ਬਾਥਰੂਮਾਂ ਦੀ ਘਾਟ ਕਾਰਨ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ
Tuesday, May 08, 2018 - 12:31 AM (IST)
ਰੂਪਨਗਰ, (ਵਿਜੇ)- ਰੂਪਨਗਰ 'ਚ ਪੁਲ ਬਾਜ਼ਾਰ, ਗੁਰੂ ਨਾਨਕ ਮਾਰਕੀਟ ਅਤੇ ਕਲਗੀਧਰ ਮਾਰਕੀਟ ਦੇ ਦੁਕਾਨਦਾਰਾਂ ਨੇ ਬਾਥਰੂਮਾਂ ਦੀ ਘਾਟ ਕਾਰਨ ਆ ਰਹੀ ਪ੍ਰੇਸ਼ਾਨੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।
ਜਾਣਕਾਰੀ ਅਨੁਸਾਰ ਪੁਲ ਬਾਜ਼ਾਰ 'ਚ ਦਰਜਨਾਂ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਬਾਥਰੂਮ ਜਾਣ ਲਈ ਕੋਈ ਥਾਂ ਨਾ ਹੋਣ ਕਾਰਨ ਇਨ੍ਹਾਂ ਦੁਕਾਨਦਾਰਾਂ 'ਚ ਭਾਰੀ ਰੋਸ ਹੈ। ਇਸ ਦੇ ਸਬੰਧ 'ਚ ਬਸੰਤ ਕੁਮਾਰ ਸ਼ਰਮਾ, ਰਜਿੰਦਰ ਕਪੂਰ, ਮਹਿੰਦਰ ਕੁਮਾਰ, ਸਤਪਾਲ ਸਿੰਘ, ਰਾਜ ਕੁਮਾਰ, ਭੂਸ਼ਣ ਕੁਮਾਰ, ਪੱਪੂ ਆਦਿ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੇ ਦੱਸਿਆ ਕਿ ਕਲਗੀਧਰ ਮਾਰਕੀਟ 'ਚ ਬਣੇ ਬਾਥਰੂਮ 'ਚ ਪਿਛਲੇ ਕਰੀਬ ਇਕ ਸਾਲ ਤੋਂ ਗੰਦਗੀ ਦੀ ਭਰਮਾਰ ਹੈ, ਜਦੋਂਕਿ ਇਕ ਬਾਥਰੂਮ ਜੋ ਪੁਰਾਣੇ ਪਸ਼ੂ ਹਸਪਤਾਲ ਦੇ ਨੇੜੇ ਹੈ, ਦੀ ਦੀਵਾਰ ਇਕ ਕਾਰ ਚਾਲਕ ਵੱਲੋਂ ਢਾਹ ਦਿੱਤੇ ਜਾਣ ਕਾਰਨ ਇਹ ਵੀ ਬੰਦ ਹੋ ਗਿਆ, ਜਿਸ ਕਾਰਨ ਹੁਣ ਦੁਕਾਨਦਾਰਾਂ ਨੂੰ ਬਾਥਰੂਮ ਜਾਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਬਾਥਰੂਮ ਮਹਿਲਾਵਾਂ ਅਤੇ ਪੁਰਸ਼ਾਂ ਲਈ ਵਪਾਰ ਮੰਡਲ ਦੇ ਮੈਂਬਰਾਂ ਵੱਲੋਂ ਬਣਵਾਇਆ ਜਾ ਰਿਹਾ ਸੀ ਪਰ ਕਿਸੇ ਗੱਲ ਦੀ ਅੜਚਣ ਦੇ ਕਾਰਨ ਇਸ ਦਾ ਕੰਮ ਵੀ ਨਗਰ ਕੌਂਸਲ ਵੱਲੋਂ ਰੋਕ ਦਿੱਤਾ ਗਿਆ।
ਕੀ ਕਹਿੰਦੇ ਨੇ ਕੌਂਸਲ ਪ੍ਰਧਾਨ
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੇ ਦੱਸਿਆ ਕਿ ਜੋ ਉਕਤ ਦੋਵੇਂ ਬਾਥਰੂਮ ਖਰਾਬ ਹਾਲਤ 'ਚ ਹਨ ਅਤੇ ਜਿਸ ਦੀ ਦੀਵਾਰ ਡਿੱਗੀ ਹੋਈ ਹੈ, ਨੂੰ ਅੱਜ ਸ਼ਾਮ ਤੱਕ ਹੀ ਠੀਕ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵਪਾਰ ਮੰਡਲ ਵਾਲਾ ਬਾਥਰੂਮ ਜਿਸ ਦਾ ਕੰਮ ਅਧੂਰਾ ਪਿਆ ਹੈ ਦਾ ਕੰਮ ਵੀ ਤਿੰਨ ਚਾਰ ਦਿਨਾਂ 'ਚ ਸ਼ੁਰੂ ਕਰਵਾ ਦਿੱਤਾ ਜਾਵੇਗਾ।
