ਮੰਤਰੀ ਸਿੱਧੂ, ਮੇਅਰ ਰਿੰਟੂ ਤੇ ਕਮਿਸ਼ਨਰ ਸੋਨਾਲੀ ਗਿਰੀ ਨੇ ਕੀਤੀ ਸਫਾਈ ਮੁਹਿੰਮ ਦੀ ਸ਼ੁਰੂਆਤ

02/01/2018 1:16:22 AM

ਅੰਮ੍ਰਿਤਸਰ (ਰਮਨ, ਵੜੈਚ, ਕਮਲ, ਵਾਲੀਆ) - ਗੁਰੂ ਨਗਰੀ 'ਚ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਮੰਤਰੀ ਪੰਜਾਬ, ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਸੋਨਾਲੀ ਗਿਰੀ ਨੇ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਤੋਂ ਸਫਾਈ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨਾਲ ਰਮਨ ਬਖਸ਼ੀ ਸੀਨੀਅਰ ਡਿਪਟੀ ਮੇਅਰ, ਯੂਨਿਸ ਕੁਮਾਰ ਡਿਪਟੀ ਮੇਅਰ, ਸੌਰਭ ਅਰੋੜਾ ਜੁਆਇੰਟ ਕਮਿਸ਼ਨਰ ਨਗਰ ਨਿਗਮ ਤੇ ਡਾ. ਰਾਜੂ ਚੌਹਾਨ ਸਿਹਤ ਅਫਸਰ ਨਗਰ ਨਿਗਮ ਤੋਂ ਇਲਾਵਾ ਕਈ ਕੌਂਸਲਰ ਇਸ ਮੁਹਿੰਮ ਦੌਰਾਨ ਮੌਜੂਦ ਸਨ। ਇਸ ਮੌਕੇ ਸਿੱਧੂ, ਰਿੰਟੂ ਤੇ ਸੋਨਾਲੀ ਗਿਰੀ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਸਫਾਈ ਆਪਣੇ ਹੱਥਾਂ ਨਾਲ ਕੀਤੀ ਤੇ ਸੜਕਾਂ 'ਤੇ ਆਪ ਝਾੜੂ ਮਾਰਿਆ ਤੇ ਗੰਦਗੀ ਚੁੱਕੀ।

PunjabKesari
ਉਪਰੰਤ ਸਿੱਧੂ ਸਫਾਈ ਕਰਮਚਾਰੀਆਂ ਦੇ ਘਰ ਗੁੱਜਰਪੁਰਾ ਵੀ ਗਏ ਤੇ ਉਥੇ ਵੀ ਸਫਾਈ ਕੀਤੀ। ਉਨ੍ਹਾਂ ਨੇ ਗੁੱਜਰਪੁਰਾ ਵਿਖੇ ਸਥਿਤ ਲਾਲ ਕੁਆਰਟਰਾਂ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਇਨ੍ਹਾਂ ਮੁਸ਼ਕਲਾਂ ਦਾ ਹੱਲ ਤੁਰੰਤ ਕੀਤਾ ਜਾਵੇਗਾ। ਸਿੱਧੂ ਨੇ ਉਸੇ ਸਮੇਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲਾਲ ਕੁਆਰਟਰਾਂ ਦੇ ਬੰਦ ਪਏ ਸੀਵਰੇਜ ਨੂੰ ਸਾਫ ਕਰਵਾਉਣ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਫਾਈ ਮੁਹਿੰਮ ਡਰਾਮਾ ਨਹੀਂ ਹੈ ਬਲਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਆਏ ਹਨ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਹਾਂ, ਇਸੇ ਤਰ੍ਹਾਂ ਹੀ ਇਸ ਗੁਰੂ ਨਗਰੀ ਨੂੰ ਸਾਫ ਰੱਖੀਏ।

