ ਨੂੰ ਕਿਹਾ,''ਸਾਬਕਾ ਗ੍ਰਹਿ ਮੰਤਰੀ ਅੱਜ ਸਵੇਰ ਤੋਂ ਜ਼ਿਲ੍ਹਾ ਕਲੈਕਟਰਾਂ ਨਾਲ ਫ਼ੋਨ 'ਤੇ ਗੱਲ ਕਰ ਰਹੇ ਹਨ। ਹੁਣ ਤੱਕ 150 ਅਫ਼ਸਰਾਂ ਨਾਲ ਗੱਲ ਹੋ ਚੁੱਕੀ ਹੈ। ਅਫ਼ਸਰਾਂ ਨੂੰ ਇਸ ਤਰ੍ਹਾਂ ਨਾਲ ਖੁੱਲ੍ਹੇਆਮ ਧਮਕਾਉਣ ਦੀ ਕੋਸ਼ਿਸ਼ ਬੇਹੱਦ ਹੀ ਸ਼ਰਮਨਾਕ ਹੈ ਅਤੇ ਨਾਮਨਜ਼ੂਰ ਹੈ। ਯਾਦ ਰੱਖਣਾ ਕਿ ਲੋਕਤੰਤਰ ਜਨਾਦੇਸ਼ ਨਾਲ ਚੱਲਦਾ ਹੈ, ਧਮਕੀਆਂ ਨਾਲ ਨਹੀਂ। ਚਾਰ ਜੂਨ ਨੂੰ ਜਨਾਦੇਸ਼ ਅਨੁਸਾਰ ਸ਼੍ਰੀ ਨਰਿੰਦਰ ਮੋਦੀ, ਸ਼੍ਰੀ ਅਮਿਤ ਸ਼ਾਹ ਅਤੇ ਭਾਜਪਾ ਸੱਤਾ ਤੋਂ ਬਾਹਰ ਹੋਣਗੇ ਅਤੇ ਇੰਡੀਆ ਸਮੂਹ ਜੇਤੂ ਹੋਵੇਗਾ। ਅਫ਼ਸਰਾਂ ਨੂੰ ਕਿਸੇ ਤਰ੍ਹਾਂ ਦੇ ਦਬਾਅ 'ਚ ਨਹੀਂ ਆਉਣਾ ਚਾਹੀਦਾ ਅਤੇ ਸੰਵਿਧਾਨ ਦੀ ਰੱਖਿਆ ਕਰਨੀ ਚਾਹੀਦੀ ਹੈ। ਉਹ ਨਿਗਰਾਨੀ 'ਚ ਹਨ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News