ਸ੍ਰੀ ਬੇਰੀ ਸਾਹਿਬ 'ਚੋਂ ਖੂਨ ਨਿਕਲਣ ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਸੱਚ

05/10/2020 3:25:28 PM

ਸੁਲਤਾਨਪੁਰ ਲੋਧੀ (ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੇ ਪਾਵਨ ਹਸਤ ਕਮਲਾਂ ਨਾਲ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸਲਤਾਨਪੁਰ ਲੋਧੀ ਵਿਖੇ ਕਰੀਬ 525 ਸਾਲ ਪਹਿਲਾਂ ਬੇਰੀ ਲਗਾਈ ਗਈ ਸੀ। ਪਿਛਲੇ ਦਿਨੀਂ ਇਸ ਬੇਰੀ ਸਾਹਿਬ 'ਚੋਂ ਖੂਨ ਵਗਣ ਦੀਆਂ ਕੁਝ ਵਹਿਮੀ ਅਤੇ ਬੇਸਮਝ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਉਡਾਈਆਂ ਗਈਆਂ। ਝੂਠੀਆਂ ਅਫਵਾਹਾਂ ਉਡਾਉਣ ਦੇ ਕਾਰਨ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ 'ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਹੀ ਇਲਾਕੇ ਦੀਆਂ ਧਾਰਮਿਕ ਸਿੱਖ ਜਥੇਬੰਦੀਆਂ ਵੱਲੋਂ ਵੀ ਸੰਗਤਾਂ ਨੂੰ ਵਹਿਮਾਂ ਭਰਮਾਂ 'ਚ ਪਾਉਣ ਦੀ ਕੀਤੀ ਜਾ ਰਹੀ ਸ਼ਰਾਰਤ ਕਾਰਨ ਭਾਰੀ ਰੋਸ ਹੈ।

ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਸੁਲਤਾਨਪੁਰ ਦੇ ਪ੍ਰਧਾਨ ਜਥੇ. ਪਰਮਿੰਦਰ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਜਥੇ. ਭੁਪਿੰਦਰ ਸਿੰਘ ਖਾਲਸਾ, ਮੀਤ ਪ੍ਰਧਾਨ ਸਾਧੂ ਸਿੰਘ ਬੂਲਪੁਰ, ਰਿਟਾ. ਬਲਾਕ ਸਿੱਖਿਆ ਅਫਸਰ, ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਨਿਰਵੈਲ ਸਿੰਘ ਧਾਲੀਵਾਲ, ਮੀਤ ਪ੍ਰਧਾਨ ਸੂਰਤ ਸਿੰਘ ਮਿਰਜਾਪੁਰ, ਵਿਦਵਾਨ ਸਿੱਖ ਚਿੰਤਕ ਭਾਈ ਜੇ ਪੀ ਸਿੰਘ ਸੁਲਤਾਨਪੁਰ, ਦਸ਼ਮੇਸ਼ ਪਿਤਾ ਨੌਜਵਾਨ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਬਬਲੂ, ਗੁਰੂ ਨਾਨਕ ਕੀਰਤਨ ਐਂਡ ਵੈਲਫੇਅਰ ਸੁਸਾਇਟੀ ਡਡਵਿੰਡੀ ਦੇ ਪ੍ਰਧਾਨ ਭਾਈ ਕੰਵਲਨੈਨ ਸਿੰਘ ਕੇਨੀ , ਨਿਰਵੈਰ ਖਾਲਸਾ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇ ਹਰਜਿੰਦਰ ਸਿੰਘ ਖਾਲਸਾ ਆਦਿ ਹੋਰਨਾਂ ਜਥੇਬੰਦੀਆਂ ਨੇ ਬੇਰੀ ਸਾਹਿਬ 'ਚੋਂ ਖੂਨ ਨਿਕਲਣ ਸੰਬੰਧੀ ਵੀਡੀਓ ਬਣਾ ਕੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ ਅਤੇ ਸਪਸ਼ਟ ਕੀਤਾ ਹੈ ਕਿ ਸਤਿਗੁਰੂ ਸਾਹਿਬ ਜੀ ਪਾਵਨ ਬੇਰੀ ਸਾਹਿਬ ਦੇ ਕੱਟ ਵਾਲੇ ਥਾਂ ਦੇ ਟਾਹਣ 'ਚੋਂ ਭੂਰੇ ਰੰਗ ਦਾ ਤਰਲ ਪਦਾਰਥ ਹਰ ਸਾਲ ਹੀ ਗਰਮੀ ਦੀ ਰੁੱਤ 'ਚ ਨਿਕਲਦਾ ਹੈ, ਜੋ ਖੂਨ ਨਹੀਂ ਹੈ। ਜਿਸ ਸੰਬੰਧੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾਕਟਰ ਵੀ ਕਈ ਵਾਰ ਜਾਂਚ ਕਰਕੇ ਸਪਸ਼ਟ ਕਰ ਚੁੱਕੇ ਹਨ ਕਿ ਇਹ ਖੂਨ ਨਹੀਂ ਤਰਲ ਪਦਾਰਥ ਹੁੰਦਾ ਹੈ, ਜੋ ਤਕਰੀਬਨ ਸਾਰੇ ਹੀ ਬੇਰੀ ਦੇ ਦਰੱਖਤਾਂ 'ਚੋ ਕੱਟ ਵਾਲੀ ਥਾਂ 'ਚੋਂ ਹਲਕਾ-ਹਲਕਾ ਵਗਦਾ ਰਹਿੰਦਾ ਹੈ।

