ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ 'ਚ ਹੋਈ ਬੇਅਦਬੀ ਦੇ ਦੋਸ਼ੀ ਦੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੀ ਘੋਸ਼ਣਾ

Saturday, Dec 25, 2021 - 05:06 PM (IST)

ਸ਼੍ਰੋਮਣੀ ਕਮੇਟੀ ਵੱਲੋਂ ਦਰਬਾਰ ਸਾਹਿਬ 'ਚ ਹੋਈ ਬੇਅਦਬੀ ਦੇ ਦੋਸ਼ੀ ਦੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੀ ਘੋਸ਼ਣਾ

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਮੰਦਭਾਗੀ ਘਟਨਾ ਦੇ ਦੋਸ਼ੀ ਦੀ ਪਛਾਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਲੰਘੀ 18 ਦਸੰਬਰ ਨੂੰ ਸੋਦਰਿ ਦੇ ਪਾਠ ਸਮੇਂ ਇਕ ਵਿਅਕਤੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੰਗਲਾ ਟੱਪ ਕੇ ਬੇਅਦਬੀ ਦੀ ਕੀਤੀ ਗਈ ਕੋਝੀ ਕੋਸ਼ਿਸ਼ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਦੋਸ਼ੀ ਅਤੇ ਉਸ ਦੇ ਪਰਿਵਾਰ ਸਬੰਧੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇਣ ਵਾਲੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ 5 ਲੱਖ ਰੁਪਏ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਵਾਇਰਲ ਵੀਡੀਓ ਸਬੰਧੀ ਕੀਤੀ ਇਹ ਅਪੀਲ

ਉਨ੍ਹਾਂ ਕਿਹਾ ਕਿ ਬੇਸ਼ੱਕ ਰੋਹ ਵਿਚ ਆਈ ਸੰਗਤ ਨੇ ਦੋਸ਼ੀ ਵਿਅਕਤੀ ਨੂੰ ਉਸ ਦੇ ਕੀਤੇ ਦੀ ਸਜ਼ਾ ਦੇ ਦਿੱਤੀ ਸੀ, ਪਰ ਘਟਨਾ ਦੀ ਤਹਿ ਤੱਕ ਜਾਣ ਲਈ ਦੋਸ਼ੀ ਦੀ ਪਛਾਣ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਦੋਸ਼ੀ ਦੀ ਪਛਾਣ ਨਾਲ ਸਬੰਧਤ ਕੋਈ ਜਾਣਕਾਰੀ ਦੇਵੇਗਾ, ਉਸ ਨੂੰ ਇਨਾਮੀ ਰਾਸ਼ੀ ਦੇਣ ਦੇ ਨਾਲ-ਨਾਲ ਉਸ ਦੀ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਵੇਗੀ।ਇਸ ਘਟਨਾ 'ਤੇ ਬੋਲਦਿਆਂ ਹਰਜਿੰਦਰ ਧਾਮੀ ਨੇ ਕਿਹਾ ਸੀ ਕਿ ਇਹ ਸਾਜਿਸ਼ ਹੈ। ਉਨ੍ਹਾਂ ਕਿਹਾ ਸੀ ਕਿ ਅਸੀਂ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਹੈ ਜਿਸ ’ਚੋਂ ਪਤਾ ਲੱਗਿਆ ਹੈ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਸਵੇਰੇ ਕਰੀਬ ਪੌਣੇ ਬਾਰਾਂ ਵਜੇ ਦਰਬਾਰ ਸਾਹਿਬ ਅੰਦਰ ਦਾਖ਼ਲ ਹੋ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਘੁੰਮ ਰਿਹਾ ਸੀ। ਦਰਬਾਰ ਸਾਹਿਬ ਦੇ ਅੰਦਰ ਉਹ ਸ਼ਾਮ ਨੂੰ ਕਰੀਬ 5 ਵਜੇ ਘਟਨਾ ਨੂੰ ਅੰਜ਼ਾਮ ਦਿੰਦਾ ਹੈ। ਇਸ ਤੋਂ ਸਾਫ਼ ਹੈ ਕਿ ਉਹ ਪੂਰਾ ਦਿਨ ਸਾਜ਼ਿਸ਼ ਹੀ ਘੜ੍ਹਦਾ ਰਿਹਾ ਹੈ। ਮੇਰੇ ਮੁਤਾਬਕ ਉਹ ਯੋਜਨਾ ਤਹਿਤ ਆਇਆ ਸੀ, ਕਿਉਂਕਿ ਜੇਕਰ ਕੋਈ ਮਾਨਸਿਕ ਪੀੜਤ ਹੁੰਦਾ ਤਾਂ ਉਹ ਇੰਨੀਂ ਦੇਰ ਤੱਕ ਅੰਦਰ ਮੌਜੂਦ ਨਾ ਰਹਿੰਦਾ। ਉਕਤ ਵਿਅਕਤੀ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਸ਼ਾਮ ਦਾ ਸਮਾਂ ਚੁਣਿਆ, ਕਿਉਂਕਿ ਉਸ ਵੇਲੇ ਸ਼ਾਂਤੀ ਦਾ ਸਮਾਂ ਹੁੰਦਾ ਹੈ ਅਤੇ ਗੁਰਬਾਣੀ ਸਰਵਨ ਹੋ ਰਹੀ ਹੁੰਦੀ ਹੈ। ਇਹ ਕੋਈ ਆਮ ਗੱਲ ਨਹੀਂ ਹੈ, ਕਿਉਂਕਿ ਜਿਸ ਥਾਂ ’ਤੇ ਉਸ ਨੇ ਜਾਣ ਦੀ ਜ਼ੁਅਰਤ ਕੀਤੀ, ਉਥੇ ਸਿਰਫ਼ ਉਹ ਲੋਕ ਹੀ ਜਾ ਸਕਦੇ ਹਨ, ਜਿਨ੍ਹਾਂ ਨੂੰ ਮਨਜ਼ੂਰੀ ਹੁੰਦੀ ਹੈ। ਉਸ ਨੇ ਪਲਾਨਿੰਗ ਤਹਿਤ ਸ਼ਨੀਵਾਰ ਦਾ ਸਮਾਂ ਚੁਣਿਆ ਹੈ ਕਿਉਂਕਿ ਉਸ ਦਿਨ ਸੰਗਤ ਜ਼ਿਆਦਾ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਸਾਰਾ ਕੁਝ ਗੁਰੂ ਰਾਮ ਦਾਸ ਪਾਤਸ਼ਾਹ ਨੇ ਖ਼ੁਦ ਸੰਭਾਲਿਆ ਹੈ, ਕਿਉਂਕਿ ਜੇਕਰ ਕੋਈ ਵੱਡੀ ਘਟਨਾ ਹੋ ਜਾਂਦੀ ਤਾਂ ਅੱਜ ਪੂਰੀ ਪ੍ਰਬੰਧਕੀ ਕਮੇਟੀ ਨੇ ਸਵਾਲਾਂ ਦੇ ਘੇਰੇ ’ਚ ਹੋਣਾ ਸੀ। ਸਿੱਖ ਕਦੇ ਵੀ ਇਸ ਤਰ੍ਹਾਂ ਦੀ ਘਿਨੌਣੀ ਹਰਕਤ ਨੂੰ ਬਰਦਾਸ਼ਤ ਨਹੀਂ ਕਰਨਗੇ। 

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?
 

 


author

Harnek Seechewal

Content Editor

Related News