ਸਿੱਧੂ ਮੂਸੇਵਾਲੇ ''ਤੇ ਗਿਆਨੀ ਰਖਬੀਰ ਸਿੰਘ ਸਖਤ, ਮੰਗੀ ਕਾਰਵਾਈ

Saturday, Sep 21, 2019 - 06:16 PM (IST)

ਸਿੱਧੂ ਮੂਸੇਵਾਲੇ ''ਤੇ ਗਿਆਨੀ ਰਖਬੀਰ ਸਿੰਘ ਸਖਤ, ਮੰਗੀ ਕਾਰਵਾਈ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਗਾਇਕ ਸਿੱਧੂ ਮੂਸੇਵਾਲਾ ਵਲੋਂ ਮਾਈ ਭਾਗੋ ਜੀ ਦਾ ਨਾਂ ਇਕ ਗੀਤ ਵਿਚ ਵਰਤਣ ਦੇ ਮਾਮਲੇ 'ਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਜੋ ਨਾ ਬਰਦਾਸ਼ਤ ਕਰਨਯੋਗ ਅਤੇ ਨਾ ਹੀ ਮੁਆਫ ਕਰਨਯੋਗ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿਚ ਮਾਈ ਭਾਗੋ ਜੀ ਦਾ ਬਹੁਤ ਹੀ ਮਹੱਤਵਪੂਰਨ, ਉੱਚਾ ਅਤੇ ਸੁੱਚਾ ਸਥਾਨ ਹੈ। ਮਾਈ ਭਾਗੋ ਜੀ ਨੇ ਸਿੱਖ ਪੰਥ ਦੀ ਬਹੁਤ ਸੇਵਾ ਕੀਤੀ ਹੈ। ਉਨ੍ਹਾਂ ਨੇ ਦੁਸ਼ਮਣਾਂ ਦਾ ਡਟ ਕੇ ਮੁਕਾਬਲਾ ਕੀਤਾ। ਆਪਣੇ ਹਰ ਯੁੱਧ ਵਿਚ ਇਕ ਸੱਚੇ ਸੰਤ ਸਿਪਾਹੀ ਦਾ ਰੋਲ ਅਦਾ ਕੀਤਾ ਹੈ। ਸਿੱਖ ਵੀਰਾਂ ਵਾਂਗੂ ਮਾਈ ਭਾਗੋ ਜੀ ਵੀ ਹਰ ਚੁਣੌਤੀ ਨੂੰ ਸਵੀਕਾਰ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ ਪਰ ਗਾਇਕ ਸਿੱਧੂ ਮੂਸੇਵਾਲੇ ਵੱਲੋਂ ਫੋਕੀ ਸ਼ੋਹਰਤ ਹਾਸਲ ਕਰਨ ਲਈ ਆਪਣੇ ਗੀਤ 'ਜੱਟੀ ਜਿਊਣੇ ਮੋੜ ਦੀ ਬੰਦੂਕ ਵਰਗੀ' ਵਿਚ ਸਿੱਖ ਪੰਥ ਦੀ ਬਹੁਤ ਹੀ ਸਤਿਕਾਰਤ ਸ਼ਖਸੀਅਤ ਮਾਈ ਭਾਗੋ ਜੀ ਦਾ ਜ਼ਿਕਰ ਕਰ ਕੇ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਜੋ ਨਾ ਬਰਦਾਸ਼ਤ ਕਰਨਯੋਗ ਅਤੇ ਨਾ ਹੀ ਮੁਆਫ ਕਰਨਯੋਗ ਹੈ। 

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਵਿਚ ਔਰਤ ਜਾਤੀ ਦਾ ਇਕ ਵਿਸ਼ੇਸ਼ ਸਥਾਨ ਹੈ। ਸਾਡੇ ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਵਿਚ ਵੀ ਇਸਤਰੀ ਜਾਤੀ ਦਾ ਸਤਿਕਾਰ ਕੀਤਾ ਗਿਆ ਹੈ। ਇਸ ਗਾਇਕ ਵੱਲੋਂ ਇਕ ਔਰਤ ਦੀ ਤੁਲਨਾ ਬੰਦੂਕ ਨਾਲ ਕਰਨੀ ਅਤੇ ਸਿੱਖ ਪੰਥ ਦੀ ਸਤਿਕਾਰਤ ਸ਼ਖਸੀਅਤ ਦਾ ਜ਼ਿਕਰ ਕਰਨਾ ਬਹੁਤ ਹੀ ਮੰਦਭਾਗਾ ਹੈ। ਇਸ ਗਾਇਕ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਬਹੁਤ ਸਾਰੇ ਹੋਰ ਗਾਇਕਾਂ ਵੱਲੋਂ ਵੀ ਧੀਆਂ-ਭੈਣਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਅਜਿਹੇ ਗਾਣੇ ਲਿਖਣ ਅਤੇ ਗਾਉਣ ਵਾਲਿਆਂ ਖਿਲਾਫ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਖਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ।


author

Gurminder Singh

Content Editor

Related News