ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸਿਵਲ ਹਸਪਤਾਲ ''ਚ ਲੱਗੀ ਅੱਗ

08/19/2019 5:20:29 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਲੰਘੀ ਰਾਤ 8 ਵਜੇ ਦੇ ਕਰੀਬ ਸਿਵਲ ਹਸਪਤਾਲ 'ਚ ਉਸ ਸਮੇਂ ਅਫਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਉਥੇ ਅੱਗ ਲੱਗ ਗਈ। ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਇਕ ਘੰਟੇ ਦੀ ਮਿਹਨਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਹਸਪਤਾਲ ਦੀ ਜਿਸ ਬਿਲਡਿੰਗ ਨੂੰ ਅੱਗ ਲੱਗੀ, ਉਸ ਬਿਲਡਿੰਗ ਨੂੰ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਐੱਨ. ਓ. ਸੀ ਨਹੀ ਦਿੱਤੀ ਗਈ ਹੈ। ਅੱਗ ਦੇ ਕਾਰਨ ਜਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ ਪਰ ਹਸਪਤਾਲ ਦੀ ਪੂਰੀ ਬਿਜਲੀ ਅਜੇ ਤੱਕ ਗੁੱਲ ਹੈ। ਜਨਰੇਟਰ ਚਲਾ ਕੇ ਐਮਰਜੈਂਸੀ, ਟ੍ਰਾਮਾ ਵਾਰਡ, ਜਨਰਲ ਵਾਰਡ 'ਚ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ। ਹਸਪਤਾਲ 'ਚ ਲੰਘੀ ਰਾਤ ਅੱਗ ਦੇ ਕਾਰਨ ਕਈ ਸਵਾਲ ਖੜ੍ਹੇ ਹੋ ਗਏ ਹਨ ਕਿ ਲੰਘੇ ਤਿੰਨ ਸਾਲਾਂ 'ਚ ਦੋ ਵਾਰ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਚੁੱਕੀ ਹੈ। ਪਹਿਲਾਂ ਨਰਸਰੀ ਵਾਰਡ 'ਚ ਇਸ ਤਰ੍ਹਾਂ ਦੀ ਅੱਗ ਲੱਗ ਚੁੱਕੀ ਹੈ। ਹੁਣ ਕੁਝ ਹੀ ਸਮੇਂ ਬਾਅਦ ਸਿਵਲ ਹਸਪਤਾਲ 'ਚ ਫਿਰ ਤੋਂ ਅੱਗ ਲੱਗ ਚੁੱਕੀ ਹੈ। ਜੇਕਰ ਅੱਗ ਵਧ ਜਾਂਦੀ ਤਾਂ ਸੈਂਕੜਿਆਂ ਮਰੀਜ਼ਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਸੀ। ਪਰ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਕਾਬੂ ਕਰਨ ਲਈ ਸਿਵਲ ਹਸਪਤਾਲ 'ਚ ਕੋਈ ਪ੍ਰਬੰਧ ਨਹੀਂ ਕੀਤੇ ਗਏ। ਜਦੋਂਕਿ ਫਾਇਰ ਬ੍ਰਿਗੇਡ ਦਫਤਰ ਤੋਂ ਵੱਡੀਆਂ ਇਮਾਰਤਾਂ ਲਈ ਸੇਫਟੀ ਸਰਟੀਫਿਕੇਟ ਲੈਣਾ ਜਰੂਰੀ ਹੋ ਗਿਆ ਹੈ। ਜਿਸ ਕਾਰਨ ਪ੍ਰਸ਼ਾਸਨ 'ਤੇ ਕਈ ਸਵਾਲ ਖੜ੍ਹੇ ਹੁੰਦੇ ਹਨ। 

