ਸਿੱਧੂ ਨੇ ਘਰ-ਘਰ ਜਾ ਕੇ ਮੰਤਰੀਆਂ ਤੇ ਵਿਧਾਇਕਾਂ ਨਾਲ ਕੀਤੀ ਮੁਲਾਕਾਤ, ਤ੍ਰਿਪਤ ਬਾਜਵਾ ਦੇ ਘਰ ਹੋਇਆ ਸ਼ਾਨਦਾਰ ਜਸ਼ਨ
Tuesday, Jul 20, 2021 - 01:06 AM (IST)
ਚੰਡੀਗੜ੍ਹ (ਅਸ਼ਵਨੀ)- ਸਿੱਧੂ ਨੂੰ ਵਧਾਈਆਂ, ਸ਼ੁਭਕਾਮਨਾਵਾਂ ਦੇਣ ਦਾ ਆਗਾਜ਼ ਸੋਮਵਾਰ ਨੂੰ ਪਟਿਆਲਾ ਦੀ ਯਾਦਵਿੰਦਰਾ ਕਾਲੋਨੀ ਵਿਚ ਕੋਠੀ ਨੰਬਰ 28 ’ਤੇ ਹੋਇਆ। ਸਵੇਰੇ-ਸਵੇਰੇ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁਲਦਸਤਾ ਦੇ ਕੇ ਸਿੱਧੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਬਾਅਦ ਵੜਿੰਗ ਨੇ ਸਾਰਥੀ ਬਣ ਕੇ ਜੀਰਾ ਦੇ ਨਾਲ ਸਿੱਧੂ ਦੀ ਗੱਡੀ ਡ੍ਰਾਈਵ ਕੀਤੀ। ਪਟਿਆਲਾ ਤੋਂ ਸਿੱਧੇ ਮੋਹਾਲੀ ਪੁੱਜੇ। ਇੱਥੇ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਦੇ ਘਰ ਸਿੱਧੂ ਨੇ ਕੇਕ ਕੱਟਿਆ। ਨਾਗਰਾ ਨੇ ਸਿੱਧੂ ਦਾ ਗਲੇ ਮਿਲ ਕੇ ਸਵਾਗਤ ਕੀਤਾ। ਨਾਗਰਾ ਨੇ ਕਿਹਾ ਕਿ ਪੰਜਾਬ ਮਾਡਲ ਹਰ ਹਾਲ ਵਿਚ ਸਾਕਾਰ ਹੋਵੇਗਾ। ਸਿੱਧੂ ਨੇ ਮੋਹਾਲੀ ਵਿਚ ਹੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨਾਲ ਵੀ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਕੀ ਕੈਪਟਨ ਹਾਈਕਮਾਂਡ ਦੇ ਫ਼ੈਸਲੇ ਤੋਂ ਹਨ ਸੰਤੁਸ਼ਟ !
ਮੋਹਾਲੀ ਤੋਂ ਪੰਚਕੂਲਾ ਪੁੱਜੇ ਸਿੱਧੂ, ਜਾਖੜ ਅਤੇ ਰਜ਼ੀਆ ਨਾਲ ਕੀਤੀ ਮੁਲਾਕਾਤ
ਮੋਹਾਲੀ ਤੋਂ ਸਿੱਧੂ ਸਿੱਧਾ ਪੰਚਕੂਲਾ ਗਏ। ਇੱਥੇ ਉਨ੍ਹਾਂ ਨੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਜਾਖੜ ਨੇ ਸਿੱਧੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਹੌਲੀ-ਹੌਲੀ ਸਿੱਧੂ ਦਾ ਇਹ ਵਧਦਾ ਹੋਇਆ ਕਾਫਿਲਾ ਮੰਤਰੀ ਰਜ਼ੀਆ ਸੁਲਤਾਨਾ ਦੇ ਘਰ ਪਹੁੰਚਿਆ। ਇੱਥੇ ਸਿੱਧੂ ਨੇ ਕਾਫ਼ੀ ਸਮਾਂ ਬਿਤਾਇਆ। ਇਥੋਂ ਰਜੀਆ ਸੁਲਤਾਨਾ ਵੀ ਕਾਫਿਲੇ ਦੇ ਨਾਲ ਚੱਲ ਪਈ।
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਫੋਟੋਸ਼ੂਟ
ਮੰਤਰੀਆਂ, ਸਾਬਕਾ ਪ੍ਰਧਾਨ, ਯੂਥ ਪ੍ਰਧਾਨ, ਕਾਰਜਕਾਰੀ ਪ੍ਰਧਾਨ ਅਤੇ ਨੇਤਾਵਾਂ ਸਮੇਤ ਕਰਮਚਾਰੀਆਂ ਦੇ ਨਾਲ ਸਿੱਧੂ ਪੰਚਕੂਲਾ ਤੋਂ ਸਿੱਧੇ ਚੰਡੀਗੜ੍ਹ ਵਿਚ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਪੁੱਜੇ। ਇੱਥੇ ਪਹਿਲਾਂ ਤੋਂ ਹੀ ਸਮੂਹਿਕ ਜਸ਼ਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਦੇ ਤਹਿਤ ਇੱਥੇ ਕਾਫ਼ੀ ਗਿਣਤੀ ਵਿਚ ਵਿਧਾਇਕਾਂ ਸਮੇਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ ਸਮੇਤ ਸਿੱਧੂ ਦੇ ਕਈ ਕਰੀਬੀਆਂ ਨੇ ਸਾਂਝੀ ਬੈਠਕ ਕੀਤੀ। ਇਸ ਦੌਰਾਨ ਸਾਰਿਆਂ ਨੂੰ ਸੰਬੋਧਨ ਕਰਦਿਆਂ ਬਾਜਵਾ ਬੋਲੇ ਕਿ ਹਾਈਕਮਾਨ ਦੇ ਫੈਸਲੇ ਦਾ ਬਹੁਤ-ਬਹੁਤ ਸਵਾਗਤ ਹੈ। ਨਵਜੋਤ ਸਿੱਧੂ ਨੂੰ ਹਾਰਦਿਕ ਸ਼ੁਭਕਾਮਨਾਵਾਂ। ਉਮੀਦ ਕਰਦੇ ਹਾਂ ਕਿ ਹਾਈਕਮਾਨ ਦੇ ਇਸ ਫੈਸਲੇ ਨੂੰ ਹਰ ਕਾਂਗਰਸੀ ਸਵੀਕਾਰ ਕਰੇਗਾ।
ਇਹ ਵੀ ਪੜ੍ਹੋ : ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਟਵੀਟ, ਕਿਹਾ ਮੇਰਾ ਸਫ਼ਰ ਅਜੇ ਸ਼ੁਰੂ ਹੋਇਆ
ਹਰ ਕਾਂਗਰਸੀ ਕੋਸ਼ਿਸ਼ ਕਰੇਗਾ ਕਿ ਹਾਈਕਮਾਨ ਦੇ ਫੈਸਲੇ ਨੂੰ ਮੰਨਿਆ ਜਾਵੇ ਅਤੇ ਅਗਲੀ ਵਾਰ ਪੰਜਾਬ ਵਿਚ ਕਾਂਗਰਸ ਦੀ ਸੱਤਾ ਆਵੇ। ਹਰ ਕਾਂਗਰਸੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਹੁਕਮ ਮੰਨਦਿਆਂ ਇਕ ਟੀਮ ਬਣਾ ਕੇ ਪੂਰੇ ਪੰਜਾਬ ਵਿਚ ਨਿਕਲੋ। ਬਾਜਵਾ ਨੇ ਇਹ ਵੀ ਕਿਹਾ ਕਿ ਜਦੋਂ ਕੈਪਟਨ ਅਤੇ ਸਿੱਧੂ ਮਿਲ ਕੇ ਪੰਜਾਬ ਵਿਚ ਨਿਕਲਣਗੇ ਤਾਂ ਪੰਜਾਬ ਵਿਚ ਕਾਂਗਰਸ ਦੀ ਸੱਤਾ ਆਉਣ ਤੋਂ ਕੋਈ ਰੋਕ ਨਹੀਂ ਸਕਦਾ। ਸਾਰਿਆਂ ਨੂੰ ਇਕ ਟੀਮ ਬਣ ਕੇ ਪੰਜਾਬ ਦੀ ਜਨਤਾ ਨੂੰ ਸੁਨੇਹਾ ਦੇਣਾ ਪਵੇਗਾ ਕਿ ਜਨਤਾ ਦੀ ਸੇਵਾ ਲਈ ਸਾਰੇ ਕਾਂਗਰਸੀ ਇਕ ਹਨ। ਸਾਰੀ ਲੜਾਈਆਂ ਖਤਮ ਕਰਕੇ ਕਾਂਗਰਸੀ ਦੁਬਾਰਾ ਤੁਹਾਡੀ ਸੇਵਾ ਲਈ ਆਉਣਗੇ ਅਤੇ ਆਪਣੀ ਗਲਤੀਆਂ ’ਤੇ ਵਿਚਾਰ ਕਰਨਗੇ। ਇਸ ਲਈ ਕਾਂਗਰਸ ਨੂੰ ਵੋਟ ਪਾਓ।
ਇਹ ਵੀ ਪੜ੍ਹੋ : ਹੋਲੇ-ਮਹੱਲੇ ’ਤੇ ਗ੍ਰਿਫਤਾਰ ਕੀਤੇ ਸਿੰਘਾਂ ਦੀ ਜਲਦ ਤੋਂ ਜਲਦ ਰਿਹਾਈ ਯਕੀਨੀ ਬਣਾਵਾਂਗੇ : ਸਿਰਸਾ
ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ, ਹੋਸ਼ ਅਤੇ ਜੋਸ਼ ਦੇ ਨਾਲ ਕਾਂਗਰਸ ਹੋਵੇਗੀ ਮਜਬੂਤ
ਬਾਜਵਾ ਦੇ ਘਰ ਸਮਾਗਮ ਤੋਂ ਬਾਅਦ ਸਿੱਧੂ ਸਿੱਧੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਸਰਕਾਰੀ ਘਰ ਪੁੱਜੇ। ਸਿੱਧੂ ਨੇ ਭੱਠਲ ਤੋਂ ਅਸ਼ੀਰਵਾਦ ਲਿਆ ਤਾਂ ਭੱਠਲ ਨੇ ਕਿਹਾ ਕਿ ਪੰਜਾਬ ਵਿਚ ਹੋਸ਼ ਅਤੇ ਜੋਸ਼ ਨਾਲ ਕਾਂਗਰਸ ਮਜਬੂਤ ਹੋਵੇਗੀ। ਅਜੇ ਤਾਂ ਸਿੱਧੂ ਨੇ ਸਿਰਫ਼ ਪੈਰ ਰੱਖਿਆ ਹੈ, ਅੱਗੇ-ਅੱਗੇ ਵੇਖੋ ਹੁੰਦਾ ਹੈ ਕੀ। ਕਾਂਗਰਸ ਹਰ ਚੈਲੰਜ ਸਵੀਕਾਰ ਕਰਦੀ ਹੈ। ਸਿੱਧੂ ਚਾਰ ਕਦਮ ਅੱਗੇ ਵਧ ਕੇ ਕੰਮ ਕਰਕੇ ਦਿਖਾਉਣਗੇ।