ਧਰਮ ਦੇ ਨਾਮ 'ਤੇ ਲੋਕਾਂ ਨੂੰ ਨਾ ਵੰਡੇ ਪਾਕਿਸਤਾਨ : ਸਿਰਸਾ

01/02/2020 7:40:20 PM

ਜਲੰਧਰ : ਪਾਕਿਸਤਾਨ ਵਲੋਂ ਸ੍ਰੀ ਕਰਤਾਰਪੁਰ ਸਾਹਿਬ 'ਚ ਅਗਲੇ 3 ਦਿਨ ਤਕ ਗੈਰ ਸਿੱਖਾਂ ਦੇ ਨਾ ਜਾਣ ਦਾ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। ਜਿਸ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਵਿਰੋਧ ਕੀਤਾ ਗਿਆ ਹੈ। ਮਨਜਿੰਦਰ ਸਿੰਘ ਸਿਰਸਾ ਨੇ ਪਾਕਿ ਵਲੋਂ ਜਾਰੀ ਕੀਤੇ ਨਵੇ ਫਰਮਾਨ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਫਰਮਾਨ ਸਿੱਖੀ ਧਰਮ ਦੇ ਸਿਧਾਂਤਾਂ ਖਿਲਾਫ ਹੈ। ਸਿੱਖ ਧਰਮ 'ਚ ਕਿਸੇ ਨੂੰ ਵੀ ਗੁਰਦੁਆਰੇ ਜਾਣ 'ਤੇ, ਧਰਮ ਦੇ ਨਾਮ 'ਤੇ, ਜਾਤੀ ਦੇ ਨਾਮ 'ਤੇ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਲਗਾਈ ਜਾ ਸਕਦੀ।

ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਚ ਚਾਰ ਦਰਵਾਜੇ ਹਨ, ਜਿਹੜੇ ਕਿ ਹਰ ਵਰਗ ਹਰ ਧਰਮ ਲਈ ਖੁੱਲੇ ਹਨ ਅਤੇ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ। ਉਥੇ ਹੀ ਪਾਕਿਸਤਾਨ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ 'ਚ ਗੈਰ ਸਿੱਖਾਂ ਨੂੰ ਨਾ ਜਾਣ ਦੇਣਾ ਬੜੀ ਦੁਖਦਾਈ ਗੱਲ ਹੈ, ਜੋ ਕਿ ਸਾਡੇ ਸਿੱਖੀ ਧਰਮ ਦੇ ਸਿਧਾਂਤਾਂ ਦੇ ਖਿਲਾਫ ਹੈ। ਇਸ ਦੀ ਅਸੀਂ ਪੁਰਜ਼ੋਰ ਵਿਰੋਧਤਾ ਕਰਦੇ ਹਾਂ ਅਤੇ ਅਸੀਂ ਮੰਗ ਕਰਦੇ ਹਾਂ ਕਿ ਪਾਕਿਸਤਾਨ ਸਰਕਾਰ ਤੁਰੰਤ ਇਸ ਫੈਸਲੇ ਨੂੰ ਵਾਪਸ ਲਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਧਰਮ ਦੇ ਨਾਮ 'ਤੇ ਲੋਕਾਂ ਨੂੰ ਵੰਡ ਨਹੀਂ ਸਕਦੀ ਤੇ ਧਰਮ ਦੇ ਨਾਮ 'ਤੇ ਲੋਕਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਤੋਂ ਰੋਕ ਨਹੀਂ ਸਕਦੀ।


Related News