ਸ੍ਰੀ ਕਰਤਾਰਪੁਰ ਸਾਹਿਬ ਲਾਂਘਾ : ਜ਼ਮੀਨਾਂ ਤੇ ਫ਼ਸਲਾਂ ਦੇ ਮੁਆਵਜ਼ੇ ਸਬੰਧੀ ਚੱਲ ਰਹੀ ਕਸ਼ਮਕਸ਼ ''ਤੇ ਲੱਗਾ ਵਿਰਾਮ
Tuesday, Mar 26, 2019 - 02:22 PM (IST)

ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਕੰਵਲਜੀਤ) : ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸਬੰਧ 'ਚ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਵਲੋਂ ਜ਼ਮੀਨਾਂ ਅਤੇ ਫ਼ਸਲਾਂ ਦੇ ਮੁਆਵਜ਼ੇ ਦੀ ਰੁਕਾਵਟ ਪੈ ਰਹੀ ਸੀ, ਉਸ ਨੂੰ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਨਾਲ ਮੀਟਿੰਗ ਕਰ ਕੇ ਖ਼ਤਮ ਕਰ ਲਿਆ ਗਿਆ। ਇਸ ਤੋਂ ਪਹਿਲਾਂ ਐੱਸ. ਡੀ. ਐੱਮ. ਨਾਲ ਕਿਸਾਨਾਂ ਦੀਆਂ ਹੋਈਆਂ ਮੀਟਿੰਗਾਂ ਬੇ-ਸਿੱਟਾ ਨਿਕਲੀਆਂ। ਮੀਟਿੰਗ ਉਪਰੰਤ ਸੂਬਾ ਸਿੰਘ ਨੇ ਦੱਸਿਆ ਕਿ ਇਹ ਰਸਤਾ ਗੁਰੂਘਰ ਨੂੰ ਜਾ ਰਿਹਾ ਹੈ, ਅਸੀਂ ਪਹਿਲਾਂ ਵੀ ਨਹੀਂ ਡੱਕਿਆ ਅਤੇ ਹੁਣ ਵੀ ਨਹੀਂ ਡੱਕਦੇ। ਉਨ੍ਹਾਂ ਦੱਸਿਆ ਕਿ ਜਿਹੜੀ ਮੀਟਿੰਗ ਐੱਸ. ਡੀ. ਐੱਮ. ਨਾਲ ਹੋਈ ਹੈ, ਉਹ ਮੀਟਿੰਗ ਸਫ਼ਲ ਰਹੀ ਹੈ ਅਤੇ ਕਿਸਾਨਾਂ ਦੀ ਜ਼ਮੀਨ ਦਾ ਰੇਟ 17 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੈਅ ਕੀਤਾ ਗਿਆ ਹੈ। ਇਸ ਫ਼ੈਸਲੇ ਅਨੁਸਾਰ ਕਿਸਾਨਾਂ ਦੇ ਦਿਲਾਂ 'ਚ ਖ਼ੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹ੍ਹਾਂ ਜ਼ਮੀਨ ਦਾ ਰੇਟ ਤੈਅ ਕੀਤਾ ਗਿਆ ਹੈ, ਉਸੇ ਤਰ੍ਹਾਂ ਫ਼ਸਲ ਦਾ ਮੁਆਵਜ਼ਾ ਵੀ ਦਿੱਤਾ ਜਾਵੇ ਅਤੇ ਫਿਰ ਪ੍ਰਸ਼ਾਸਨ ਲਾਂਘੇ ਦਾ ਕੰਮ ਸ਼ੁਰੂ ਕਰਵਾਏ।
ਮੁਆਵਜ਼ੇ ਦੇ ਰੇਟ ਖੇਤੀਬਾੜੀ ਵਿਭਾਗ ਕਰੇਗਾ ਤੈਅ : ਐੱਸ. ਡੀ. ਐੱਮ.
ਇਸ ਸਬੰਧੀ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਰਸਤੇ 'ਚ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਆਉਂਦੀ ਹੈ, ਉਨ੍ਹਾਂ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਮਾਰਕੀਟ ਰੇਟ 'ਤੇ ਚਰਚਾ ਹੋਈ ਹੈ ਅਤੇ ਰਿਹਾਇਸ਼ੀ, ਕਮਰਸ਼ੀਅਲ ਜ਼ਮੀਨ ਦੇ ਵੱਖ-ਵੱਖ ਰੇਟ ਕੱਢੇ ਜਾਣੇ ਹਨ। ਇਸੇ ਤਰ੍ਹਾਂ ਲੈਂਡ ਐਕੂਜੇਸ਼ਨ ਅਧੀਨ ਗੱਲਬਾਤ ਕੀਤੀ ਗਈ ਹੈ। ਪਿਛਲੇ ਤਿੰਨ ਸਾਲਾਂ ਦੀ ਛਾਂਟ ਦੀ ਜੋ ਵੀ ਐਵਰੇਜ ਨਿਕਲਦੀ ਹੈ ਉਨ੍ਹਾਂ ਰਜਿਸਟਰੀਆਂ ਨੂੰ ਵੇਖਣ ਤੋਂ ਬਾਅਦ ਜੋ ਰੇਟ ਨਿਕਲ ਕੇ ਆਇਆ ਹੈ, ਉਸ ਸਬੰਧ 'ਚ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਹੈ। ਇਸ ਤੋਂ ਬਾਅਦ ਜੋ ਨਤੀਜਾ ਨਿਕਲਿਆ, ਉਹ ਕਿਸਾਨਾਂ ਦੇ ਹੱਕ ਵਿਚ ਹੀ ਨਿਕਲਿਆ ਹੈ। ਜਿਸ 'ਤੇ ਕਿਸਾਨਾਂ ਵਲੋਂ ਸਹਿਮਤੀ ਪ੍ਰਗਟਾਈ ਗਈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਡੈਮੇਜ ਹੋਈ ਹੈ, ਉਸਦੇ ਕਲੇਮ ਕਿਸਾਨਾਂ ਵਲੋਂ ਦਿੱਤੇ ਗਏ ਹਨ। ਜਿਸਦੇ ਆਧਾਰ 'ਤੇ ਸੂਚੀ ਤਿਆਰ ਕੀਤੀ ਜਾ ਰਹੀ ਹੈ ਅਤੇ ਫ਼ਸਲ ਦੇ ਮੁਆਵਜ਼ੇ ਦੇ ਰੇਟ ਖੇਤੀਬਾੜੀ ਵਿਭਾਗ ਨਿਸ਼ਚਿਤ ਕਰੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹਿਮਤੀ ਨਾਲ ਹੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ।