ਸਿੱਧੂ ਨੇ ਚੰਨੀ ਦੇ ਸਾਹਮਣੇ ਦਿਖਾਏ ਤੇਵਰ, ਕਿਹਾ ਖਾਲੀ ਖਜ਼ਾਨੇ ਦੇ ਦੌਰ ’ਚ ਜਨਤਾ ਨੂੰ ਨਹੀਂ ਵੰਡਣ ਦੇਣਗੇ ਲਾਲੀਪਾਪ
Tuesday, Nov 23, 2021 - 05:27 PM (IST)
ਲੁਧਿਆਣਾ (ਹਿਤੇਸ਼/ਰਿੰਕੂ) : ਆਏ ਦਿਨ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਸਰਕਾਰ ਦੀ ਵਰਕਿੰਗ ’ਤੇ ਸਵਾਲ ਖੜ੍ਹੇ ਕਰਨ ਵਾਲੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਨੂੰ ਸ਼ਾਂਤ ਕਰਨ ਲਈ ਹਾਈਕਮਾਨ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਗਭਗ ਬੇਕਾਰ ਸਾਬਿਤ ਹੋ ਗਈਆਂ ਹਨ। ਜਿਸ ਦੇ ਅਧੀਨ ਹੁਣ ਤੱਕ ਪ੍ਰੈੱਸ ਕਾਨਫਰੰਸ ਜਾਂ ਟਵੀਟ ਜ਼ਰੀਏ ਆਪਣਾ ਵਿਰੋਧ ਦਰਜ ਕਰਵਾਉਣ ਦੇ ਮੁਕਾਬਲੇ ਸਿੱਧੂ ਨੇ ਚੰਨੀ ਦੀ ਮੌਜੂਦਗੀ ’ਚ ਆਪਣੇ ਪੁਰਾਣੇ ਤੇਵਰ ਦਿਖਾਏ। ਸਿੱਧੂ ਨੇ ਇਕਜੁੱਟਤਾ ਦਿਖਾਉਣ ਲਈ ਰੱਖੀ ਗਈ ਰੈਲੀ ਦੇ ਮੰਚ ’ਤੇ ਸਾਫ ਕਰ ਦਿੱਤਾ ਕਿ ਉਹ ਖਾਲੀ ਖ਼ਜ਼ਾਨੇ ਦੇ ਦੌਰ ’ਚ ਜਨਤਾ ਨੂੰ ਲਾਲੀਪਾਪ ਨਹੀਂ ਵੰਡਣ ਦੇਣਗੇ। ਸਿੱਧੂ ਨੇ ਕਿਹਾ ਕਿ ਪੰਜਾਬ ਦਾ ਹਾਲ ਇਹ ਹੈ ਕਿ 5 ਲੱਖ ਦੇ ਘਰ ’ਤੇ 50 ਲੱਖ ਦਾ ਕਰਜ਼ ਹੈ। ਇਥੋਂ ਤੱਕ ਕਿ ਜ਼ਮੀਨਾਂ ਗਹਿਣੇ ਰੱਖ ਕੇ ਲਏ ਜਾ ਰਹੇ ਕਰਜ਼ ਦਾ 75 ਫੀਸਦੀ ਹਿੱਸਾ ਪੁਰਾਣਾ ਕਰਜ਼ ਉਤਾਰਣ ਵਿਚ ਚਲਾ ਜਾਂਦਾ ਹੈ। ਜੇਕਰ ਪੰਜਾਬ ਦੇ ਖ਼ਜ਼ਾਨੇ ਵਿਚ ਪੈਸਾ ਹੋਇਆ ਤਾਂ ਅਧਿਆਪਕ ਸੜਕਾਂ ’ਤੇ ਧਰਨੇ ਨਾ ਲਗਾਉਣ। ਇਸ ਹਾਲਾਤ ਤੋਂ ਉੱਭਰਨ ਲਈ ਜ਼ਰੂਰੀ ਹੈ ਕਿ ਪੰਜਾਬ ਦੇ ਨਕਸ਼ੇ ’ਚੋਂ ਮਾਫੀਆ ਰਾਜ ਖਤਮ ਕਰ ਕੇ ਖਜ਼ਾਨੇ ਵਿਚ 30 ਹਜ਼ਾਰ ਕਰੋੜ ਲਿਆਂਦਾ ਜਾਵੇ, ਜਿਸ ਦੇ ਲਈ ਰੋਡ ਮੈਪ ਬਣਾਉਣਾ ਹੋਵੇਗਾ। ਜੇਕਰ ਇਸ ਤਰ੍ਹਾਂ ਨਾ ਹੋਇਆ ਤਾਂ ਸਿਵਲ ਕ੍ਰਾਂਤੀ ਆ ਸਕਦੀ ਹੈ ਕਿਉਂਕਿ ਪੰਜਾਬ ਦੇ ਲੋਕ ਆਪਣਾ ਹੱਕ ਖੋਹ ਕੇ ਲੈਂਦੇ ਹਨ ਅਤੇ ਆਉਣ ਵਾਲੇ ਦਿਨਾਂ ’ਚ ਗੱਡੀਆਂ ਦੇ ਸ਼ੀਸ਼ੇ ਤੋੜਨ ਦੀ ਨੌਬਤ ਆ ਸਕਦੀ ਹੈ। ਜਿਸ ਦੇ ਮੱਦੇਨਜ਼ਰ ਉਹ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ ਦੇਣਗੇ ਅਤੇ ਪੰਜਾਬ ’ਚ ਰੇਤ ਦੀ ਟਰਾਲੀ ਦੀ ਕੀਮਤ ’ਤੇ 1 ਹਜ਼ਾਰ ਹੋਣ ਤੱਕ ਚੈਨ ਨਾਲ ਨਹੀਂ ਬੈਠਣਗੇ।
