ਸਿੱਧੂ ਦੇ ਭਾਸ਼ਣ ਨੇ ਰਾਹੁਲ ਤੇ ਰਾਵਤ ਦੇ ਕੀਤੇ ਕੰਨ ਖੜ੍ਹੇ!
Sunday, Oct 04, 2020 - 10:26 PM (IST)
ਲੁਧਿਆਣਾ, (ਮੁੱਲਾਂਪੁਰੀ)– ਪੰਜਾਬ ਦੇ ਮਾਲਵਾ ਇਲਾਕੇ ’ਚ ਕਾਂਗਰਸ ਦੇ ਕੌਮੀ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ’ਚ ਕੱਢੀ ਗਈ ਟਰੈਕਟਰ ਰੈਲੀ ਅਤੇ ਕੀਤੀ ਗਈ ਵਿਸ਼ਾਲ ਰੈਲੀ ’ਚ ਕੈਪਟਨ ਸਰਕਾਰ ਵੱਲੋਂ ਨਿਕਾਰੇ ਗਏ ਨਵਜੋਤ ਸਿੱਧੂ ਨੇ ਆਪਣੇ ਭਾਸ਼ਣ ’ਚ ਜਿਸ ਤਰੀਕੇ ਨਾਲ ਮੋਦੀ ਸਰਕਾਰ ਨੂੰ ਰਗੜੇ ਲਾਏ ਅਤੇ ਕਿਸਾਨਾਂ ਦੀ ਗੱਲ ਕੀਤੀ ਅੰਡਾਨੀ-ਅੰਬਾਨੀ ’ਤੇ ਤਿੱਖੇ ਵਾਰ ਅਤੇ ਕਿਸਾਨਾਂ ਦੀ ਪਿੱਠ ਥਾਪੜੀ, ਉਸ ਨੂੰ ਦੇਖ ਕੇ ਸਟੇਜ ’ਤੇ ਬੈਠੇ ਰਾਹੁਲ ਗਾਂਧੀ ਅਤੇ ਹਰੀਸ਼ ਰਾਵਤ ਦੇ ਕੰਨ ਖੜ੍ਹੇ ਹੋ ਗਏ ਹਨ।
ਸ. ਸਿੱਧੂ ਨੇ ਆਪਣੇ 7-8 ਮਿੰਟ ਦੇ ਭਾਸ਼ਣ ’ਚ ਜੋ ਸ਼ੇਅਰੋ-ਸ਼ਾਇਰੀ ਤੇ ਕਿਸਾਨਾਂ ਦੀ ਗੱਲ ਕੀਤੀ ਹੈ, ਉਸ ਨੂੰ ਕਾਂਗਰਸੀ ਕਿਸਾਨਾਂ ਦੇ ਹੱਕ ’ਚ ਵੱਡਾ ਫਤਵਾ ਮੰਨ ਰਹੇ ਹਨ। ਭਾਵੇਂ ਸਟੇਜ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਗੱਲ ਕੀਤੀ ਤੇ ਉਨ੍ਹਾਂ ਦੀ ਹਰ ਮੱਦਦ ਤੇ ਹਰ ਸੰਘਰਸ਼ ਲਈ ਸਰਕਾਰ ਵੱਲੋਂ ਹਾਮੀ ਭਰੀ ਪਰ ਜੋ ਜੋਸ਼ੀਲਾ ਭਾਸ਼ਣ ਨਵਜੋਤ ਸਿੱਧੂ ਨੇ ਦਿੱਤਾ, ਉਸ ਨੂੰ ਅੱਜ ਸੋਸ਼ਲ ਮੀਡੀਆ ’ਤੇ ਸ਼ਾਇਦ ਹੀ ਕੋਈ ਐਸਾ ਸੱਜਣ ਹੋਵੇਗਾ ਜਿਸ ਨੇ ਨਹੀਂ ਦੇਖਿਆ ਹੋਵੇਗਾ। ਅੱਜ ਤਾਂ ਸਿੱਧੂ ਦੇ ਭਾਸ਼ਣ ਦੀਆਂ ਕਲਿੱਪਾਂ ਤਾਂ ਅਕਾਲੀ ਨੇਤਾ ਵੀ ਇਕ-ਦੂਜੇ ਨੂੰ ਪਾ ਰਹੇ ਸਨ ਕਿਉਂਕਿ ਸਿੱਧੂ ਨੇ ਸਟੇਜ ਤੇ ਖੁੱਲ੍ਹ ਕੇ ਬੋਲ ਅੱਜ ਆਪਣੇ ਦਿਲ ਦੀ ਗੱਲ ਕਈ ਮਹੀਨਿਆਂ ਬਾਅਦ ਕੀਤੀ ਸੀ।