ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੰਜਾਬ ਪੁਲਸ ਦੀ ਸਟੇਟਸ ਰਿਪੋਰਟ ਆਈ ਸਾਹਮਣੇ
Thursday, Jun 16, 2022 - 06:26 PM (IST)
ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੀ ਸਟੇਟਸ ਰਿਪੋਰਟ ਸਾਹਮਣੇ ਆਈ ਹੈ। ਇਸ ਸਟੇਟਸ ਰਿਪੋਰਟ ਵਿਚ ਪੰਜਾਬ ਪੁਲਸ ਨੇ ਵੀ ਲਾਰੈਂਸ ਬਿਸ਼ਨੋਈ ਨੂੰ ਹੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਮੰਨਿਆ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਸ ਨੇ 4 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਹੈ। ਫਿਲਹਾਲ ਇਨ੍ਹਾਂ ਸ਼ੂਟਰਾਂ ਦਾ ਅਜੇ ਪੂਰੀ ਤਰ੍ਹਾਂ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਸ ਵੀ ਲਾਰੈਂਸ ਬਿਸ਼ਨੋਈ ਨੂੰ ਮੂਸੇਵਾਲਾ ਕਤਲ ਕਾਂਡ ਵਿਚ ਮਾਸਟਰ ਮਾਈਂਡ ਕਰਾਰ ਦੇ ਚੁੱਕੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਇਸ ਹਾਈ ਪ੍ਰੋਫਾਈਲ ਕਤਲ ਕਾਂਡ ’ਚ 10 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ ਵੀ ਲਾਰੈਂਸ ਨੂੰ ਮਾਸਟਰਮਾਈਂਡ ਦੱਸਿਆ ਸੀ।
ਪੰਜਾਬ ਪੁਲਸ ਦੀ ਸਟੇਟਸ ਰਿਪੋਰਟ
ਸੰਦੀਪ ਕੇਕੜਾ- ਸੰਦੀਪ ਕੇਕੜਾ ਨੇ ਹੀ ਫੈਨ ਬਣ ਕੇ ਮੂਸੇਵਾਲਾ ਦੀ ਰੇਕੀ ਕੀਤੀ। ਫਿਰ ਸ਼ਾਰਪ ਸੂਟਰਾਂ ਅਤੇ ਵਿਦੇਸ਼ ਬੈਠੇ ਗੈਂਗਸਟਰ ਨੂੰ ਪੂਰੀ ਜਾਣਕਾਰੀ ਦਿੱਤੀ।
ਮਨਪ੍ਰੀਤ ਮੰਨਾ - ਜੇਲ ਵਿਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨੇ ਆਪਣੀ ਕੋਰੋਲਾ ਗੱਡੀ ਨੂੰ ਮਨਪ੍ਰੀਤ ਉਰਫ ਭਾਊ ਤੱਕ ਪਹੁੰਚਾਇਆ ਸੀ। ਜਿਸ ਦਾ ਇਸਤੇਮਾਲ ਸ਼ਾਰਪ ਸ਼ੂਟਰਾਂ ਨੇ ਮੂਸੇਵਾਲਾ ਦੇ ਕਤਲ ਵਿਚ ਕੀਤਾ।
