ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਚ ਚਾਕੂ ਨਾਲ ਕੀਤਾ ਹਮਲਾ, ਲਹੂ ਨਾਲ ਲੱਥਪਥ ਵਿਅਕਤੀ ਪਹੁੰਚਿਆ ਥਾਣੇ

06/28/2020 5:39:06 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਆਪਣੇ ਰਿਸ਼ਤੇਦਾਰ ਨੌਜਵਾਨ ਤੋਂ ਉਧਾਰ ਦਿੱਤੇ ਪੈਸੇ ਵਾਪਸ ਮੰਗਵਾਉਣ ਦੇ ਚੱਲਦਿਆਂ ਨਹਿਰ 'ਤੇ ਲਿਜਾ ਕੇ ਚਾਕੂ ਨਾਲ ਹਮਲਾ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ 'ਚ ਪੀੜ੍ਹਤ ਕਾਫ਼ੀ ਜ਼ਖਮੀ ਹੋ ਗਿਆ ਜੋ ਬਾਅਦ 'ਚ ਕਿਸੇ ਤਰ੍ਹਾਂ ਉਥੋਂ ਭੱਜ ਕੇ ਥਾਣੇ ਜਾ ਪੁੱਜਿਆ, ਜਿਸ ਤੋਂ ਬਾਅਦ ਪੁਲਸ ਨੇ ਉਸਨੂੰ ਹਸਪਤਾਲ ਸ਼ਿਫ਼ਟ ਕਰਵਾ ਕੇ ਮਾਮਲਾ ਦਰਜ ਕਰਦਿਆਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਅਕਾਲੀ ਦਲ ਲਈ ਖਤਰੇ ਦੀ ਘੰਟੀ, ਵਰਚੂਅਲ ਰੈਲੀ 'ਚ ਭਾਜਪਾ ਕਾਂਗਰਸ ਦਾ ਬਦਲ ਬਣਨ ਦੀ ਦੌੜ 'ਚ

ਦਰਅਸਲ ਆਪਣੇ ਰਿਸ਼ਤੇਦਾਰ ਨੌਜਵਾਨ ਤੋਂ ਉਧਾਰ ਦਿੱਤੇ ਪੈਸੇ ਵਾਪਸ ਮੰਗਣ 'ਤੇ ਉਸਦੇ ਵਲੋਂ ਕਿਸੇ ਦੇ ਪੈਸੇ ਲੈ ਕੇ ਆਉਣ ਦੇ ਬਹਾਨੇ ਨਹਿਰ 'ਤੇ ਲਿਜਾ ਕੇ ਚਾਕੂ ਨਾਲ ਵਾਰ ਕਰ ਦਿੱਤਾ ਗਿਆ। ਸਕੂਟਰੀ 'ਤੇ ਹਮਲਾਵਰ ਨੂੰ ਲੈ ਕੇ ਗਿਆ ਨੌਜਵਾਨ ਗਲੇ 'ਤੇ ਚਾਕੂ ਨਾਲ ਵਾਰ ਦੇ ਬਾਵਜੂਦ ਜਿਵੇਂ-ਤਿਵੇਂ ਹਾਲਤ 'ਚ ਥਾਣੇ ਪੁੱਜਿਆ। ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਬੂੜਾ ਗੁੱਜਰ ਰੋਡ ਦੇ ਵਾਸੀ ਸੁਧੀਰ ਕੁਮਾਰ ਨੇ ਦੱਸਿਆ ਹੈ ਕਿ ਉਹ ਦਿੱਲੀ ਵਿਖੇ ਕੈਬ ਦਾ ਕੰਮ ਕਰਦਾ ਹੈ ਤੇ ਪਿਛਲੇ ਕਈ ਦਿਨਾਂ ਤੋਂ ਤਾਲਾਬੰਦੀ ਕਰਕੇ ਉਹ ਇੱਥੇ ਹੀ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਉਸਦੇ ਇੱਕ ਰਿਸ਼ਤੇਦਾਰੀ ਤੋਂ ਸੰਦੀਪ ਕੁਮਾਰ ਉਰਫ਼ ਜੌਲੀ ਨਾਮੀ ਨੌਜਵਾਨ ਨੇ ਉਸ ਤੋਂ ਕੁੱਝ ਪੈਸੇ ਉਧਾਰ ਲਏ ਸਨ। ਉਸਦੇ ਵੱਲੋਂ ਜਦੋਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੈਂ ਪਿੰਡ ਥਾਂਦੇਵਾਲਾ ਕੋਲ ਇੱਕ ਢਾਣੀ ਤੋਂ ਕਿਸੇ ਤੋਂ ਪੈਸੇ ਲੈਣੇ ਹਨ, ਤੂੰ ਮੇਰੇ ਨਾਲ ਚੱਲ ਤੇ ਆਪਾਂ ਪੈਸੇ ਲੈ ਕੇ ਆਉਂਦੇ ਹਾਂ। ਸੁਧੀਰ ਦੇ ਅਨੁਸਾਰ ਉਹ ਉਸਦੇ ਝਾਂਸੇ ਵਿੱਚ ਆ ਗਿਆ ਤੇ ਆਪਣੀ ਸਕੂਟਰੀ 'ਤੇ ਉਸ ਨਾਲ ਚੱਲ ਪਿਆ। ਰਾਜਸਥਾਨ ਨਹਿਰ ਦੇ ਕੋਲ ਜਾ ਕੇ ਉਸਨੇ ਕੱਚੇ ਰਸਤੇ 'ਤੇ ਮੋੜ ਲਿਆ ਤੇ ਅੱਗੇ ਜਾ ਕੇ ਗੱਡੀ ਰੋਕਣ ਲਈ ਕਿਹਾ। ਉਹ ਦੋਵੇਂ ਰੁਕ ਗਏ, ਸੰਦੀਪ ਆਪਣੇ ਫੋਨ 'ਤੇ ਗੱਲਾਂ ਕਰਨ ਲੱਗਿਆ ਤੇ ਉਹ ਸਕੂਟਰੀ ਨੂੰ ਵਾਪਿਸ ਘੁਮਾਉਣ ਲੱਗਿਆ ਉਦੋਂ ਹੀ ਸੰਦੀਪ ਕੁਮਾਰ ਉਸਦੇ ਕੋਲ ਆਇਆ ਤੇ ਉਸਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਸਕੂਟਰੀ ਸਟਾਰਟ ਹੋਣ ਕਰਕੇ ਉਸਨੇ ਸੱਟ ਦੇ ਬਾਵਜੂਦ ਜਲਦੀ ਨਾਲ ਸਕੂਟਰੀ ਭਜਾ ਲਈ ਤੇ ਜਿਵੇਂ ਤਿਵੇਂ ਉਹ ਥਾਣਾ ਸਦਰ ਵਿਖੇ ਆ ਗਿਆ। ਪੁਲਿਸ ਨੇ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਸਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਏਐਸਆਈ ਸਮਸ਼ੇਰ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ 'ਤੇ ਪੁਲਿਸ ਨੇ ਸੰਦੀਪ ਕੁਮਾਰ ਜੌਲੀ ਤੋਂ ਇਲਾਵਾ ਕਥਿਤ ਸਾਜਿਸ਼ ਵਿੱਚ ਸ਼ਾਮਿਲ ਜਸਕਰਨ ਸਿੰਘ ਤੇ ਅਨਿਲ ਕੁਮਾਰ ਮਨਚੰਦਾ ਵਾਸੀ ਫਾਜ਼ਿਲਕਾ ਖ਼ਿਲਾਫ਼ ਆਈਪੀਸੀ ਦੀ ਧਾਰਾ 307, 324, 506 ਅਤੇ 34 ਤਹਿਤ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ, ਜ਼ੀਕਰਪੁਰ 'ਚ ਇਕ ਸਾਲ ਦੀ ਬੱਚੀ ਨਾਲ ਬਲਾਤਕਾਰ


Shyna

Content Editor

Related News