ਟਿਕਟਾਂ ਕੱਟੇ ਜਾਣ ਦੇ ਖ਼ਦਸ਼ੇ ਤੋਂ ਘਬਰਾਏ ਕਈ ਵਿਧਾਇਕਾਂ ਨੇ ਫੜ੍ਹਿਆ ਸਿੱਧੂ ਦਾ ਪੱਲਾ

Thursday, Jul 22, 2021 - 02:48 PM (IST)

ਟਿਕਟਾਂ ਕੱਟੇ ਜਾਣ ਦੇ ਖ਼ਦਸ਼ੇ ਤੋਂ ਘਬਰਾਏ ਕਈ ਵਿਧਾਇਕਾਂ ਨੇ ਫੜ੍ਹਿਆ ਸਿੱਧੂ ਦਾ ਪੱਲਾ

ਜਲੰਧਰ (ਧਵਨ) : ਪੰਜਾਬ ’ਚ ਕਾਂਗਰਸ ਦੇ ਅੰਦਰ ਦੇਖਣ ਨੂੰ ਮਿਲ ਰਹੇ ਭਾਰੀ ਉਤਰਾਅ-ਚੜ੍ਹਾਅ ਦਰਮਿਆਨ ਹੁਣ ਕਾਂਗਰਸੀਆਂ ’ਚ ਇਹ ਚਰਚਾ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਕਾਂਗਰਸ ਹਾਈਕਮਾਨ ਵਲੋਂ 2022 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ 25 ਫੀਸਦੀ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦੀਆਂ ਚੱਲ ਰਹੀਆਂ ਚਰਚਾਵਾਂ ਨੂੰ ਦੇਖਦੇ ਹੋਏ ਵੀ ਕਈ ਵਿਧਾਇਕਾਂ ਨੇ ਨਵਜੋਤ ਸਿੰਘ ਸਿੱਧੂ ਦਾ ਪੱਲਾ ਫੜ੍ਹਿਆ ਹੋਇਆ ਹੈ। ਇਨ੍ਹਾਂ ਵਿਧਾਇਕਾਂ ’ਚੋਂ ਕੁਝ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸ਼ਾਇਦ ਸਿੱਧੂ ਉਨ੍ਹਾਂ ਦੀ ਟਿਕਟ ਕੱਟੇ ਜਾਣ ਤੋਂ ਬਚਾ ਸਕਣ। ਕੁਝ ਵਿਧਾਇਕ ਅਜਿਹੇ ਹਨ, ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਵੱਲ ਜਾ ਰਹੇ ਹਨ। ਇਨ੍ਹਾਂ ਵਿਧਾਇਕਾਂ ਨੂੰ ਇਹ ਗੱਲ ਪਤਾ ਹੈ ਕਿ ਟਿਕਟਾਂ ਕੱਟਣ ਦੇ ਮਾਮਲੇ ਨੂੰ ਲੈ ਕੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਰਿਪੋਰਟ ਰਾਹੁਲ ਗਾਂਧੀ ਨੂੰ ਦਿੱਤੀ ਹੋਈ ਹੈ, ਜਿਸ ’ਚ ਰਾਹੁਲ ਨੂੰ ਕਿਹਾ ਗਿਆ ਹੈ ਕਿ ਜਿਨ੍ਹਾਂ ਵਿਧਾਇਕਾਂ ਖਿਲਾਫ ਜਨਤਾ ਦਿਖਾਈ ਦੇ ਰਹੀ ਹੈ, ਉਨ੍ਹਾਂ ਦੇ ਸਥਾਨ ’ਤੇ ਨਵੇਂ ਚਿਹਰਿਆਂ ਨੂੰ ਅਜ਼ਮਾਇਆ ਜਾਣਾ ਚਾਹੀਦਾ ਹੈ। ਜੇ 25 ਫੀਸਦੀ ਟਿਕਟਾਂ ਕੱਟ ਕੇ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾਂਦਾ ਹੈ ਤਾਂ ਸੂਬੇ ’ਚ ਕਾਂਗਰਸ ਦੀ ਮੁੜ ਸਰਕਾਰ ਬਣ ਸਕਦੀ ਹੈ।

ਇਹ ਵੀ ਪੜ੍ਹੋ : ਕੀ ਹਾਈਕਮਾਨ ਦੇ ਫਰਮਾਨ ’ਤੇ ਅਮਲ ਕਰਨਗੇ ਨਾਰਾਜ਼ ‘ਕਪਤਾਨ’?

ਇਸ ਹਿਸਾਬ ਨਾਲ 2 ਦਰਜਨ ਤੋਂ ਵੱਧ ਮੌਜੂਦਾ ਵਿਧਾਇਕਾਂ ਨੂੰ ਆਪਣੀਆਂ ਟਿਕਟਾਂ ਤੋਂ ਹੱਥ ਧੋਣਾ ਪੈ ਸਕਦਾ ਹੈ। ਇਨ੍ਹਾਂ ਵਿਧਾਇਕਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਨੂੰ ਲੈ ਕੇ ਉਹ ਆਪਣੀਆਂ ਟਿਕਟਾਂ ਨੂੰ ਬਚਾ ਨਹੀਂ ਸਕਣਗੇ ਕਿਉਂਕਿ ਟਿਕਟਾਂ ਲੈਣ ਲਈ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦੋਹਾਂ ਦੀ ਲੋੜ ਪੈ ਸਕਦੀ ਹੈ। ਦੂਜੇ ਪਾਸੇ ਮੁੱਖ ਮੰਤਰੀ ਵੀ ਜਲਦਬਾਜ਼ੀ ’ਚ ਨਹੀਂ ਹਨ। ਉਹ ਹਰ ਕਦਮ ਹੌਲੀ ਰਫਤਾਰ ਨਾਲ ਚੱਲਦੇ ਹੋਏ ਚੁੱਕਦੇ ਹਨ ਪਰ ਉਨ੍ਹਾਂ ਦੀ ਨਜ਼ਰ ਆਉਣ ਵਾਲੇ ਭਵਿੱਖ ਵੱਲ ਟਿਕੀ ਹੁੰਦੀ ਹੈ। ਕੈਪਟਨ ਦੀ ਇਸ ਸਿਆਸਤ ਨੂੰ ਕਾਂਗਰਸੀ ਵੀ ਸਮਝਣ ’ਚ ਅਸਮਰੱਥ ਹਨ। ਇਨ੍ਹਾਂ ਵਿਧਾਇਕਾਂ ’ਚੋਂ ਕੁਝ ਦਾ ਕਹਿਣਾ ਹੈ ਕਿ ਸਵੇਰੇ ਜੇ ਉਹ ਸਿੱਧੂ ਨਾਲ ਹੁੰਦੇ ਹਨ ਤਾਂ ਸ਼ਾਮ ਨੂੰ ਉਹ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਵਿਖੇ ਸਰਕਾਰੀ ਕੰਮਕਾਜ ਕਰਵਾਉਣ ਲਈ ਪਹੁੰਚ ਜਾਂਦੇ ਹਨ।

ਇਹ ਵੀ ਪੜ੍ਹੋ : ਕੁਝ ਮਹੀਨੇ ਪਹਿਲਾਂ ਵਿਆਹੇ ਜੋੜੇ ਨੇ ਕੀਤੀ ਖੁਦਕੁਸ਼ੀ, ਪੁਲਸ ਸਾਹਮਣੇ ਦਿੱਤੇ ਇਹ ਬਿਆਨ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News