ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਨੇ ਜ਼ਰੂਰਤਮੰਦ ਪਰਿਵਾਰਾਂ ਲਈ ਸ਼੍ਰੀ ਵਿਜੇ ਚੋਪੜਾ ਜੀ ਨੂੰ ਭੇਟ ਕੀਤੀ ਸਮੱਗਰੀ

Friday, Jul 26, 2019 - 01:01 PM (IST)

ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਨੇ ਜ਼ਰੂਰਤਮੰਦ ਪਰਿਵਾਰਾਂ ਲਈ ਸ਼੍ਰੀ ਵਿਜੇ ਚੋਪੜਾ ਜੀ ਨੂੰ ਭੇਟ ਕੀਤੀ ਸਮੱਗਰੀ

ਫਿਰੋਜ਼ਪੁਰ (ਵਿਸ਼ੇਸ਼) - ਜੰਮੂ-ਕਸ਼ਮੀਰ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਹਨੂਮਾਨ ਧਾਮ ਮਾਲ ਰੋਡ ਫਿਰੋਜ਼ਪੁਰ ਸ਼ਹਿਰ ਵਲੋਂ ਹਿੰਦ ਸਮਾਚਾਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੂੰ ਬਿਸਤਰੇ, ਕੰਬਲ, ਕੱਪੜੇ ਅਤੇ ਹੋਰ ਸਾਮਾਨ ਭੇਟ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਵਲੋਂ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਹਿੰਦ ਸਮਾਚਾਰ ਦੇ ਡਾਇਰੈਕਟਰ ਸ਼੍ਰੀ ਆਰੂਸ਼ ਚੋਪੜਾ, ਸੁਖਬੀਰ ਸਿੰਘ ਆਵਲਾ, ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਆਦਿ ਸ਼ਾਮਲ ਹੋਏ। ਮੰਦਰ ਦੀ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਅਨੁਰਾਗ ਐਰੀ, ਪਵਨ ਬਾਂਸਲ, ਲਛਮਣ ਸਿੰਘ, ਅਸ਼ੋਕ ਕਟਾਰੀਆ, ਸੁਰਿੰਦਰ ਸ਼ਰਮਾ, ਦਵਿੰਦਰ ਬਜਾਜ ਆਦਿ ਨੇ ਸ਼੍ਰੀ ਵਿਜੇ ਚੋਪੜਾ ਜੀ ਦਾ ਸਵਾਗਤ ਕੀਤਾ ਅਤੇ ਫਿਰੋਜ਼ਪੁਰ ਦੇ ਮੌਜੂਦਾ ਹਾਲਾਤ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਫਿਰੋਜ਼ਪੁਰ ਵਿਚ ਲੁੱਟਾਂ-ਖੋਹਾਂ ਤੇ ਚੋਰੀਆਂ ਦੀਆਂ ਵਧ ਰਹੀਆਂ ਘਟਨਾਵਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਨ੍ਹਾਂ ਸ਼੍ਰੀ ਵਿਜੇ ਚੋਪੜਾ ਜੀ ਨੂੰ 1971 ਦੀ ਭਾਰਤ-ਪਾਕਿ ਜੰਗ ਦੇ ਸਮੇਂ ਤੋਂ ਬੰਦ ਪਏ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ਖੁੱਲ੍ਹਵਾਉਣ ਤੇ ਨਸ਼ੇ ਦਾ ਖਾਤਮਾ ਕਰਨ ਲਈ ਹਿੰਦ ਸਮਾਚਾਰ ਸਮੂਹ ਦੇ ਰਾਹੀਂ ਲੋਕਾਂ ਦੀ ਆਵਾਜ਼ ਬਲੰਦ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਹਿੰਦ ਸਮਾਚਾਰ ਸਮੂਹ ਵਲੋਂ ਜੰਮੂ-ਕਸ਼ਮੀਰ ਦੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਲਈ ਭੇਜੇ ਜਾ ਰਹੇ ਰਾਸ਼ਨ ਆਦਿ ਦੇ ਟਰੱਕਾਂ ਦੀ ਸੇਵਾ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ 'ਚ ਇਸ ਕੰਮ 'ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਮਨੁੱਖ ਨੂੰ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਜੇਕਰ ਅਸੀਂ ਲੋਕ ਜ਼ਰੂਰਤਮੰਦ ਲੋਕਾਂ ਦੀ ਮਦਦ ਨਹੀਂ ਕਰਦੇ ਤਾਂ ਸਾਡਾ ਧਾਰਮਕ ਅਸਥਾਨਾਂ 'ਤੇ ਜਾ ਕੇ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਰਹਿੰਦੇ ਇਹ ਪਰਿਵਾਰ ਭੁੱਖੇ-ਪਿਆਸੇ ਰਹਿ ਕੇ ਸਾਡੀ ਮਦਦ ਕਰ ਰਹੇ ਹਨ। ਨਸ਼ਾ ਖਤਮ ਕਰਨ ਲਈ ਹਰ ਪੰਜਾਬੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਹੋਵੇਗਾ। ਜਦ ਤੱਕ ਨਸ਼ਾ ਖਤਮ ਕਰਨ ਅਤੇ ਨਸ਼ੇ 'ਚ ਡੁੱਬੇ ਨੌਜਵਾਨਾਂ ਨੂੰ ਬਚਾਉਣ ਲਈ ਲੋਕ ਅੱਗੇ ਨਹੀਂ ਆਉਂਦੇ, ਉਦੋਂ ਤੱਕ ਕੁਝ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰ ਤੋਂ ਜਦ ਨਸ਼ੇ ਵਾਲੇ ਪਦਾਰਥ, ਹਥਿਆਰ ਅਤੇ ਨਕਲੀ ਕਰੰਸੀ ਆਉਂਦੀ ਹੈ ਤਾਂ ਉਸ ਨੂੰ ਫੜਨਾ ਤਾਂ ਸਾਡੇ ਦੇਸ਼ ਵਾਲਿਆਂ ਨੇ ਹੀ ਹੈ, ਇਸ ਲਈ ਪਾਕਿਸਤਾਨੀ ਸਮੱਗਲਰਾਂ ਅਤੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਫੇਲ ਕਰਨ ਲਈ ਉਥੇ ਠੋਸ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਟਵਾਰੇ ਦੇ ਸਮੇਂ ਖੂਬਸੂਰਤੀ ਹਿਮਾਚਲ ਦੇ ਕੋਲ ਚਲੀ ਗਈ ਅਤੇ ਕਮਾਊ ਏਰੀਆ ਹਰਿਆਣਾ ਦੇ ਕੋਲ ਚਲਾ ਗਿਆ, ਜਦਕਿ ਪੰਜਾਬ ਦੇ ਹਿੱਸੇ 'ਚ ਸਰਹੱਦ ਆਇਆ ਹੈ, ਜਿਸ ਦੇ ਰਸਤੇ ਪੰਜਾਬ 'ਚ ਨਸ਼ਾ, ਨਕਲੀ ਕਰੰਸੀ ਅਤੇ ਹਥਿਆਰ ਆਦਿ ਆ ਰਹੇ ਹਨ।ਉਨ੍ਹਾਂ ਕਿਹਾ ਕਿ ਸਾਨੂੰ ਬਜ਼ੁਰਗਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਲੜਕੀਆਂ ਦੀ ਰੱਖਿਆ ਅਤੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਿੱਖਿਆ ਦਾ ਜਿਵੇਂ-ਜਿਵੇਂ ਪ੍ਰਸਾਰ ਹੋਵੇਗਾ ਅਤੇ ਪਰਿਵਾਰ ਪੜ੍ਹੇ-ਲਿਖੇ ਹੋਣਗੇ, ਉਵੇਂ-ਉਵੇਂ ਪਰਿਵਾਰ ਖੁਸ਼ਹਾਲ ਹੋਣਗੇ। ਪਰਿਵਾਰਕ ਵਿਵਾਦ ਘਟਣਗੇ, ਲੋਕ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨਗੇ ਅਤੇ ਚੰਗੇ ਸਿਆਸੀ ਲੋਕ ਅੱਗੇ ਆਉਣਗੇ ਅਤੇ ਚੰਗੀ ਸਰਕਾਰ ਸੱਤਾ 'ਚ ਆਵੇਗੀ।

