ਗੰਨ ਕਲਚਰ 'ਤੇ ਪਾਬੰਦੀ ਦਾ ਨਹੀਂ ਹੋ ਰਿਹਾ ਅਸਰ, ਅੰਮ੍ਰਿਤਸਰ 'ਚ ਫਿਰ ਚੱਲੀ ਗੋਲ਼ੀ, CCTV ਫੁਟੇਜ ਆਈ ਸਾਹਮਣੇ

Thursday, Dec 08, 2022 - 11:49 PM (IST)

ਗੰਨ ਕਲਚਰ 'ਤੇ ਪਾਬੰਦੀ ਦਾ ਨਹੀਂ ਹੋ ਰਿਹਾ ਅਸਰ, ਅੰਮ੍ਰਿਤਸਰ 'ਚ ਫਿਰ ਚੱਲੀ ਗੋਲ਼ੀ, CCTV ਫੁਟੇਜ ਆਈ ਸਾਹਮਣੇ

ਅੰਮ੍ਰਿਤਸਰ (ਗੁਰਿੰਦਰ ਸਾਗਰ) : ਬੇਸ਼ੱਕ ਸੂਬੇ 'ਚ ਗੰਨ ਕਲਚਰ ਖ਼ਤਮ ਕਰਨ ਦੀ ਗੱਲ ਪੰਜਾਬ ਸਰਕਾਰ ਤੇ ਪੰਜਾਬ ਦੇ ਡੀਜੀਪੀ ਕਰਦੇ ਨਜ਼ਰ ਆ ਰਹੇ ਹਨ ਪਰ ਅਜੇ ਤੱਕ ਪੰਜਾਬ 'ਚ ਗੋਲ਼ੀ ਚੱਲਣ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਵੀਰਵਾਰ ਅੰਮ੍ਰਿਤਸਰ ਦੇ ਕ੍ਰਿਸਟਲ ਚੌਕ 'ਚ ਮਾਮੂਲੀ ਜਿਹੀ ਬਹਿਸ ਤੋਂ ਬਾਅਦ ਗੋਲ਼ੀ ਚੱਲ ਗਈ, ਜੋ ਇਕ ਨੌਜਵਾਨ ਦੇ ਪੈਰ 'ਤੇ ਲੱਗੀ। ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ, ਉਥੇ ਪੁਲਸ ਦੇ ਹੱਥ ਇਕ ਸੀਸੀਟੀਵੀ ਫੁਟੇਜ ਵੀ ਲੱਗੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਫੁਟੇਜ ਵਿੱਚ ਗੋਲ਼ੀ ਚੱਲੀ ਹੈ ਜਾਂ ਨਹੀਂ। ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਅਸੀਂ ਮੁਲਜ਼ਮ ਖਿਲਾਫ਼ ਜਲਦ ਤੋਂ ਜਲਦ ਕਾਰਵਾਈ ਕਰਾਂਗੇ। ਗੋਲ਼ੀ ਚੱਲਣ ਨਾਲ ਇਲਾਕੇ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਮੀਡੀਆ ਸਲਾਹਕਾਰ ਭਰਤਇੰਦਰ ਚਾਹਲ ਦੇ ਘਰ ਪੁਲਸ ਨੇ ਮਾਰਿਆ ਛਾਪਾ, ਅਫ਼ਸਰਾਂ ਨੇ ਧਾਰੀ ਚੁੱਪ

ਇਸ ਸਬੰਧੀ ਜਾਣਕਾਰੀ ਦਿੰਦਿਆਂ ਟੈਂਪੂ ਟਰੈਵਲਰ ਡਰਾਈਵਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਏਅਰਪੋਰਟ ਤੋਂ ਯਾਤਰੀਆਂ ਨੂੰ ਲੈ ਕੇ ਆਪਣੇ ਟੈਂਪੂ ਟਰੈਵਲਰ 'ਚ ਕ੍ਰਿਸਟਲ ਚੌਕ ਨੇੜੇ ਇਕ ਹੋਟਲ ਵਿੱਚ ਪਹੁੰਚਿਆ ਸੀ। ਹੋਟਲ ਦੀ ਗਲੀ ਵਿੱਚ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਰਕੇ ਉਸ ਦੇ ਟੈਂਪੂ ਟਰੈਵਲਰ ਨਾਲ ਜਦੋਂ ਬਿਜਲੀ ਦੀਆਂ ਟਕਰਾਉਣ ਲੱਗੀਆਂ ਤਾਂ ਉਸ ਨੇ ਗੱਡੀ ਪਿੱਛੇ ਲਗਾ ਕੇ ਸਵਾਰੀਆਂ ਨੂੰ ਉਤਾਰ ਦਿੱਤਾ ਪਰ ਇਸ ਦੌਰਾਨ ਇਕ ਹੋਟਲ ਦੇ ਕਰਿੰਦਿਆਂ ਵੱਲੋਂ ਉਸ ਨਾਲ ਕਾਫੀ ਗਾਲੀ-ਗਲੋਚ ਕੀਤੀ ਜਾਣ ਲੱਗੀ। ਜਦੋਂ ਉਸ ਨੇ ਹੋਟਲ ਦੇ ਕਰਿੰਦਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉਸ ਉਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਹੋਟਲ ਦੇ ਕਿਸੇ ਕਰਿੰਦੇ ਨੇ ਗੋਲੀਆਂ ਵੀ ਚਲਾਈਆਂ ਅਤੇ ਇਕ ਗੋਲੀ ਉਸ ਦੇ ਪੈਰ 'ਚ ਜਾ ਲੱਗੀ। ਇਸ ਤੋਂ ਬਾਅਦ ਉਸ ਨੇ ਆਪਣੇ ਮਾਲਕਾਂ ਨੂੰ ਫੋਨ ਕੀਤਾ ਅਤੇ ਮੌਕੇ 'ਤੇ ਉਸ ਦੇ ਹੋਰ ਸਾਥੀ ਵੀ ਪਹੁੰਚੇ। ਮਾਹੌਲ ਕਾਫੀ ਗਰਮਾ ਗਿਆ, ਜਿਸ ਤੋਂ ਬਾਅਦ ਮੌਕੇ 'ਤੇ ਪੁਲਸ ਵੀ ਪਹੁੰਚ ਗਈ।

