'ਬਾਬਾ ਸੋਢਲ' ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਵੱਡੀ ਗਿਣਤੀ 'ਚ ਨਤਮਸਤਕ ਹੋਣ ਪੁੱਜੇ ਸ਼ਰਧਾਲੂ
Thursday, Sep 28, 2023 - 04:19 PM (IST)
ਜਲੰਧਰ- ਜਲੰਧਰ ਦਾ ਸਭ ਤੋਂ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ ਅੱਜ ਤੋਂ ਰਸਮੀ ਤੌਰ 'ਤੇ ਸ਼ੁਰੂ ਹੋ ਗਿਆ ਹੈ। ਦੇਰ ਰਾਤ ਤੋਂ ਹੀ ਮੇਲੇ ਵਿੱਚ ਮੱਥਾ ਟੇਕਣ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਰਵਾਇਤ ਦੇ ਮੁਤਾਬਕ ਚੱਢਾ ਪਰਿਵਾਰ ਵਰਤ ਅਤੇ ਪੂਜਾ ਕੀਤੀ ਅਤੇ ਤਲਾਬ ਵਿਚ ਬਾਬਾ ਸੋਢਲ ਜੀ ਦੀ ਸ਼ੇਸ਼ਨਾਗ ਦੇ ਰੂਪ ਵਿਚ ਬਣੀ ਮੂਰਤੀ 'ਤੇ ਦੁੱਧ ਅਤੇ ਕੱਚੀ ਲੱਸੀ ਅਰਪਿਤ ਕੀਤੀ ਗਈ। ਸੇਵਾਦਾਰ ਦੁੱਧ ਅਤੇ ਕੱਚੀ ਲੱਸੀ ਨਾਲ ਭਗਤਾਂ 'ਤੇ ਅੰਮ੍ਰਿਤ ਵਰਸ਼ਾ ਕਰ ਰਹੇ ਸਨ। ਕੀਰਤਨ ਕਰਨ ਵਾਲੀਆਂ ਮੰਡਲੀਆਂ ਨੇ ਬਾਬਾ ਦੀ ਮਹਿਮਾ ਦਾ ਗੁਣਗਾਣ ਕੀਤਾ।
ਮੇਲੇ ਵਿੱਚ ਆਸਥਾ ਦਾ ਹੜ੍ਹ ਵਹਿਣ ਲੱਗਾ ਹੈ। ਮੰਨਤਾਂ ਪੂਰੀਆਂ ਹੋਣ ਮਗਰੋਂ ਲੋਕ ਆਪਣੇ ਛੋਟੇ ਬੱਚਿਆਂ ਨਾਲ ਬੈਂਡ ਅਤੇ ਢੋਲ ਨਾਲ ਮੁੱਖ ਮੰਦਿਰ ਵਿਚ ਆ ਰਹੇ ਹਨ ਅਤੇ ਮੱਥਾ ਟੇਕ ਰਹੇ ਹਨ। ਸ਼ਰਧਾਲੂ ਆਪਣੇ ਨਾਲ ਦੁੱਧ ਵੀ ਲਿਆ ਰਹੇ ਹਨ, ਜਿਸ ਨੂੰ ਤਲਾਬ ਵਿਚ ਨਾਗ ਦੀ ਮੂਰਤੀ ਨੂੰ ਚੜ੍ਹਾ ਰਹੇ ਹਨ। ਇਸ ਦੌਰਾਨ ਬਾਬਾ ਸੋਢਲ ਜੀ ਦੇ ਜੈਕਾਰਿਆਂ ਦੇ ਨਾਲ ਜਲੰਧਰ ਸ਼ਹਿਰ ਗੂੰਜ ਉੱਠਿਆ ਹੈ। ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੀ ਆਮਦ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੇਲਾ ਮਾਰਗ 'ਤੇ ਮੰਦਿਰ ਕੰਪਲੈਕਸ ਦੇ ਆਲੇ-ਦੁਆਲੇ ਹਰ ਥਾਂ ’ਤੇ ਕਮਿਸ਼ਨਰੇਟ ਪੁਲਸ ਦੇ ਜਵਾਨ ਚੱਪੇ-ਚੱਪੇ ’ਤੇ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਮੇਲਾ ਮਾਰਗ ’ਤੇ ਕਈ ਥਾਵਾਂ ’ਤੇ ਗੁਪਤ ਕੈਮਰੇ ਲਾਏ ਹਨ, ਜਿਨ੍ਹਾਂ ਨੂੰ ਮੰਦਿਰ ਦੇ ਬਾਹਰ ਬਣੇ ਕੰਟਰੋਲ ਰੂਮ ਨਾਲ ਜੋੜਿਆ ਗਿਆ ਹੈ।