ਉਨ੍ਹਾਂ ਮੰਦਰ ਕਮੇਟੀ ਨੂੰ ਅਪੀਲ ਕੀਤੀ ਕਿ ਉਹ 80 ਸਾਲ ਤੋਂ ਜ਼ਿਆਦਾ ਉਮਰ ਵਾਲੇ ਬਜ਼ੁਰਗਾਂ ਤੇ 80 ਫੀਸਦੀ ਤੋਂ ਜ਼ਿਆਦਾ ਅੰਕ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਨ। 80 ਫੀਸਦੀ ਅੰਕ ਲੈਣ ਵਾਲੀਆਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਅਤੇ ਲੜਕਿਆਂ ਨੂੰ ਪੜ੍ਹਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਲਈ ਰਾਸ਼ਨ ਵੰਡਿਆ ਕਰਨ। ਸ਼੍ਰੀ ਚੋਪੜਾ ਨੇ ਪੰਜਾਬ 'ਚ ਵਧ ਰਹੇ ਨਸ਼ੇ ਅਤੇ ਹੋਰ ਸਮਾਜਕ ਬੁਰਾਈਆਂ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ 'ਚ 28 ਹਜ਼ਾਰ ਦੇ ਕਰੀਬ ਤਲਾਕ ਕੇਸ ਪੈਂਡਿੰਗ ਪਏ ਹਨ ਅਤੇ ਕਰੀਬ 30 ਹਜ਼ਾਰ ਅਜਿਹੀਆਂ ਬੇਟੀਆਂ ਦੇ ਵਿਵਾਦ ਪੈਂਡਿੰਗ ਪਏ ਹਨ, ਜਿਨ੍ਹਾਂ ਦੇ ਵਿਆਹ ਵਿਦੇਸ਼ਾਂ 'ਚ ਰਹਿੰਦੇ ਐੱਨ. ਆਰ. ਆਈਜ਼ ਨਾਲ ਹੋਏੇ ਸਨ ਅਤੇ ਉਹ ਧੋਖੇ ਦਾ ਸ਼ਿਕਾਰ ਹੋ ਗਈਆਂ। ਉਨ੍ਹਾਂ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਚੰਗੇ ਭਵਿੱਖ ਲਈ ਆਪਣੀ ਜਾਇਦਾਤ ਟਰਾਂਸਫਰ ਨਾ ਕਰਨ ਅਤੇ ਆਪਣੇ ਕੋਲ ਰੱਖਣ । ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਉਹ ਨਸ਼ੇ ਦਾ ਖਾਤਮਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਸਰਬਪੱਖੀ ਵਿਕਾਸ ਦੀ ਜ਼ਿੰਮੇਵਾਰੀ ਲਈ ਹੈ ਅਤੇ ਉਹ ਉਸ ਨੂੰ ਪੂਰਾ ਕਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਕਾਸ ਕੰਮਾਂ ਲਈ ਪੰਜਾਬ ਸਰਕਾਰ ਤੋਂ 50 ਕਰੋੜ ਰੁਪਏ ਲਏ ਹਨ ਅਤੇ ਮਾਨਸੂਨ ਦਾ ਮੌਸਮ ਨਿਕਲਣ ਤੋਂ ਬਾਅਦ ਵਿਕਾਸ ਦੇ ਕੰਮਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ।