ਮਰੀਜ਼ਾਂ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ
ਸੰਜੈ ਤਾਇਲ ਨੇ ਕਿਹਾ ਕਿ ਸਿਵਲ ਹਸਪਤਾਲ ਬਰਨਾਲਾ 'ਚ ਸੈਂਕੜੇ ਮਰੀਜ ਹਰ ਵੇਲੇ ਦਾਖਲ ਰਹਿੰਦੇ ਹਨ ਪਰ ਮਰੀਜ਼ਾਂ ਦੀ ਸੁਰੱਖਿਆ ਲਈ ਹਸਪਤਾਲ 'ਚ ਕੋਈ ਵੀ ਉਚਿਤ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਨਿਯਮਾਂ ਅਨੁਸਾਰ ਸਭ ਤੋਂ ਪਹਿਲਾਂ ਬਿਲਡਿੰਗ 'ਚ ਫਾਇਰ ਫਾਈਟਿੰਗ ਸਿਸਟਮ ਲਗਾਉਣਾ ਜ਼ਰੂਰੀ ਹੁੰਦਾ ਹੈ ਕਿ ਅੱਗ ਲੱਗਣ ਮੌਕੇ ਉਸ 'ਤੇ ਫੌਰੀ ਤੌਰ 'ਤੇ ਕਾਬੂ ਪਾਇਆ ਜਾ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਤੱਕ ਸਿਵਲ ਹਸਪਤਾਲ 'ਚ ਇਹ ਸਿਸਟਮ ਨਹੀਂ ਲਗਾਇਆ ਗਿਆ ਅਤੇ ਨਾ ਹੀ ਮਰੀਜ਼ਾਂ ਦੀ ਸੁਰੱਖਿਆ ਲਈ ਕੋਈ ਹੋਰ ਉਚਿਤ ਪ੍ਰਬੰਧ ਕੀਤੇ ਗਏ ਹਨ। 

ਹਸਪਤਾਲ 'ਚ ਸਿਸਟਮ ਦੀ ਘਾਟ
ਅੰਕਿਤ ਜੈਨ ਨੇ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਬਰਨਾਲਾ ਦੇ ਹਸਪਤਾਲ 'ਚ ਤਿੰਨ ਮਹੀਨਿਆਂ 'ਚ ਦੋ ਵਾਰ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਚੁੱਕੀ ਹੈ। ਪਹਿਲਾਂ ਬੱਚਿਆਂ ਦੀ ਨਰਸਰੀ 'ਚ ਇਹ ਅੱਗ ਲੱਗੀ ਸੀ, ਉਸ ਸਮੇਂ ਵੀ ਦਰਜਨ ਦੇ ਕਰੀਬ ਬੱਚੇ ਨਰਸਰੀ 'ਚ ਭਰਤੀ ਸੀ ਜੋ ਵਾਲ-ਵਾਲ ਬਚ ਗਏ। ਹੁਣ ਸੈਂਕੜੇ ਮਰੀਜ਼ ਹਸਪਤਾਲ 'ਚ ਭਰਤੀ ਹਨ ਜੋ ਇਸ ਦੁਰਘਟਨਾ 'ਚ ਵਾਲ-ਵਾਲ ਬਚੇ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਹਸਪਤਾਲ 'ਚ ਸਿਸਟਮ ਦੀ ਘਾਟ ਹੈ। 

