ਸਿੱਧੂ ਮੂਸੇਵਾਲਾ ਦੇ ਕਤਲ ਤੋਂ 40 ਦਿਨ ਬਾਅਦ ਵੀ ਪੰਜਾਬ ਦੇ ਸ਼ੂਟਰਾਂ ਤੱਕ ਨਹੀਂ ਪਹੁੰਚ ਸਕੀ ਪੁਲਸ
Saturday, Jul 09, 2022 - 06:35 PM (IST)
ਚੰਡੀਗੜ੍ਹ : ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਲਗਪਗ 40 ਦਿਨਾਂ ਬਾਅਦ ਵੀ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਅਜੇ ਵੀ ਪੰਜਾਬ ਦੇ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਨਹੀਂ ਲੱਗ ਸਕੇ ਹਨ। ਉਨ੍ਹਾਂ ਨੂੰ ਲੱਭਣ ਲਈ ਐੱਸ. ਆਈ. ਟੀ. ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਕੋਲੋਂ ਪੁੱਛਗਿਛ ਕਰਨ ਮਗਰੋਂ ਪੰਜਾਬ ਪੁਲਸ ਮੰਨੂ ਅਤੇ ਰੂਪਾ ਦਾ ਸੁਰਾਗ ਲੱਭਣ ਲਈ ਜੱਦੋ-ਜਹਿਦ ਕਰ ਰਹੀ ਹੈ। ਪੰਜਾਬ ਅਤੇ ਦਿੱਲੀ ਪੁਲਸ ਵੀ ਹੁਣ ਤੱਕ ਅਪਰਾਧ ਵਿਚ ਵਰਤੇ ਗਏ ਹਥਿਆਰ ਬਰਾਮਦ ਕਰਨ ਵਿਚ ਨਾਕਾਮ ਰਹੀ ਹੈ। ਪੁਲਸ ਵੱਲੋਂ ਮੁਲਜ਼ਮਾਂ ਦੇ ਹਰ ਸੰਭਵ ਟਿਕਾਣੇ ’ਤੇ ਛਾਪੇ ਮਾਰੇ ਜਾ ਰਹੇ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ
ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਪੁਲਸ ਨੇ ਛੇ ਸ਼ਾਰਪ ਸ਼ੂਟਰਾਂ ਦੀ ਸ਼ਨਾਖਤ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਦੋ ਸੂਬਿਆਂ ਦੇ ਸ਼ੂਟਰ ਇਸ ਕਤਲ ਕਾਂਡ ਵਿਚ ਸ਼ਾਮਲ ਸਨ, ਜੋ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਸਿੱਧੇ ਸੰਪਰਕ ਵਿਚ ਸਨ। ਦਿੱਲੀ ਪੁਲਸ ਨੇ ਹਰਿਆਣਾ ਦੇ ਤਿੰਨ ਸ਼ਾਰਪ ਸ਼ੂਟਰਾਂ ਪ੍ਰਿਅਵ੍ਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਅੰਕਿਤ ਸਿਰਸਾ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਿਆਣਾ ਦਾ ਦੀਪਕ ਮੁੰਡੀ, ਪੰਜਾਬ ਦਾ ਮੰਨੂ ਅਤੇ ਰੂਪਾ ਹਾਲੇ ਤੱਕ ਫਰਾਰ ਹਨ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਯਤਨ ਤਾਂ ਕਰ ਰਹੀ ਹੈ ਪਰ ਸਿੱਧੂ ਦੇ ਕਤਲ ਤੋਂ 40 ਦਿਨ ਬਾਅਦ ਵੀ ਪੰਜਾਬ ਦੇ ਸ਼ੂਟਰ ਪੁਲਸ ਦੇ ਹੱਥ ਨਹੀਂ ਲੱਗ ਸਕੇ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਸੰਦੀਪ ਕਾਹਲੋਂ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।