ਜਲੰਧਰ ''ਚ ਸੋਢਲ ਮੇਲੇ ਦੀ ਸੁਰੱਖਿਆ ਲਈ 24 ਘੰਟੇ ਡਿਊਟੀ ਦੌਰਾਨ 1000 ਮੁਲਾਜ਼ਮ ਰਹਿਣਗੇ ਤਾਇਨਾਤ

Wednesday, Sep 15, 2021 - 10:10 AM (IST)

ਜਲੰਧਰ ''ਚ ਸੋਢਲ ਮੇਲੇ ਦੀ ਸੁਰੱਖਿਆ ਲਈ 24 ਘੰਟੇ ਡਿਊਟੀ ਦੌਰਾਨ 1000 ਮੁਲਾਜ਼ਮ ਰਹਿਣਗੇ ਤਾਇਨਾਤ

ਜਲੰਧਰ (ਸੁਧੀਰ)– ਉੱਤਰ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਸਬੰਧੀ ਕਮਿਸ਼ਨਰੇਟ ਪੁਲਸ ਨੇ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਲਏ ਹਨ, ਜਿਸ ਕਾਰਨ ਮੰਗਲਵਾਰ ਸ਼ਾਮ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਡੀ. ਸੀ. ਪੀ. ਟਰੈਫਿਕ ਨਰੇਸ਼ ਡੋਗਰਾ ਨੇ ਕਮਿਸ਼ਨਰੇਟ ਪੁਲਸ ਦੇ ਹੋਰ ਅਧਿਕਾਰੀਆਂ ਨਾਲ ਸੋਢਲ ਮੰਦਿਰ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਮੇਲਾ ਮਾਰਗ ਦਾ ਦੌਰਾ ਕਰਕੇ ਅਧਿਕਾਰੀਆਂ ਤੋਂ ਸਾਰੀ ਜਾਣਕਾਰੀ ਹਾਸਲ ਕੀਤੀ। ਬਾਅਦ ਵਿਚ ਉਨ੍ਹਾਂ ਪਠਾਨਕੋਟ ਬਾਈਪਾਸ, ਲੰਮਾ ਪਿੰਡ ਚੌਕ ਤੇ ਮਕਸੂਦਾਂ ਹਾਈਵੇਅ ਤੋਂ ਆਉਣ ਵਾਲੇ ਸਾਰੇ ਰਸਤੇ ਦੀ ਜਾਣਕਾਰੀ ਹਾਸਲ ਕੀਤੀ। ਇਸ ਸਬੰਧੀ ਨਵ-ਨਿਯੁਕਤ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਮੇਲੇ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਜਾਰੀ ਕਰਨ ਦੇ ਹੁਕਮ ਦਿੱਤੇ।

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸੋਢਲ ਮੇਲੇ ਵਿਚ ਇਕ ਹਜ਼ਾਰ ਦੇ ਕਰੀਬ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ, ਜਿਸ ਵਿਚ ਥਾਣਿਆਂ ਦੀ ਫੋਰਸ ਤੋਂ ਇਲਾਵਾ ਪੁਲਸ ਲਾਈਨਜ਼ ਅਤੇ ਪੀ. ਏ. ਪੀ. ਤੋਂ ਵੀ ਫੋਰਸ ਨੂੰ ਸੁਰੱਖਿਆ ਪ੍ਰਬੰਧਾਂ ਲਈ ਤਾਇਨਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਏ. ਡੀ. ਸੀ. ਪੀ. ਸਿਟੀ-1 (ਆਈ. ਪੀ. ਐੱਸ.) ਸੁਹੇਲ ਮੀਰ ਦੀ ਸੁਪਰਵਿਜ਼ਨ ਵਿਚ ਪੀ. ਸੀ. ਆਰ. ਦਸਤੇ ਨੂੰ ਮੇਲਾ ਮਾਰਗ ਅਤੇ ਨੇੜਲੇ ਖੇਤਰਾਂ ਵਿਚ ਪੈਟਰੋਲਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਪੀ. ਸੀ. ਆਰ. ਕਰਮਚਾਰੀਆਂ ਨੂੰ ਕੰਟਰੋਲ ਰੂਮ ਤੋਂ ਕੋਈ ਵੀ ਮੈਸੇਜ ਆਉਣ ’ਤੇ ਉਨ੍ਹਾਂ ਨੂੰ ਤੁਰੰਤ ਘਟਨਾ ਸਥਾਨ ’ਤੇ ਪਹੁੰਚਣ ਦੇ ਹੁਕਮ ਜਾਰੀ ਕੀਤੇ ਗਏ ਹਨ।

