ਸਿੱਧੂ ਦਾ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ‘ਆਪ’ ’ਤੇ ਤੰਜ, ਕਿਹਾ-ਕੇਜਰੀਵਾਲ ਨੂੰ ਪੰਜਾਬ ’ਚ ਨਹੀਂ ਮਿਲ ਰਿਹਾ ਲਾੜਾ

Thursday, Dec 02, 2021 - 10:13 PM (IST)

ਕਾਦੀਆਂ (ਬਿਊਰੋ)-ਕਾਦੀਆਂ ਵਿਖੇ ਕਾਂਗਰਸ ਦੀ ਰੈਲੀ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸੇ । ਉਹ ਅੱਜ ਕੇਜਰੀਵਾਲ ’ਤੇ ਜੰਮ ਕੇ ਵਰ੍ਹੇ। ਇਸ ਦੌਰਾਨ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ’ਚ ਅਜੇ ਤਕ ਲਾੜਾ ਹੀ ਨਹੀਂ ਲੱਭਿਆ ਤੇ ਬਰਾਤ ਬਿਨਾਂ ਲਾੜੇ ਤੋਂ ਹੀ ਨੱਚ ਰਹੀ ਹੈ। ਸਿੱਧੂ ਦਾ ਇਸ਼ਾਰਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ ਅਜੇ ਤਕ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਵੱਲ ਸੀ। ਇਸ ਦੌਰਾਨ ਸਿੱਧੂ ਨੇ ਕੇਜਰੀਵਾਲ ’ਤੇ ਜੰਮ ਕੇ ਸ਼ਬਦੀ ਹਮਲੇ ਕੀਤੇ ਅਤੇ  ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ ਪੰਜਾਬੀਆਂ ਨਾਲ ਝੂਠੇ ਵਾਅਦੇ ਕਰ ਰਿਹਾ ਹੈ। ਉਨ੍ਹਾਂ ਕੇਜਰੀਵਾਲ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਗਰੰਟੀਆਂ ਨੂੰ ਵੀ ਝੂਠਾ ਦੱਸਿਆ। ਸਿੱਧੂ ਨੇ ਕਿਹਾ ਕਿ ਮੈਂ ਸਾਢੇ ਚਾਰ ਸਾਲ ਰੇਤ ਤੇ ਨਸ਼ਾ ਮਾਫੀਆ ਨਾਲ ਲੜਦਾ ਰਿਹਾ, ਜਦਕਿ ਕੇਜਰੀਵਾਲ ਨੇ ਤਾਂ ਸਮੱਗਲਰਾਂ ਅੱਗੇ ਗੋਡੇ ਟੇਕ ਕੇ ਮੁਆਫੀਆਂ ਹੀ ਮੰਗੀਆਂ।

ਇਹ ਵੀ ਪੜ੍ਹੋ : ਕੇਜਰੀਵਾਲ, ਚੰਨੀ ਤੇ ਅਕਾਲੀ ਦਲ ’ਚ ਝੂਠੇ ਵਾਅਦੇ ਕਰਨ ਦਾ ਚੱਲ ਰਿਹਾ ਮੁਕਾਬਲਾ : ਅਸ਼ਵਨੀ ਸ਼ਰਮਾ

ਇਸ ਦੌਰਾਨ ਉਨ੍ਹਾਂ ਕੇਜਰੀਵਾਲ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਲੈ ਕੇ ਕਿਹਾ ਕਿ ਹੁਣ ਤਕ ਜਿੰਨੀਆਂ ਗਰੰਟੀਆਂ ਦਿੱਤੀਆਂ, ਉਨ੍ਹਾਂ ਸਾਰੀਆਂ ’ਤੇ ਕੁਲ ਮਿਲਾ ਕਿ 1.10 ਲੱਖ ਕਰੋੜ ਰੁਪਏ ਖਰਚ ਹੋਣਗੇ, ਜਦਕਿ ਪੰਜਾਬ ਦਾ ਬਜਟ 72 ਹਜ਼ਾਰ ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ 70 ਹਜ਼ਾਰ ਕਰੋੜ ਰੁਪਏ ਤਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨ ਤੇ ਕਰਜ਼ ਚੁਕਾਉਣ ’ਚ ਖਰਚ ਹੋ ਜਾਂਦੇ ਹਨ। ਕੇਜਰੀਵਾਲ ਆਪਣੇ ਵੱਲੋਂ ਕੀਤੇ ਐਲਾਨਾਂ ਲਈ ਪੈਸਾ ਕਿੱਥੋਂ ਲਿਆਏਗਾ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਅਤੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੀ ਅਗਵਾਈ 'ਚ ਕਾਹਨੂੰਵਾਨ ਦਾਣਾ ਮੰਡੀ 'ਚ ਕੀਤੀ ਜਾ ਰਹੀ ਵਿਸ਼ਾਲ ਰੈਲੀ ’ਚ ਪਹੁੰਚੇ ਸਨ ।

ਨੋਟ-‘ਆਪ’ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਿੱਧੂ ਦੇ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ?


Manoj

Content Editor

Related News