ਖ਼ਾਸ ਮਹੱਤਵ ਰੱਖਦੈ ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ, ਜਾਣੋ ਕੀ ਹੈ ਇਤਿਹਾਸ
ਖ਼ਰੀਦਦਾਰੀ ਲਈ ਵੀ ਮਸ਼ਹੂਰ ਬਾਬਾ ਸੋਢਲ ਜੀ ਦਾ ਮੇਲਾ
ਇਹ ਮੇਲਾ ਸਿਰਫ਼ ਆਸਥਾ ਦਾ ਹੀ ਨਹੀਂ, ਖ਼ਰੀਦਦਾਰੀ ਲਈ ਵੀ ਮਸ਼ਹੂਰ ਮੰਨਿਆ ਜਾਂਦਾ ਹੈ। ਮੇਲੇ ਦੌਰਾਨ ਖ਼ਰੀਦਦਾਰੀ ਲਈ ਕਈ ਦੁਕਾਨਾਂ ਸਜਾਈਆਂ ਗਈਆਂ ਹਨ। ਮੇਲੇ ਵਿੱਚ ਘਰ ਦੇ ਭਾਂਡਿਆਂ ਤੋਂ ਲੈ ਕੇ ਜ਼ਰੂਰੀ ਵਸਤੂਆਂ ਤੱਕ ਹਰ ਚੀਜ਼ ਇਥੇ ਪ੍ਰਦਰਸ਼ਿਤ ਕੀਤੀ ਗਈ ਹੈ। ਖ਼ਾਸ ਤੌਰ 'ਤੇ ਔਰਤਾਂ ਘਰੇਲੂ ਸਾਮਾਨ ਖ਼ਰੀਦਣ ਲਈ ਇਨ੍ਹਾਂ ਦੁਕਾਨਾਂ 'ਤੇ ਆ ਰਹੀਆਂ ਹਨ। ਮੇਲੇ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਵੀ ਲਗਾਏ ਗਏ ਹਨ। ਇਹ ਝੂਲੇ ਸਵੇਰ ਤੋਂ ਦੇਰ ਰਾਤ ਤੱਕ ਲਗਾਤਾਰ ਚੱਲ ਰਹੇ ਹਨ। ਇਥੇ ਦੱਸ ਦੇਈਏ ਕਿ ਖ਼ਰੀਦਦਾਰੀ ਵਾਲੀਆਂ ਦੁਕਾਨਾਂ ਲਗਾਉਣ ਵਾਲੇ ਮੇਲੇ ਦੌਰਾਨ ਲੱਖਾਂ ਰੁਪਏ ਦੀ ਕਮਾਈ ਕਰਦੇ ਹਨ।
ਚੱਢਾ ਪਰਿਵਾਰ ਦੇ ਜਠੇਰੇ ਹਨ ਬਾਬਾ ਸੋਢਲ ਜੀ
ਚੱਢਾ ਬਿਰਾਦਰੀ ਬਾਬਾ ਸੋਢਲ ਨੂੰ ਆਪਣੇ ਜਠੇਰੇ ਦੇ ਰੂਪ ਵਿਚ ਪੂਜਦੀ ਹੈ। ਚੱਢਾ ਬਰਾਦਰੀ ਦੇ ਜਠੇਰੇ ਬਾਬਾ ਸੋਢਲ ਵਿਚ ਹਰ ਧਰਮ ਅਤੇ ਭਾਈਚਾਰੇ ਦੋ ਲੋਕ ਨਤਮਸਤਕ ਹੋਣ ਆਉਂਦੇ ਹਨ। ਬਾਬਾ ਸੋਢਲ ਜੀ ਦੇ ਦਰਬਾਰ ਵਿੱਚ 14 ਰੋਟ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ। ਇਨ੍ਹਾਂ ਵਿੱਚੋਂ 7 ਰੋਟ ਪ੍ਰਸ਼ਾਦ ਵਜੋਂ ਵਾਪਸ ਮਿਲ ਜਾਂਦੇ ਹਨ। ਇਸ ਪ੍ਰਸ਼ਾਦ ਨੂੰ ਉਸ ਪਰਿਵਾਰ ਦੀ ਧੀ ਤਾਂ ਖਾ ਸਕਦੀ ਹੈ ਉਸ ਦੇ ਪਤੀ ਅਤੇ ਬੱਚਿਆਂ ਨੂੰ ਦੇਣ ਦੀ ਮਨਾਹੀ ਹੈ।
ਇਹ ਵੀ ਪੜ੍ਹੋ- ਬਾਬਾ ਸੋਢਲ ਜੀ ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਬੰਦ ਰਹਿਣਗੇ ਇਹ ਰਸਤੇ
