ਸੰਦੀਪ ਕਾਹਲੋਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੀ ਸੀ ਪੂਰੀ ਜਾਣਕਾਰੀ, ਪੁਲਸ ਨੇ ਜੋੜੀਆਂ ਨਵੀਆਂ ਧਾਰਾਵਾਂ

07/16/2022 11:30:58 AM

ਲੁਧਿਆਣਾ (ਰਾਜ) : ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਕਾਹਲੋਂ ਦੇ ਭਤੀਜੇ ਸੰਦੀਪ ਕਾਹਲੋਂ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਰਿਮਾਂਡ ਦੌਰਾਨ ਸੀ. ਆਈ. ਏ.-2 ਦੀ ਪੁੱਛਗਿੱਛ ’ਚ ਮੁਲਜ਼ਮ ਸੰਦੀਪ ਨੇ ਕਈ ਅਹਿਮ ਖ਼ੁਲਾਸੇ ਕੀਤੇ ਹਨ। ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਸੰਦੀਪ ਨੂੰ ਪਹਿਲਾਂ ਤੋਂ ਪਤਾ ਸੀ ਕਿ ਸਿੱਧੂ ਮੂਸੇਵਾਲਾ ਕਤਲ ਹੋਣਾ ਹੈ। ਹਾਲਾਂਕਿ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਵਾਰਦਾਤ ਕਦੋਂ ਹੋਣੀ ਹੈ ਅਤੇ ਕਿਨ੍ਹਾਂ ਲੋਕਾਂ ਨੇ ਕਰਨੀ ਹੈ। ਇਸ ਲਈ ਥਾਣਾ ਸਲੇਮ ਟਾਬਰੀ ’ਚ ਪਹਿਲਾਂ ਤੋਂ ਦਰਜ ਆਰਮ ਐਕਟ ਦੇ ਕੇਸ ’ਚ ਪੁਲਸ ਨੇ 302/115 ਆਈ. ਪੀ. ਸੀ. ਧਾਰਾ ਨੂੰ ਜੋੜਿਆ ਹੈ।

ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਦੀ ਸੁਰੱਖਿਆ ਮਾਮਲੇ 'ਚ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਏ. ਸੀ. ਪੀ. (ਕ੍ਰਾਈਮ-2) ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੰਦੀਪ ਕਾਹਲੋਂ ਦੇ ਕਹਿਣ ’ਤੇ ਸਤਬੀਰ ਸਿੰਘ, ਗੈਂਗਸਟਰ ਮਨੀ ਰਈਆ, ਮਨਦੀਪ ਤੂਫਾਨ ਅਤੇ ਇਕ ਹੋਰ ਨੂੰ ਆਪਣੀ ਫਾਰਚਿਊਨਰ ’ਚ ਬਠਿੰਡਾ ਛੱਡ ਕੇ ਆਇਆ ਸੀ। ਰਸਤੇ ’ਚ ਤਿੰਨੋਂ ਗੈਂਗਸਟਰ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੂੰ ਛੱਡਣ ਤੋਂ ਬਾਅਦ ਸਤਬੀਰ ਨੇ ਇਹ ਜਾਣਕਾਰੀ ਸੰਦੀਪ ਕਾਹਲੋਂ ਨੂੰ ਵੀ ਦਿੱਤੀ ਸੀ ਪਰ ਸੰਦੀਪ ਕਾਹਲੋਂ ਨੇ ਉਸ ਨੂੰ ਚੁੱਪ ਰਹਿਣ ਲਈ ਧਮਕਾ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਇਸ ਸਬੰਧੀ ਕਿਸੇ ਨਾਲ ਵੀ ਗੱਲ ਨਾ ਕਰੇ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਪੰਜਾਬ ਦੇ ਸਾਬਕਾ ਸਪੀਕਰ 'ਨਿਰਮਲ ਸਿੰਘ ਕਾਹਲੋਂ' ਦਾ ਦਿਹਾਂਤ

ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਕਾਰਨ ਸਤਬੀਰ ਕਾਫੀ ਡਰ ਗਿਆ ਸੀ। ਸੰਦੀਪ ਨੇ ਉਸ ਨੂੰ ਵਿਦੇਸ਼ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਜਦੋਂ ਕਿ ਜੱਗੂ ਭਗਵਾਨਪੁਰੀਆ ਦੇ ਕਹਿਣ ’ਤੇ ਸੰਦੀਪ ਨੇ ਗੈਂਗਸਟਰਾਂ ਨੂੰ ਹਥਿਆਰ ਦੇਣ ਅਤੇ ਉਨ੍ਹਾਂ ਨੂੰ ਛੱਡਣ ਦੀ ਪਲਾਨਿੰਗ ਬਣਾਈ ਸੀ। ਹੁਣ ਪੁਲਸ ਸੰਦੀਪ ਕਾਹਲੋਂ ਤੋਂ ਪੁੱਛਗਿੱਛ ਕਰ ਕੇ ਫ਼ਰਾਰ ਚੱਲ ਰਹੇ ਗੈਂਗਸਟਰ ਮਨੀ ਰਈਆ ਅਤੇ ਮਨਦੀਪ ਤੂਫਾਨ ਸਮੇਤ ਬਾਕੀਆਂ ਦੀ ਭਾਲ ’ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਸ਼ਿਆਰਪੁਰ 'ਚ ਫਿਰ ਪਲਟੀ ਸਕੂਲੀ ਬੱਸ, ਮਾਸੂਮ ਬੱਚੀ ਦੀ ਮੌਕੇ 'ਤੇ ਹੀ ਮੌਤ (ਵੀਡੀਓ)
ਮੁਲਜ਼ਮਾਂ ਨੂੰ ਇਕੱਠੇ ਬਿਠਾ ਕੇ ਪੁੱਛਗਿੱਛ ਕਰ ਸਕਦੀ ਹੈ ਪੁਲਸ
ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਸੀ. ਆਈ. ਏ. ਪੁਲਸ ਨੇ ਸਭ ਤੋਂ ਪਹਿਲਾਂ ਇਸ ਮਾਮਲੇ ’ਚ ਬਲਦੇਵ ਚੌਧਰੀ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਸੀ, ਜੋ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਨਜ਼ਦੀਕੀ ਦੋਸਤ ਸੀ। ਉਸ ਤੋਂ ਪੁੱਛਗਿੱਛ ਤੋਂ ਬਾਅਦ ਪਟਿਆਲਾ ਦੇ ਕਬੱਡੀ ਖਿਡਾਰੀ ਜਸਕਰਨ ਸਿੰਘ ਦਾ ਨਾਂ ਸਾਹਮਣੇ ਆਇਆ ਸੀ, ਜਿਸ ਨੂੰ ਪੁਲਸ ਨੇ ਹਥਿਆਰਾਂ ਸਮੇਤ ਫੜ੍ਹ ਲਿਆ ਸੀ। ਉਸ ਤੋਂ ਹੋਈ ਪੁੱਛ-ਗਿੱਛ ’ਚ ਸਤਬੀਰ ਸਬੰਧੀ ਪਤਾ ਲੱਗਾ ਜੋ ਕਿ ਆਪਣੀ ਗੱਡੀ ’ਤੇ ਗੈਂਗਸਟਰਾਂ ਨੂੰ ਛੱਡਣ ਲਈ ਗਿਆ ਸੀ। ਇਸ ਤੋਂ ਬਾਅਦ ਪੁਲਸ ਸਤਬੀਰ ਸਿੰਘ ਤੱਕ ਪੁੱਜ ਗਈ ਅਤੇ ਉਸ ਨੂੰ ਵੀ ਦਬੋਚ ਲਿਆ। ਉਸ ਤੋਂ ਹੋਈ ਪੁੱਛਗਿੱਛ 'ਚ ਸੰਦੀਪ ਕਾਹਲੋਂ, ਮਨੀ ਰਈਆ, ਮਨਦੀਪ ਤੂਫਾਨ, ਰਣਜੀਤ ਅਤੇ ਜੱਗੂ ਭਗਵਾਨਪੁਰੀਆ ਦਾ ਨਾਂ ਸਾਹਮਣੇ ਆਇਆ, ਜਿਸ ’ਚੋਂ ਸੰਦੀਪ ਨੂੰ ਪੁਲਸ ਨੇ ਫੜ੍ਹ ਲਿਆ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਅਜੇ ਜਾਰੀ ਹੈ। ਹੁਣ ਪੁਲਸ ਇਨ੍ਹਾਂ ਫੜ੍ਹੇ ਗਏ ਸਾਰੇ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਇਕੱਠੇ ਬਿਠਾ ਕੇ ਪੁੱਛਗਿੱਛ ਕਰ ਸਕਦੀ ਹੈ ਅਤੇ ਫਰਾਰ ਚੱਲ ਰਹੇ ਮਨੀ ਰਈਆ ਅਤੇ ਮਨਦੀਪ ਤੂਫਾਨ ਸਬੰਧੀ ਪਤਾ ਲਗਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News