PunjabKesari

ਧਾਰਮਿਕ ਜਥੇਬੰਦੀਆਂ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਵਹਿਮਾਂ ਭਰਮਾਂ 'ਚ ਫਸੀ ਲੋਕਾਈ ਨੂੰ ਗੁਰਬਾਣੀ ਰਾਹੀਂ ਸਮਝਾ ਕੇ ਗਿਆਨ ਦਾ ਚਾਨਣ ਬਖਸ਼ਿਆ ਹੈ ਪਰ ਕੁਝ ਲੋਕ ਸਤਿਗੁਰੂ ਜੀ ਦੀ ਸਿੱਖਿਆ ਦੇ ਉਲਟ ਆਪ ਵੀ ਵਹਿਮਾਂ ਭਰਮਾਂ 'ਚ ਫਸੇ ਹੋਏ ਹਨ ਅਤੇ ਹੋਰਨਾਂ ਨੂੰ ਵੀ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਜੀ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਅਤੇ ਹੈੱਡ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ (ਕਥਾ ਵਾਚਕ) ਵੀ ਸ਼ਪਸ਼ਟ ਕਰ ਚੁੱਕੇ ਹਨ ਕਿ ਬੇਰੀ ਸਾਹਿਬ ਚੋਂ ਖੂਨ ਨਹੀਂ ਭੂਰੇ ਲਾਲ ਰੰਗ ਦਾ ਤਰਲ ਪਦਾਰਥ ਨਿਕਲਦਾ ਹੈ, ਜੋ ਹਰ ਸਾਲ ਹੀ ਥੋੜ੍ਹਾ-ਥੋੜ੍ਹਾ ਨਿਕਲ ਕੇ ਫਰਸ਼ 'ਤੇ ਵੀ ਡਿੱਗ ਪੈਂਦਾ ਹੈ ਪਰ ਇਸ ਨੂੰ ਲੈ ਕੇ ਵਹਿਮ ਨਹੀਂ ਕਰਨਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਸਤਿਗੁਰੂ ਸਾਹਿਬ ਜੀ ਵੱਲੋਂ ਆਪਣੇ ਹਸਤ ਕਮਲਾਂ ਨਾਲ ਲਗਾਈ ਬੇਰੀ ਸਾਹਿਬ ਪੂਰੀ ਤਰ੍ਹਾਂ ਹਰੀ ਭਰੀ ਹੋਈ ਹੈ ਅਤੇ ਸ਼ਰਧਾਲੂ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ।

ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਦੱਸਿਆ ਕਿ ਦੇਸ਼ ਵਿਦੇਸ਼ਾਂ ਤੋਂ ਹਜ਼ਾਰਾਂ ਸ਼ਰਧਾਲੂ ਫੋਨ ਕਰਕੇ ਇਸ ਸੰਬੰਧੀ ਜਾਣਕਾਰੀ ਲੈ ਰਹੇ ਹਨ ਕਿਉਂਕਿ ਸ਼ੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਗੁੰਮਰਾਹਕੁੰਨ ਵੀਡੀਓ ਦੇਖ ਕੇ ਸਾਰੇ ਸ਼ਰਧਾਲੂ ਚਿੰਤਕ ਹੋ ਰਹੇ ਹਨ। ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ ਜਾਂ ਬੇਰੀ ਸਾਹਿਬ ਬਾਰੇ ਕੋਈ ਵੀ ਗਲਤ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕਾਂ ਨਾਲ ਸੰਪਰਕ ਜ਼ਰੂਰ ਕਰੋ।

ਬੇਰੀ ਸਾਹਿਬ 'ਚੋਂ ਵਗਦੇ ਤਰਲ ਪਦਾਰਥ ਨੂੰ ਖੂਨ ਦੱਸ ਕੇ ਵੀਡੀਓ ਬਣਾ ਕੀਤੀ ਸੀ ਵਾਇਰਲ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਵੱਲੋਂ ਸਵੇਰ ਸਮੇਂ ਬੇਰੀ ਸਾਹਿਬ ਦੀ ਵੀਡੀਓ ਬਣਾ ਕੇ ਫਰਸ਼ 'ਤੇ ਡਿੱਗੇ ਤਰਲ ਪਦਾਰਥ ਨੂੰ ਖੂਨ ਦੱਸ ਕੇ ਦੇਸ਼-ਵਿਦੇਸ਼ 'ਚ ਝੂਠੀ ਜਾਣਕਾਰੀ ਫੈਲਾ ਦਿੱਤੀ ਗਈ ਕਿ ਪਾਵਨ ਬੇਰੀ ਸਾਹਿਬ 'ਚੋ ਖੂਨ ਵਗ ਰਿਹਾ ਹੈ, ਜੋ ਕਿ ਬਿਪਤਾ ਦੀ ਨਿਸ਼ਾਨੀ ਹੈ। ਇਸ ਵੀਡੀਓ ਨੂੰ ਦੇਖਦੇ ਹੀ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ 'ਚ ਭਾਰੀ ਸਹਿਮ ਪਾਇਆ ਜਾਣ ਲੱਗਾ ਅਤੇ ਲੋਕ ਸੱਚ ਜਾਨਣ ਲਈ ਫੋਨ ਕਰਨ ਲੱਗੇ। ਇਸ ਬਾਰੇ ਗੁਰਦੁਆਰਾ ਮੰਜੀ ਸਾਹਿਬ ਅੰਮ੍ਰਿਤਸਰ ਤੋਂ ਵੀ ਕਥਾ ਕਰਦੇ ਹੋਏ ਭਾਈ ਗੁਰਪ੍ਰੀਤ ਸਿੰਘ ਹੈੱਡ ਗ੍ਰੰਥੀ ਬੇਰ ਸਾਹਿਬ ਨੇ ਸੰਗਤਾਂ ਨੂੰ ਸਪਸ਼ਟ ਕੀਤਾ ਹੈ ਕਿ ਇਹ ਖੂਨ ਨਹੀਂ ਹੈ ਅਤੇ ਸੰਗਤਾਂ ਨੂੰ ਵਹਿਮ ਭਰਮ ਛੱਡ ਕੇ ਗੁਰਬਾਣੀ ਨਾਲ ਜੁੜਨ ਦੀ ਅਪੀਲ ਕੀਤੀ ਗਈ ਹੈ।


shivani attri

Content Editor

Related News