ਮੇਲੇ ਤੋਂ ਕਰੀਬ ਹਫ਼ਤਾ ਪਹਿਲਾਂ ਬੀਜੀ ਜਾਂਦੀ ਹੈ ਖੇਤਰੀ
ਇਥੇ ਇਹ ਵੀ ਦੱਸਣਯੋਗ ਹੈ ਕਿ ਮੇਲੇ ਤੋਂ ਕਰੀਬ 8 ਦਿਨ ਪਹਿਲਾਂ ਬਾਬਾ ਸੋਢਲ ਜੀ ਦੇ ਨਾਂ ਦੀ ਖੇਤੜੀ ਬੀਜੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਔਰਤ ਦੇ ਵਿਆਹ ਤੋਂ ਬਾਅਦ ਕੋਈ ਔਲਾਦ ਨਾ ਹੋਵੇ ਤਾਂ ਸੱਚੀ ਭਾਵਨਾ ਨਾਲ ਬਾਬਾ ਦੀ ਸੇਵਾ ਕਰਨ ਨਾਲ ਅਤੇ ਇਥੇ ਦਰਬਾਰ ਵਿਚ ਮੱਥਾ ਟੇਕਣ ਨਾਲ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
ਬਾਬੇ ਦੇ ਮੇਲੇ ਤੋਂ ਇੱਕ ਦਿਨ ਪਹਿਲਾਂ ਘਰ ਵਿੱਚ ਭੱਠੀਆਂ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਬਾਬੇ ਦੇ ਨਾਮ ’ਤੇ ਮੱਠੀ ਅਤੇ ਪੰਜੀਰੀ ਬਣਾਈ ਜਾਂਦੀ ਹੈ, ਇਸ ਨੂੰ ਸਿਰਫ਼ ਪਰਿਵਾਰ ਦਾ ਕੋਈ ਮੈਂਬਰ ਹੀ ਖਾ ਸਕਦਾ ਹੈ। ਬਾਬੇ ਦੇ ਜਨਮ ਦਿਨ 'ਤੇ ਇਕ ਛਾਣਨੀ ਵਿਚ 14 ਮੱਠੀਆਂ ਇਕ ਬਾਬਾ ਦੇ ਨਾਂ ਦੀ, 13 ਪਰਿਵਾਰ ਦੇ ਮੁੰਡਿਆਂ ਦੇ ਨਾਂ, ਪੰਜੀਰੀ ਅਤੇ ਖੇਤਰੀ ਬਾਬਾ ਸੋਢਲ ਮੇਲੇ ਵਿਚ ਅਰਪਿਤ ਕੀਤੀ ਜਾਂਦੀ ਹੈ।
ਮੇਲੇ ਦੌਰਾਨ ਸ਼ੱਕੀਆਂ 'ਤੇ ਵੀ ਰੱਖੀ ਜਾ ਰਹੀ ਹੈ ਨਜ਼ਰ
ਮੇਲੇ ਦੌਰਾਨ ਗੁਪਤ ਕੈਮਰੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖ ਰਹੇ ਹਨ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਸੀਨੀ. ਅਧਿਕਾਰੀ ਮੰਦਿਰ ਦੇ ਬਾਹਰ ਪੁਲਸ ਕੰਟਰੋਲ ਰੂਮ ’ਚ 24 ਘੰਟੇ ਡਿਊਟੀ ’ਤੇ ਖ਼ੁਦ ਰਹਿਣਗੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਇਸ ਤੋਂ ਇਲਾਵਾ ਮੇਲਾ ਮਾਰਗ ’ਤੇ ਸਿਵਲ ਕੱਪੜਿਆਂ ’ਚ ਮਹਿਲਾ ਪੁਲਸ ਮੁਲਾਜ਼ਮ ਅਤੇ ਹੋਰ ਜਵਾਨ ਵੀ ਤਾਇਨਾਤ ਕੀਤੇ ਗਏ ਹਨ । ਸੀ. ਪੀ. ਚਾਹਲ ਨੇ ਦੱਸਿਆ ਕਿ ਮੇਲਾ ਮਾਰਗ ’ਤੇ ਸੁਰੱਖਿਆ ਦੇ ਮੱਦੇਨਜ਼ਰ 1 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਮੁਲਾਜ਼ਮਾਂ ਦੀਆਂ ਸ਼ਿਫ਼ਟਾਂ ਨੂੰ 2 ਹਿੱਸਿਆਂ ’ਚ ਵੰਡਿਆ ਗਿਆ ਹੈ।
ਇਹ ਵੀ ਪੜ੍ਹੋ- ਸੋਢਲ ਮੇਲੇ ਨੂੰ ਲੈ ਕੇ ਰੇਲਵੇ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ, ਇਹ ਫਾਟਕ ਰਹਿਣਗੇ ਬੰਦ
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮੰਦਿਰ ਕੰਪਲੈਕਸ ’ਚ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਟ੍ਰੈਫਿਕ ਰੂਟ ਪਲਾਨ ਅਤੇ ਪਾਰਕਿੰਗ ਦਾ ਨਕਸ਼ਾ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਮੇਲਾ ਮਾਰਗ ’ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਪੀ. ਸੀ. ਆਰ. ਮੁਲਾਜ਼ਮਾਂ ਨੂੰ ਮੇਲਾ ਮਾਰਗ ਦੇ ਆਲੇ-ਦੁਆਲੇ ਗਸ਼ਤ ਦੌਰਾਨ ਜੇਬ ਕਤਰਿਆਂ ਤੇ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ’ਤੇ ਸ਼ਿਕੰਜਾ ਕੱਸਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਉਨ੍ਹਾਂ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਦਿਰ ਦੇ ਬਾਹਰ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਚੀਜ਼ ਦੀ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦੇਣ। ਉਨ੍ਹਾਂ ਕਿਹਾ ਕਿ ਮੇਲੇ ਦੇ ਰੂਟ ਸਬੰਧੀ ਵਧੇਰੇ ਜਾਣਕਾਰੀ ਤੇ ਸਹਾਇਤਾ ਲਈ ਸ਼ਰਧਾਲੂ ਟ੍ਰੈਫਿਕ ਪੁਲਸ ਦੇ ਹੈਲਪਲਾਈਨ ਨੰ. 0181-2227296 ’ਤੇ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ- 'ਬਾਬਾ ਸੋਢਲ' ਜੀ ਦੇ ਦਰਸ਼ਨਾਂ ਲਈ ਪੁੱਜ ਰਹੇ ਸ਼ਰਧਾਲੂ, 24 ਘੰਟੇ ਉਪਲੱਬਧ ਰਹਿਣਗੀਆਂ ਸਿਹਤ ਵਿਭਾਗ ਦੀਆਂ ਟੀਮਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