PunjabKesari

ਇਹ ਵੀ ਪੜ੍ਹੋ : ਨਤੀਜਿਆਂ ਤੋਂ ਬਾਅਦ ਬੋਲੇ PM ਮੋਦੀ, 'ਭਾਜਪਾ ਜਿੱਥੇ ਨਹੀਂ ਜਿੱਤੀ, ਉਥੇ ਵੋਟ ਸ਼ੇਅਰ ਲੋਕਾਂ ਦੇ ਪਿਆਰ ਦਾ ਸਬੂਤ'

ਇਸ ਮਾਮਲੇ 'ਚ ਡੀਸੀਪੀ ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਕ੍ਰਿਸਟਲ ਚੌਕ ਨੇੜੇ ਇਕ ਹੋਟਲ ਦੇ ਬਾਹਰ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਨਜ਼ਦੀਕੀ ਦੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਜਾ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਜਿਸ ਨੌਜਵਾਨ ਦੇ ਗੋਲ਼ੀ ਲੱਗੀ ਹੈ, ਉਹ ਹਸਪਤਾਲ ਇਲਾਜ ਲਈ ਗਿਆ ਹੈ, ਉਸ ਤੋਂ ਬਾਅਦ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਇਹ ਵੀ ਪੜ੍ਹੋ : ਭਾਜਪਾ ਵੱਲੋਂ MCD ਚੋਣਾਂ 'ਚ ਸਿਰਸਾ ਨੂੰ 'ਸਟਾਰ ਪ੍ਰਚਾਰਕ' ਬਣਾਉਣ 'ਤੇ ਜੀ. ਕੇ. ਨੇ ਵਿੰਨ੍ਹੇ ਤਿੱਖੇ ਨਿਸ਼ਾਨੇ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ 'ਚ ਵਧ ਰਹੀਆਂ ਗੋਲ਼ੀ ਚੱਲਣ ਦੀਆਂ ਘਟਨਾਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਗੰਨ ਕਲਚਰ 'ਤੇ ਰੋਕ ਲਗਾਉਣ ਦੀ ਗੱਲ ਕੀਤੀ ਗਈ ਸੀ ਅਤੇ ਸੋਸ਼ਲ ਮੀਡੀਆ 'ਤੇ ਜੇ ਕੋਈ ਵੀ ਵਿਅਕਤੀ ਹਥਿਆਰਾਂ ਨਾਲ ਫੋਟੋ ਪਾਉਂਦਾ ਹੈ, ਉਸ 'ਤੇ ਮਾਮਲੇ ਵੀ ਦਰਜ ਕੀਤੇ ਜਾ ਰਹੇ ਸਨ। ਇਸ ਦੌਰਾਨ ਪੰਜਾਬ ਵਿੱਚ ਗੋਲ਼ੀ ਚੱਲਣ ਦੀਆਂ ਘਟਨਾਵਾਂ ਨਹੀਂ ਰੁਕੀਆਂ, ਜੋ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਉੱਪਰ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਬੀਤੀ ਰਾਤ ਵੀ ਨਕੋਦਰ ਵਿਖੇ ਇਕ ਕੱਪੜਾ ਵਪਾਰੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਅੰਮ੍ਰਿਤਸਰ 'ਚ ਇਕ ਵਾਰ ਫਿਰ ਗੋਲ਼ੀ ਚੱਲਣ ਨਾਲ ਪੁਲਸ ਅਤੇ ਸਰਕਾਰ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News