ਬਿਜਲੀ ਸਪਲਾਈ ਸਿਸਟਮ ਚੈੱਕ ਕਰਵਾਇਆ ਜਾਵੇ
ਭਾਜਪਾ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਤਿੰਨ ਮਹੀਨਿਆਂ 'ਚ ਦੋ ਵਾਰ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗ ਜਾਣਾ ਇਸ ਸਿੱਧ ਕਰਦਾ ਹੈ ਕਿ ਸਿਵਲ ਹਸਪਤਾਲ ਬਰਨਾਲਾ 'ਚ ਬਿਜਲੀ ਦੀ ਸਪਲਾਈ ਦੇ ਸਿਸਟਮ 'ਚ ਭਾਰੀ ਗੜਬੜੀ ਹੈ। ਇਸ ਗੜਬੜੀ ਨੂੰ ਕਿਸੇ ਮਾਹਰ ਇੰਜੀਨੀਅਰ ਨੂੰ ਬੁਲਾ ਕੇ ਸਾਰੀ ਸਪਲਾਈ ਚੈੱਕ ਕਰਵਾਈ ਜਾਵੇ ਕਿ ਸਪਲਾਈ ਸਿਸਟਮ 'ਚ ਕਿੱਥੇ ਗੜਬੜੀ ਹੈ, ਜਿਸ ਕਾਰਨ ਇਹ ਅੱਗ ਲੱਗ ਰਹੀ ਹੈ। ਉਸ ਘਾਟ ਨੂੰ ਤੁਰੰਤ ਦੂਰ ਕਰਵਾਇਆ ਜਾਵੇ। 

ਅੱਗ 'ਤੇ ਕਾਬੂ ਪਾਉਣ ਲਈ ਲਾਇਆ ਜਾਵੇ ਫਾਇਰ ਫਾਇਟਿੰਗ ਸਿਸਟਮ
ਆਈ. ਬੀ. ਟੀ. ਸੰਸਥਾ ਦੇ ਐੱਮ. ਡੀ. ਸੌਰਵ ਸਿੰਗਲਾ ਨੇ ਕਿਹਾ ਕਿ ਸਿਵਲ ਹਸਪਤਾਲ 'ਚ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਫਾਇਟਿੰਗ ਸਿਸਟਮ ਲਗਾ ਕੇ ਉਸਨੂੰ ਤੁਰੰਤ ਫੌਰੀ ਤੌਰ 'ਤੇ ਚਾਲੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਐਮਰਜੈਂਸੀ ਮੌਕੇ ਇਸਦੀ ਵਰਤੋਂ ਕਰਕੇ ਤੁਰੰਤ ਅੱਗ 'ਤੇ ਕਾਬੂ ਪਾਇਆ ਜਾ ਸਕੇ। ਜਿਹੜੇ ਮੁਲਾਜ਼ਮ ਡਿਊਟੀ ਕਰਦੇ ਹਨ, ਉਨ੍ਹਾਂ ਸਾਰਿਆਂ ਮੁਲਾਜਮਾਂ ਨੂੰ ਵੀ ਅੱਗ 'ਤੇ ਕਾਬੂ ਪਾਉਣ ਲਈ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ।

ਬਿਲਡਿੰਗ ਦੀ ਸੁਰੱਖਿਆ ਲਈ ਸਿਵਲ ਹਸਪਤਾਲ 'ਚ ਫਾਇਰ ਫਾਇਟਿੰਗ ਸਿਸਟਮ ਲਗਾਇਆ ਜਾ ਰਿਹਾ ਹੈ। ਇਸਦਾ ਕਾਫੀ ਹੱਦ ਤੱਕ ਕੰਮ ਪੂਰਾ ਵੀ ਹੋ ਚੁੱਕਿਆ ਹੈ। ਕੁਝ ਹੀ ਦਿਨਾਂ 'ਚ ਇਸ ਸਿਸਟਮ ਨੂੰ ਚਾਲੂ ਕਰ ਦਿੱਤਾ ਜਾਵੇਗਾ। ਹੁਣ ਜਨਰੇਟਰ ਦੇ ਸਹਾਰੇ ਹਸਪਤਾਲ 'ਚ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਹਸਪਤਾਲ ਦੀ ਬਿਜਲੀ ਦੀ ਸਪਲਾਈ ਨੂੰ ਵੀ ਚੈੱਕ ਕਰਵਾਇਆ ਜਾਵੇਗਾ। 
- ਡਾ. ਜਯੋਤੀ ਕੌਸ਼ਲ ਐੱਨ. ਓ. ਸੀ


Anuradha

Content Editor

Related News