PunjabKesari

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਪਹਿਲਾਂ ਹੀ ਮੀਟਿੰਗ ਕਰਕੇ ਮੰਦਿਰ ਮਾਰਗ ’ਤੇ ਝੂਲੇ ਅਤੇ ਲੰਗਰ ਲਗਾਉਣ ਦੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਸਨ। ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸਾਰੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਜੇਕਰ ਮੇਲਾ ਮਾਰਗ ’ਤੇ ਕੋਈ ਵੀ ਨਿਯਮਾਂ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਏ. ਡੀ. ਸੀ. ਪੀ.-1 ਸੁਹੇਲ ਮੀਰ ਦੇ ਹੱਥਾਂ ਵਿਚ ਸੁਰੱਖਿਆ ਦੀ ਕਮਾਨ ਹੋਵੇਗੀ। ਮੰਦਿਰ ਮਾਰਗ ’ਤੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਦੇ ਨਾਲ ਏ. ਡੀ. ਸੀ. ਪੀ. ਸਿਟੀ-1 ਖੁਦ ਵੀ ਸੁਰੱਖਿਆ ਦੀ ਕਮਾਨ ਸੰਭਾਲਣਗੇ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਡਿਊਟੀ ਦੌਰਾਨ ਲਾਪ੍ਰਵਾਹੀ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਜਲੰਧਰ: ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ, ਦਰਸ਼ਨਾਂ ਲਈ ਪੁੱਜਣ ਲੱਗੇ ਸ਼ਰਧਾਲੂ

PunjabKesari

ਕੰਟਰੋਲ ਰੂਮ ਹੋਵੇਗਾ ਸਥਾਪਤ, ਸਾਰੇ ਅਧਿਕਾਰੀ ਰਹਿਣਗੇ ਤਾਇਨਾਤ
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਸੋਢਲ ਮੇਲੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਕਾਰਨ ਮੰਦਿਰ ਦੇ ਬਾਹਰ ਪੁਲਸ ਦਾ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਮੁਲਾਜ਼ਮਾਂ ਦੀ ਡਿਊਟੀ ਨੂੰ 2 ਹਿੱਸਿਆਂ ਵਿਚ ਵੰਡਿਆ ਗਿਆ ਹੈ। ਹਰ ਸ਼ਿਫਟ 12-12 ਘੰਟੇ ਦੀ ਹੋਵੇਗੀ। ਇਸ ਤੋਂ ਇਲਾਵਾ ਪੁਲਸ ਦੇ ਸਾਰੇ ਅਧਿਕਾਰੀਆਂ ਦੀ ਵੀ ਸੁਰੱਖਿਆ ਦੇ ਮੱਦੇਨਜ਼ਰ ਡਿਊਟੀ ਲਾਈ ਜਾ ਰਹੀ ਹੈ। ਪੁਲਸ ਦੇ ਸੀਨੀਅਰ ਅਧਿਕਾਰੀ ਵੀ ਆਪਣੀ ਡਿਊਟੀ ਮੁਤਾਬਕ ਕੰਟਰੋਲ ਰੂਮ ਵਿਚ ਹਾਜ਼ਰ ਰਹਿਣਗੇ। ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਵਿਸ਼ੇਸ਼ ਤੌਰ ’ਤੇ ਇਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ ਤਾਂ ਜੋ ਕਿਸੇ ਸ਼ੱਕੀ ਵਿਅਕਤੀ ਬਾਰੇ ਜਾਂ ਕੋਈ ਹੋਰ ਜਾਣਕਾਰੀ ਲੋਕ ਪੁਲਸ ਕੰਟਰੋਲ ਰੂਮ ਵਿਚ ਦੇ ਸਕਣ।

ਖ਼ੁਫ਼ੀਆ ਕੈਮਰੇ ਰੱਖਣਗੇ ਸ਼ੱਕੀਆਂ ਅਤੇ ਜੇਬਕਤਰਿਆਂ ’ਤੇ ਨਜ਼ਰ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੇਲਾ ਮਾਰਗ ’ਤੇ ਖ਼ੁਫ਼ੀਆ ਕੈਮਰੇ ਲਾਏ ਜਾ ਰਹੇ ਹਨ, ਜਿਸ ਦਾ ਕੰਟਰੋਲ ਮੰਦਿਰ ਦੇ ਬਾਹਰ ਬਣੇ ਪੁਲਸ ਦੇ ਕੰਟਰੋਲ ਰੂਮ ਨਾਲ ਜੋੜਿਆ ਜਾ ਰਿਹਾ ਹੈ। ਖ਼ੁਫ਼ੀਆ ਕੈਮਰਿਆਂ ਰਾਹੀਂ ਕੰਟਰੋਲ ਰੂਮ ਵਿਚ ਬੈਠੇ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਸ਼ੱਕੀ ਲੋਕਾਂ ਅਤੇ ਜੇਬਕਤਰਿਆਂ ’ਤੇ ਨਜ਼ਰ ਰੱਖਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਮੇਲੇ ਵਿਚ ਸਾਵਧਾਨੀ ਵਰਤਣ ਅਤੇ ਆਪਣੀਆਂ ਜੇਬਾਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News