ਇਹ ਵੀ ਪੜ੍ਹੋ : ਕਿਸਾਨਾਂ ਦਾ ਸੰਘਰਸ਼ ਮੁਲਕ ਵਿਚ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਇਕ ਮੋੜ : ਮੁੱਖ ਮੰਤਰੀ ਚੰਨੀ
ਇਨਵੈਸਟਮੈਂਟ ਸਿਸਟਮ ’ਤੇ ਵੀ ਚੁੱਕੇ ਸਵਾਲ
ਸਿੱਧੂ ਨੇ ਚੰਨੀ ਵੱਲੋਂ ਪਿਛਲੇ ਦਿਨੀਂ ਲੁਧਿਆਣਾ ’ਚ ਕੀਤੇ ਗਏ ਇਨਵੈਸਟਮੈਂਟ ਸਮਿਟ ’ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਨਵੇਂ ਨਿਵੇਸ਼ ਲਈ ਸੱਦਾ ਦਿੱਤਾ ਜਾ ਰਿਹਾ ਪਰ ਉਸ ਇੰਡਸਟਰੀ ਦੀ ਚਿੰਤਾ ਨਹੀਂ, ਜੋ ਪੰਜਾਬ ਨੂੰ ਛੱਡ ਕੇ ਜਾ ਰਹੀ ਹੈ। ਇੰਡਸਟਰੀ ਨੂੰ ਵਾਪਸ ਬੁਲਾਉਣ ਲਈ ਕਾਨੂੰਨ ਵਿਵਸਥਾ ਦੀ ਸਥਿਤੀ ’ਚ ਸੁਧਾਰ ਕਰ ਕੇ ਬਿਜ਼ਨੈੱਸ ਕਲਸਟਰ ਬਣਾਏ ਜਾਣ ਅਤੇ ਇੰਡਸਟਰੀ ਨੂੰ ਵੈਟ ਅਤੇ ਜੀ. ਐੱਸ. ਟੀ. ਰਿਫੰਡ ਮਿਲਣਾ ਚਾਹੀਦਾ।
ਕੈਪਟਨ ’ਤੇ ਲਗਾਇਆ ਕਰੋੜਾਂ ਲੈ ਕੇ ਚੇਅਰਮੈਨੀ ਦੇਣ ਦਾ ਦੋਸ਼
ਸਿੱਧੂ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ’ਤੇ ਮੋਦੀ ਦੀ ਰਬੜ ਸਟੈਂਪ ਬਣੇ ਰਹਿਣ ਦੀ ਟਿੱਪਣੀ ਕੀਤੀ, ਉਥੇ ਉਨ੍ਹਾਂ ’ਤੇ ਕਰੋੜਾਂ ਲੈ ਕੇ ਚੇਅਰਮੈਨੀ ਦੇਣ ਦਾ ਦੋਸ਼ ਵੀ ਲਗਾਇਆ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ 5 ਹਜ਼ਾਰ ਸਰਕਾਰੀ ਅਹੁਦੇ ਹਨ, ਜਿਨ੍ਹਾਂ ਨੂੰ ਕੈਪਟਨ ਨੇ ਵਾਅਦਾ ਕਰ ਕੇ ਵਰਕਰਾਂ ਨੂੰ ਨਹੀਂ ਦਿੱਤਾ ਅਤੇ ਕਰੋੜਾਂ ਲੈ ਕੇ ਚੇਅਰਮੈਨ ਲਗਾਏ। ਜੇਕਰ ਅਸੀਂ ਵਰਕਰਾਂ ਨੂੰ ਇਹ ਅਹੁਦੇ ਦੇ ਦੇਈਏ ਤਾਂ ਕਾਂਗਰਸ ਦੀ ਸਰਕਾਰ ਦੋਬਾਰਾ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਅਡਜਸਟ ਕਰਨ ਦਾ ਭਰੋਸਾ ਦਿਵਾਇਆ।
ਇਹ ਵੀ ਪੜ੍ਹੋ : ਖ਼ੁਫੀਆ ਰਿਪੋਰਟਾਂ ਨੇ ਐਕਟਿਵ ਕਰ ਦਿੱਤਾ ਕੇਂਦਰ ਸਰਕਾਰ ਨੂੰ
ਰਾਹੁਲ, ਪ੍ਰਿਯੰਕਾ ਪ੍ਰਤੀ ਦੁਹਰਾਈ ਵਫਾਦਾਰੀ, ਵਰਕਰਾਂ ਨੂੰ ਪੜ੍ਹਾਇਆ ਇਕਜੁੱਟਤਾ ਦਾ ਪਾਠ
ਸਿੱਧੂ ਨੇ ਕਿਹਾ ਕਿ ਜੋ ਲੋਕ ਸ਼ੁਰਲੀਆ ਛੱਡ ਰਹੇ ਹਨ, ਉਨ੍ਹਾਂ ਨੂੰ ਇਹ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ ਕਿ ਉਹ ਆਖਿਰੀ ਦਮ ਤੱਕ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਵਫਾਦਾਰ ਰਹਿਣਗੇ। ਉਨ੍ਹਾਂ ਨੇ ਇਹ ਕਹਿ ਕੇ ਵਰਕਰਾਂ ਨੂੰ ਇਕਜੁੱਟਤਾ ਦਾ ਪਾਠ ਪੜ੍ਹਾਇਆ ਕਿ ਕਾਂਗਰਸੀ ਆਪਸ ਵਿਚ ਨਾ ਲੜਨ ਤਾਂ ਉਨ੍ਹਾਂ ਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ, ਨਹੀਂ ਤਾਂ ਕਾਂਗਰਸ ਆਪਸੀ ਲੜਾਈ ਦੀ ਵਜ੍ਹਾ ਨਾਲ ਹਾਰ ਜਾਂਦੀ ਹੈ।
ਮਿਸ਼ਨ ਪੰਜਾਬ ਅਤੇ ਬਿਜਲੀ ਮੁੱਦੇ ’ਤੇ ਚੰਨੀ ਅਤੇ ਸਿੱਧੂ ਨੇ ਕੇਜਰੀਵਾਲ ਨੂੰ ਬਣਾਇਆ ਨਿਸ਼ਾਨਾ
ਆਮ ਆਦਮੀ ਪਾਰਟੀ ਵੱਲੋਂ ਪੰਜਾਬ ’ਚ ਮੁਫਤ ਬਿਜਲੀ ਦੇਣ ਬਾਰੇ ਕੀਤੇ ਗਏ ਐਲਾਨ ਨੂੰ ਲੈ ਕੇ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ। ਚੰਨੀ ਨੇ ਕਿਹਾ ਕਿ ਮਿਸ਼ਨ ਪੰਜਾਬ ਦੀ ਗੱਲ ਕਰਨ ਵਾਲੇ ਕੇਜਰੀਵਾਲ ਨੇ ਇਹ ਕਿਵੇਂ ਸੋਚ ਲਿਆ ਕਿ ਪੰਜਾਬ ਦਾ ਕੋਈ ਵਾਰਿਸ ਨਹੀ ਹੈ, ਜਦਕਿ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਪੰਜਾਬ ਵਿਚ ਆ ਕੇ ਰਾਜ ਨਹੀਂ ਕਰਨ ਦੇਣਗੇ ਕਿਉਂਕਿ ਉਨ੍ਹਾਂ ਨੇ 300 ਯੂਨਿਟ ਮੁਫਤ ਬਿਜਲੀ ਦੇਣ ਦੀ ਗੱਲ ਕਹੀ ਹੈ, ਉਹ ਸੁਵਿਧਾ ਇਕ ਯੂਨਿਟ ਜ਼ਿਆਦਾ ਹੋਣ ’ਤੇ ਵੀ ਨਹੀਂ ਮਿਲੇਗੀ, ਜਦਕਿ ਕਾਂਗਰਸ ਵੱਲੋਂ ਪੰਜਾਬ ਵਿਚ ਦੇਸ਼ ਤੋਂ ਸਭ ਤੋਂ ਸਸਤੀ ਬਿਜਲੀ ਦਿੱਤੀ ਜਾ ਰਹੀ ਹੈ ਅਤੇ 100 ਯੂਨਿਟ ਤੱਕ ਇਕ ਰੁਪਏ ਰੇਟ ਰਹਿ ਜਾਵੇਗਾ। ਸਿੱਧੂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਪੰਜਾਬ ’ਤੇ ਕਈ ਹਜ਼ਾਰ ਕਰੋੜ ਦਾ ਕਰਜ਼ ਹੈ ਅਤੇ ਕਿਸਾਨਾਂ ਨੂੰ ਬਿਜਲੀ ’ਤੇ 8 ਹਜ਼ਾਰ ਕਰੋੜ ਸਬਸਿਡੀ ਦਿੱਤੀ ਜਾ ਰਹੀ ਹੈ, ਜਦਕਿ ਦਿੱਲੀ ਵਿਚ ਇੰਡਸਟਰੀ ਨੂੰ 12 ਰੁਪਏ ਯੂਨਿਟ ਬਿਜਲੀ ਮਿਲਦੀ ਹੈ ਅਤੇ ਪੰਜਾਬ ਵਿਚ ਜੋ 8 ਰੁਪਏ ਯੂਨਿਟ ਹੈ, ਉਸ ਨੂੰ ਆਉਣ ਵਾਲੇ ਸਮੇਂ ’ਚ 5 ਰੁਪਏ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