ਸਰਾਜ ਮਿੰਟੂ- ਜੇਲ ਵਿਚ ਬੰਦ ਗੈਂਗਸਟਰ ਸਰਾਜ ਮਿੰਟੂ ਨੇ ਮਨਪ੍ਰੀਤ ਭਾਊ ਨਾਲ ਸੰਪਰਕ ਕੀਤਾ। ਉਸ ਨੇ ਮਨਪ੍ਰੀਤ ਨੂੰ ਇਹ ਕੋਰੋਲਾ ਗੱਡੀ ਅੱਗੇ 2 ਬਦਮਾਸ਼ਾਂ ਨੂੰ ਦਿੱਤੀ। ਇਹ ਦੋਵੇਂ ਸ਼ਾਰਪ ਸ਼ੂਟਰ ਹੋ ਸਕਦੇ ਹਨ। ਸਰਾਜ ਮਿੰਟੂ ਗੋਲਡੀ ਬਰਾੜ ਅਤੇ ਸਚਿਨ ਦਾ ਕਰੀਬੀ ਹੈ।
ਮਨਪ੍ਰੀਤ ਭਾਊ - ਮਨਪ੍ਰੀਤ ਭਾਊ ਨੇ ਮੰਨਾ ਦੀ ਭੇਜੀ ਕੋਰੋਲਾ ਗੱਡੀ ਲਈ। ਫਿਰ ਸਰਾਜ ਮਿੰਟੂ ਦੇ ਕਹਿਣ ’ਤੇ ਉਸ ਨੂੰ ਅੱਗੇ ਦੋ ਬਦਮਾਸ਼ਾਂ ਤੱਕ ਪਹੁੰਚਾਇਆ।
ਪ੍ਰਭਦੀਪ ਪੱਬੀ - ਪ੍ਰਭਦੀਪ ਸਿੰਘ ਪੱਬੀ ਨੇ ਗੋਲਡੀ ਬਰਾੜ ਦੇ 2 ਸਾਥੀਆਂ ਨੂੰ ਪਨਾਹ ਦਿੱਤੀ। ਇਹ ਦੋਵੇਂ ਜਨਵਰੀ 2022 ਵਿਚ ਹਰਿਆਣਾ ਤੋਂ ਆਏ ਸੀ। ਇਨ੍ਹਾਂ ਦੋਵਾਂ ਨੇ ਵੀ ਮੂਸੇਵਾਲਾ ਦੇ ਘਰ ਅਤੇ ਆਸਪਾਸ ਦੇ ਰਸਤਿਆਂ ਦੀ ਰੇਕੀ ਕੀਤੀ ਸੀ। ਪੱਬੀ ਦਾ ਅਦਾਲਤ ਨੇ 3 ਦਿਨ ਦਾ ਰਿਮਾਂਡ ਦਿੱਤਾ ਹੈ। ਪੁਲਸ ਉਸ ਤੋਂ ਸ਼ਾਰਪ ਸ਼ੂਟਰ ਦੇ ਨਾਮ ਪਤਿਆਂ ਦੀ ਜਾਣਕਾਰੀ ਹਾਸਲ ਕਰਨ ਵਿਚ ਲੱਗੀ ਹੋਈ ਹੈ।
ਮੋਨੂੰ ਡਾਗਰ - ਮੈਨੂੰ ਡਾਗਰ ਨੇ ਗੋਲਡੀ ਬਰਾੜ ਦੇ ਕਹਿਣ ’ਤੇ 2 ਸ਼ੂਟਰ ਮੁਹੱਈਆ ਕਰਵਾਏ। ਫਿਰ ਉਨ੍ਹਾਂ ਦੀ ਸ਼ੂਟਰਸ ਦੀ ਟੀਮ ਬਨਾਉਣ ਵਿਚ ਮਦਦ ਕੀਤੀ। ਜਿਨ੍ਹਾਂ ਨੇ ਬਾਅਦ ਵਿਚ ਮੂਸੇਵਾਲਾ ਦਾ ਕਤਲ ਕੀਤਾ।
ਪਵਨ ਬਿਸ਼ਨੋਈ ਅਤੇ ਨਸੀਬ - ਇਨ੍ਹਾਂ ਦੋਵਾਂ ਨੇ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਤੱਕ ਬੋਲੈਰੋ ਗੱਡੀ ਪਹੁੰਚਾਈ। ਇਸ ਤੋਂ ਇਲਾਵਾ ਇਨ੍ਹਾਂ ਸ਼ਾਰਪ ਸ਼ੂਟਰਸ ਨੂੰ ਲੁਕਾਉਣ ਵਿਚ ਵੀ ਮਦਦ ਕੀਤੀ।