PunjabKesari
ਸ. ਸਿੱਧੂ ਨੇ ਕਿਹਾ ਕਿ ਉਹ ਖੁਦ ਇਸ ਕੰਮ ਦੀ ਨਿਗਰਾਨੀ ਕਰਨਗੇ ਅਤੇ ਜਿਥੇ ਵੀ ਕਮੀ ਪਾਈ ਜਾਵੇਗੀ ਉਥੇ ਸਬੰਧਤ ਅਧਿਕਾਰੀ ਦੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਜਾਵੇਗੀ। ਇਸ ਮੌਕੇ ਸਿੱਧੂ ਨੇ ਸਫਾਈ ਸੇਵਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਸਫਾਈ ਸੇਵਕ ਦੀ ਨੌਕਰੀ ਨਹੀਂ ਖੋਹੀ ਜਾਵੇਗੀ ਬਲਕਿ ਨਗਰ ਨਿਗਮ 'ਚ ਹੋਰ ਸਫਾਈ ਸੇਵਕ ਭਰਤੀ ਕੀਤੇ ਜਾਣਗੇ।
ਜਿਸ ਨੂੰ ਕੀਤੀ ਸੀ ਚਾਰਜਸ਼ੀਟ ਕਰਨ ਦੀ ਸਿਫਾਰਸ਼, ਉਸ ਨੂੰ ਦਿੱਤਾ ਧੀ ਦਾ ਦਰਜਾ : ਮੰਤਰੀ ਸਿੱਧੂ ਨੇ ਪਿਛਲੀ ਸਰਕਾਰ ਦੇ ਸਮੇਂ ਹੋਏ ਇਕ ਪ੍ਰਾਜੈਕਟ 'ਚ ਕਮਿਸ਼ਨਰ ਸੋਨਾਲੀ ਗਿਰੀ ਨੂੰ ਚਾਰਜਸ਼ੀਟ ਕਰਨ ਦੀ ਸਰਕਾਰ ਨੂੰ ਸਿਫਾਰਸ਼ ਕੀਤੀ ਸੀ, ਜਦੋਂ ਹੁਣ ਦੁਬਾਰਾ ਤੋਂ ਸੋਨਾਲੀ ਗਿਰੀ ਨਿਗਮ 'ਚ ਕਮਿਸ਼ਨਰ ਅਹੁਦੇ 'ਤੇ ਆਏ ਤਾਂ ਮੰਗਲਵਾਰ ਮੰਤਰੀ ਸਿੱਧੂ ਵੱਲੋਂ ਉਨ੍ਹਾਂ ਨੂੰ ਨਿਗਮ 'ਚ ਹੀ ਆਪਣੀ ਧੀ ਦਾ ਦਰਜਾ ਦਿੱਤਾ ਗਿਆ ਤੇ ਸਫਾਈ ਮੁਹਿੰਮ 'ਚ ਉਨ੍ਹਾਂ ਦੱਸਿਆ ਕਿ ਜਦੋਂ ਸਭ ਤੋਂ ਪਹਿਲਾਂ ਸੋਨਾਲੀ ਗਿਰੀ ਨੇ ਨਾਲੀ 'ਚੋਂ ਗੰਦਗੀ ਨੂੰ ਚੁੱਕਿਆ ਤਾਂ ਉਹ ਭਾਵੁਕ ਹੋ ਉਠੇ। ਉਨ੍ਹਾਂ ਕਿਹਾ ਕਿ ਸੋਨਾਲੀ 'ਚ ਉਨ੍ਹਾਂ ਨੂੰ ਉਨ੍ਹਾਂ ਦੀ ਧੀ ਰਾਬੀਆ ਨਜ਼ਰ ਆਈ। ਸਫਾਈ ਮੁਹਿੰਮ 'ਚ ਕਮਿਸ਼ਨਰ ਸੋਨਾਲੀ ਗਿਰੀ ਫੋਟੋ ਖਿਚਵਾਉਣ 'ਚ ਘੱਟ ਤੇ ਸਫਾਈ 'ਚ ਵੱਧ ਲੱਗੀ ਨਜ਼ਰ ਆਈ, ਜਿਸ ਨਾਲ ਅਧਿਕਾਰੀ ਵੀ ਸਫਾਈ 'ਚ ਲੱਗੇ ਰਹੇ।


Related News