ਪ੍ਰਦਰਸ਼ਨ ਕਰਨ ਲਈ ਕਾਲਜ ਦੀ ਛੱਤ ’ਤੇ ਚਡ਼੍ਹੇ ਵਿਦਿਆਰਥੀ
Thursday, Jul 26, 2018 - 03:55 AM (IST)

ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ, ਦਰਦੀ)- ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਫੀਸਾਂ ਅਤੇ ਪੀ. ਟੀ. ਏ. ਫੰਡ ਮੁਆਫ ਕਰਵਾਉਣ ਲਈ ਰੋਸ ਪ੍ਰਦਰਸ਼ਨ ਅਤੇ ਧਰਨੇ ਦਿੱਤੇ ਜਾ ਰਹੇ ਹਨ, ਜਿਸ ਤਹਿਤ ਅੱਜ ਕਾਲਜ ਦੀ ਛੱਤ ਉੱਪਰ ਚਡ਼੍ਹ ਕੇ ਐੱਸ. ਸੀ. ਵਿਦਿਆਰਥੀਅਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਐੱਸ. ਐੱਚ. ਓ. ਵੱਲੋਂ ਡੀ. ਸੀ. ਨਾਲ ਮੀਟਿੰਗ ਤੋਂ ਬਾਅਦ ਮਸਲੇ ਦੇ ਹੱਲ ਦਾ ਭਰੋਸਾ ਦਿਵਾਏ ਜਾਣ ’ਤੇ ਹੀ ਉਨ੍ਹਾਂ ਵੱਲੋਂ ਪ੍ਰਦਰਸ਼ਨ ਸਮਾਪਤ ਕੀਤਾ ਗਿਆ।
ਇਸ ਸਮੇਂ ਸੰਬੋਧਨ ਕਰਦਿਆਂ ਪੀ. ਐੱਸ. ਯੂ. ਦੇ ਸੂਬਾਈ ਆਗੂ ਗਗਨ ਸੰਗਰਾਮੀ ਤੇ ਧੀਰਜ ਕੁਮਾਰ ਨੇ ਕਿਹਾ ਕਿ ਕਾਲਜ ਮੈਨੇਜਮੈਂਟ ਐੱਸ. ਸੀ. ਵਿਦਿਆਰਥੀਆਂ ਤੋਂ ਨਾਜਾਇਜ਼ ਫੀਸਾਂ ਮੰਗ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਕੇ ਘਰਾਂ ਨੂੰ ਮੋਡ਼ ਰਹੀ ਹੈ ਪਰ ਇਹ ਵਿਦਿਆਰਥੀ ਇਹ ਫੀਸਾਂ ਭਰਨ ਤੋਂ ਅਸਮਰੱਥ ਹਨ, ਜਿਸ ਕਰ ਕੇ ਉਹ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਕਾਲਜ ਮੈਨੇਜਮੈਂਟ ਉਨ੍ਹਾਂ ਦੀਅਾਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਅਤੇ ਆਏ ਦਿਨ ਵਿਦਿਆਰਥੀਆਂ ਤੋਂ ਨਾਜਾਇਜ਼ ਫੀਸਾਂ ਲੈਣ ਦੇ ਨਾਲ-ਨਾਲ ਫੀਸਾਂ ਵਿਚ ਵਾਧਾ ਵੀ ਕਰ ਰਹੀ ਹੈ। ਇਸ ਲਈ ਸੰਘਰਸ਼ ਦੇ ਅਗਲੇ ਪਡ਼ਾਅ ਵਜੋਂ ਕਾਲਜ ਦੀ ਛੱਤ ਉੱਪਰ ਚਡ਼੍ਹ ਕੇ ਇਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਮੌਕੇ ’ਤੇ ਪਹੁੰਚੇ ਐੱਸ. ਐੱਚ. ਓ. ਥਾਣਾ ਸਦਰ ਅਸ਼ੋਕ ਕੁਮਾਰ ਵੱਲੋਂ ਡੀ. ਸੀ. ਅਰਵਿੰਦ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਅੈੱਸ. ਸੀ. ਵਿਦਿਆਰਥੀਅਾਂ ਨੇ ਰੋਸ ਪ੍ਰਦਰਸ਼ਨ ਕਰਨਾ ਬੰਦ ਕਰ ਦਿੱਤਾ।
ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਡੀ. ਸੀ. ਮੁਕਤਸਰ ਵੱਲੋਂ ਐੱਸ. ਡੀ. ਐੱਮ. ਨੂੰ ਇਸ ਮਸਲੇ ਦਾ ਹੱਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਦਾ ਵਫ਼ਦ ਐੱਸ. ਡੀ. ਐੱਮ. ਰਾਜਪਾਲ ਸਿੰਘ ਨੂੰ ਮਿਲਿਆ ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਜੋ ਹਾਇਰ ਐਜੂਕੇਸ਼ਨ ਅਤੇ ਯੂਨੀਵਰਸਿਟੀ ਦੇ ਪੱਤਰ ਜਾਰੀ ਕੀਤੇ ਗਏ ਹਨ, ਉਨ੍ਹਾਂ ਮੁਤਾਬਕ ਫੀਸ ਨਹੀਂ ਲਈ ਜਾ ਸਕਦੀ। ਐੱਸ. ਡੀ. ਐੱਮ. ਨੇ ਭਲਾਈ ਅਫ਼ਸਰ ਅਤੇ ਪ੍ਰਿੰ. ਮੰਜੂ ਵਾਲੀਆ ਨਾਲ ਮੀਟਿੰਗ ਕਰਨ ਤੋਂ ਬਾਅਦ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ। ਇਸ ਦੌਰਾਨ ਵਿਦਿਆਰਥੀ ਆਗੂ ਸੁਖਮੰਦਰ ਕੌਰ, ਰਜਨੀ ਕੌਰ, ਰਮਨਦੀਪ ਕੌਰ, ਜਗਮੀਤ ਸਿੰਘ, ਇੰਦਰ ਸਿੰਘ, ਅਮਨਦੀਪ ਕੌਰ, ਸਤਵੀਰ ਕੌਰ, ਹਨੀ, ਗੁਰਦਾਸ ਸਿੰਘ ਆਦਿ ਹਾਜ਼ਰ ਸਨ।
ਫ਼ਰੀਦਕੋਟ, (ਹਾਲੀ)-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬ੍ਰਜਿੰਦਰਾ ਕਾਲਜ ਵਿਚ ਐੱਸ. ਸੀ. ਵਿਦਿਆਰਥੀਆਂ ਤੋਂ ਬਿਨਾਂ ਕੋਈ ਫੀਸ ਲਏ ਦਾਖਲੇ ਕਰਵਾਉਣ ਅਤੇ ਕਾਲਜ ਦੇ ਪ੍ਰਿੰਸੀਪਲ ਉੱਪਰ ਐੱਸ. ਸੀ./ਐੱਸ. ਟੀ. ਐਕਟ ਤਹਿਤ ਪਰਚਾ ਦਰਜ ਕਰਵਾਉਣ ਦੀ ਮੰਗ ਸਬੰਧੀ ਥਾਣਾ ਸਿਟੀ ਫ਼ਰੀਦਕੋਟ ਅੱਗੇ ਦਿਨ-ਰਾਤ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ।
ਇਸ ਧਰਨੇ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੇ ਸੰਬੋਧਨ ਕਰਦਿਅਾਂ ਕਿਹਾ ਕਿ ਐੱਸ. ਸੀ. ਵਿਦਿਆਰਥੀਆਂ ਵੱਲੋਂ ਦਿੱਤਾ ਜਾ ਰਿਹਾ ਦਿਨ-ਰਾਤ ਦਾ ਪੱਕਾ ਧਰਨਾ ਦੂਜੇ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ ਅਤੇ ਇਲਾਕੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਲਗਾਤਾਰ ਯੂਨੀਅਨ ਵੱਲੋਂ ਦਿੱਤੇ ਧਰਨੇ ਦੀ ਹਮਾਇਤ ਵਿਚ ਆ ਰਹੀਆਂ ਹਨ, ਜਿਨ੍ਹਾਂ ’ਚ ਸਫਾਈ ਸੇਵਕ ਯੂਨੀਅਨ ਅਤੇ ਮਜ਼ਦੂਰ ਯੂਨੀਅਨ ਸ਼ਾਮਲ ਹਨ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਦੀਪ ਕੁਮਾਰ ਨੇ ਕਿਹਾ ਕਿ ਉਹ ਐੱਸ. ਸੀ. ਵਿਦਿਆਰਥੀਆਂ ਦਾ ਉਦੋਂ ਤੱਕ ਸਾਥ ਦੇਣਗੇ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਮੰਨੀਅਾਂ ਨਹੀਂ ਜਾਂਦੀਆਂ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਹਰਦੀਪ ਕੌਰ ਕੋਟਲਾ ਅਤੇ ਜ਼ਿਲਾ ਸਕੱਤਰ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਫੀਸਾਂ ਸਬੰਧੀ ਇਸ ਮਸਲੇ ਨੂੰ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਨੇ ਬ੍ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਨਾਲ ਮੀਟਿੰਗ ਕਰਵਾਈ, ਜਿਸ ’ਚ ਵਿਦਿਆਰਥੀ ਪੱਖ ਅਤੇ ਪ੍ਰਿੰਸੀਪਲ ਪੱਖ ਸਣਨ ਤੋਂ ਬਾਅਦ ਵੀ ਉਹ ਕਿਸੇ ਪੱਕੇ ਨਤੀਜੇ ’ਤੇ ਨਹੀਂ ਪਹੁੰਚੇ। ਇਸ ਲਈ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਇਕ ਜਾਂਚ ਕਮੇਟੀ ਬਿਠਾਉਣ ਦਾ ਫੈਸਲਾ ਕੀਤਾ ਹੈ। ਇਹ ਜਾਂਚ ਕਮੇਟੀ ਇਸ ਮਸਲੇ ਦੀ ਪੜਚੋਲ ਕਰ ਕੇ ਇਕ ਪੱਕਾ ਫੈਸਲਾ ਕਰੇਗੀ। ਇਸ ਦੌਰਾਨ ਜ਼ਿਲਾ ਆਗੂ ਸੁਖਪ੍ਰੀਤ ਕੌਰ ਅਤੇ ਰਜਿੰਦਰ ਢਿੱਲਵਾਂ ਨੇ ਕਿਹਾ ਇਹ ਧਰਨਾ ਉਦੋਂ ਤੱਕ ਦਿਨ-ਰਾਤ ਚੱਲਦਾ ਰਹੇਗਾ, ਜਦੋਂ ਤੱਕ ਐੱਸ. ਸੀ. ਵਿਦਿਆਰਥੀਆਂ ਦੇ ਦਾਖਲੇ ਕਾਲਜ ’ਚ ਬਿਨਾਂ ਫੀਸਾਂ ਤੋਂ ਨਹੀਂ ਕੀਤੇ ਜਾਂਦੇ। ਇਸ ਸਮੇਂ ਗੁਰਵਿੰਦਰ ਸਿੰਘ, ਮਨਦੀਪ ਕੌਰ, ਅਰਸ਼ਪ੍ਰੀਤ ਕੌਰ, ਪਵਨਦੀਪ ਕੌਰ, ਸਚਕਿਰਨ ਕੌਰ, ਸੁਖਜੀਤ ਕੌਰ, ਵੀਰਪਾਲ ਕੌਰ, ਸਿਮਰਜੀਤ ਕੌਰ, ਸੰਦੀਪ ਕੌਰ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਸਿੰਘ, ਰੋਹਿਤ, ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਅਤੇ ਹੋਰ ਜਥੇਬੰਦੀਆਂ ਦੇ ਆਗੂ ਮੌਜੂਦ ਸਨ।