ਅਕਾਲੀ ਦਲ ਵੱਲੋਂ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਮੋਗਾ ਵਿਖੇ 14 ਦਸੰਬਰ ਨੂੰ ਵਿਸ਼ਾਲ ਰੈਲੀ ਕਰਨ ਦਾ ਐਲਾਨ

Monday, Nov 29, 2021 - 10:57 AM (IST)

ਮੋਗਾ (ਗੋਪੀ ਰਾਊਕੇ) : ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿਕਾਸ ਦੀ ਜਾਮਣ ਜਮਾਤ ਹੈ, ਇਸ ਪਾਰਟੀ ਨੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਵੱਡੀ ਘਾਲਣਾ ਘਾਲੀ ਹੈ ਅਤੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਦੀ 75ਵੀਂ ਵਰ੍ਹੇਗੰਢ ਮੋਗਾ ਦੀ ਧਰਤੀ ’ਤੇ ਮਨਾਈ ਸੀ, ਉਸੇ ਤਰ੍ਹਾਂ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ ਦੀ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿਖੇ 14 ਦਸੰਬਰ ਨੂੰ 2021 ਨੂੰ ਹੋਵੇਗਾ, ਜਿਸ ਸਬੰਧੀ ਦੇਸ਼ਾਂ-ਵਿਦੇਸਾਂ ਵਿਚ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤੀਆਂ ਹਨ। ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਨ ਸਭਾ ਹਲਕਾ ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਜੱਥੇਦਾਰ ਤੋਤਾ ਸਿੰਘ ਨੇ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਸਾਢੇ 4 ਸਾਲ ਸੂਬੇ ਦਾ ਕੁੱਝ ਵੀ ਨਹੀਂ ਸੰਵਾਰਿਆ ਅਤੇ ਹੁਣ ਕਾਂਗਰਸ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੂਪ ਵਿਚ ਲੋਕਾਂ ਨੂੰ ਮੁੜ ਗੁੰਮਰਾਹ ਕਰਨ ਲੱਗੀ ਹੈ, ਪਰ ਪੰਜਾਬ ਵਾਸੀ ਕਦੇ ਵੀ ਕਾਂਗਰਸ ਦੇ ਝੂਠੇ ਲਾਅਰਿਆਂ ਵਿਚ ਨਹੀਂ ਆਉਣਗੇ। ਉਨ੍ਹਾਂ ਇਕ ਅਹਿਮ ਖ਼ੁਲਾਸਾ ਕਰਦਿਆਂ ਦੱਸਿਆ ਕਿ ਜੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਾਲ ਲਕੀਰ ਤੋਂ ਅੰਦਰਲੇ ਘਰ ਮਾਲਕਾਂ ਨੂੰ ਮਾਲਕਾਨਾਂ ਹੱਕ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਦਰਅਸਲ ਇਸ ਦਾ ਨੋਟੀਫਿਕੇਸ਼ਨ 16 ਅਕਤੂਬਰ 2016 ਨੂੰ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਕਰ ਦਿੱਤਾ ਗਿਆ ਸੀ, ਪਰ 8 ਜੂਨ 2018 ਨੂੰ ਕਾਂਗਰਸ ਸਰਕਾਰ ਨੇ ਆਪਣੇ ਸੋੜੇ ਸਿਆਸੀ ਹਿੱਤਾਂ ਲਈ ਇਸ ਨੋਟੀਫਿਕੇਸ਼ਨ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ, ਜਿਸ ਕਰ ਕੇ ਇਹ ਮਾਮਲਾ ਲਟਕ ਗਿਆ।

ਜੱਥੇਦਾਰ ਤੋਤਾ ਸਿੰਘ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਅਤੇ ਅਹਿਮ ਦਸਤਾਵੇਜ਼ ਪੇਸ਼ ਕਰਦਿਆਂ ਕਿਹਾ ਕਿ ਨੋਟੀਫਿਕੇਸ਼ਨ ’ਤੇ ਦੁਬਾਰਾ ਨੋਟੀਫਿਕੇਸ਼ਨ ਕਿਸ ਤਰ੍ਹਾਂ ਹੋ ਸਕਦਾ ਹੈ। ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ 14 ਦਸੰਬਰ ਦੀ ਵਰ੍ਹੇਗੰਢ ਸਮਾਗਮ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਪਾਰਟੀ ਦੇ ਡੈਲੀਗੇਟ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਲਾਅਰਿਆਂ ਵਾਲੀ ਕਾਂਗਰਸ ਸਰਕਾਰ ਨੂੰ ਚੱਲਦਾ ਕਰਨ ਦਾ ਵੱਡਾ ਉਤਸ਼ਾਹ ਹੈ ਅਤੇ 2022 ਵਿਚ ਪੰਜਾਬੀ ਮੁੜ ਅਕਾਲੀ ਦਲ ਦੇ ਹੱਕ ਵਿਚ ਫਤਵਾਂ ਦੇਣਗੇ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੋਗਾ ਤੋਂ ਉਮੀਦਵਾਰ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਵਰ੍ਹੇਗੰਢ ’ਤੇ ਹੋਣ ਵਾਲਾ ਲੱਖਾਂ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਇਕੱਠ ਕਾਂਗਰਸ ਨੂੰ ਚੱਲਦਾ ਕਰਨ ਦਾ ਮੁੱਢ ਬੰਨ੍ਹੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਬਰਜਿੰਦਰ ਸਿੰਘ ਬਰਾੜ ਮੱਖਣ ਵੀ ਹਾਜ਼ਰ ਸਨ।


Babita

Content Editor

Related News