ਇਸ ਮੌਕੇ ਪ੍ਰਬੰਧਕੀ ਕਮੇਟੀ ਵਲੋਂ ਸ਼੍ਰੀ ਵਿਜੇ ਚੋਪੜਾ ਜੀ, ਜਸਬੀਰ ਆਵਲਾ ਜੀ, ਅਰੂਸ਼ ਚੋਪੜਾ ਜੀ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਐੱਸ.ਐੱਸ.ਪੀ. ਵਿਵੇਕ ਸ਼ੀਲ ਸੋਨੀ, ਅਨਿਰੁਧ ਗੁਪਤਾ ਅਤੇ ਅਭਿਸ਼ੇਕ ਅਰੋੜਾ ਆਦਿ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ ਅਤੇ ਸ਼੍ਰੀ ਵਿਜੇ ਚੋਪੜਾ ਜੀ ਨੇ ਸ਼੍ਰੀ ਜਸਬੀਰ ਸਿੰਘ ਆਵਲਾ, ਵਿਧਾਇਕ ਪਿੰਕੀ, ਐੱਸ.ਐੱਸ. ਪੀ. ਵਿਵੇਕ ਸ਼ੀਲ ਸੋਨੀ, ਮੰਦਰ ਦੀ ਪ੍ਰਬੰਧਕੀ ਕਮੇਟੀ, ਸ਼ੇਰੂ ਕੱਕੜ ਅਤੇ ਉਸ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ। ਇਸ ਸਮੇਂ ਸ਼ਾਮ ਲਾਲ ਗਰੋਵਰ, ਅਸ਼ਵਨੀ ਸ਼ਰਮਾ, ਸੂਰਜ ਪ੍ਰਕਾਸ਼ ਸ਼ਰਮਾ, ਰਜਨੀਸ਼ ਸੇਤੀਆ, ਭਗਵਾਨ ਦਾਸ ਖੁਰਾਣਾ, ਵਿਨੋਦ ਨਰੂਲਾ ਆਦਿ ਮੌਜੂਦ ਸਨ।


author

rajwinder kaur

Content Editor

Related News