ਜ਼ਿਲਾ ਬਰਨਾਲਾ ''ਚ ਰੋਟੇਸ਼ਨਲ ਸਮਾਂ ਸਾਰਨੀ ਅਨੁਸਾਰ ਖੁੱਲ੍ਹਣਗੀਆਂ ਦੁਕਾਨਾਂ
Thursday, Apr 30, 2020 - 07:23 PM (IST)

ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)- ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਦੁਕਾਨਾਂ ਖੋਲ੍ਹਣ ਸਬੰਧੀ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਮੈਜਿਸਟ੍ਰ੍ਰੇਟ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲੇ ਦੇ ਪੇਂਡੂ ਖੇਤਰਾਂ 'ਚ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਦੁਕਾਨਾਂ ਅਤੇ ਐਸਟੇਬਲਿਸ਼ਮੈਂਟ ਐਕਟ ਅਧੀਨ ਆਉਂਦੀਆਂ ਸਾਰੀਆਂ ਦੁਕਾਨਾਂ (ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼ ਨੂੰ ਛੱਡ ਕੇ) 7 ਤੋਂ 11 ਵਜੇ ਤੱਕ ਖੁੱਲ੍ਹਣਗੀਆਂ ਪਰ ਸ਼ਹਿਰੀ ਖੇਤਰਾਂ 'ਚ ਰੋਟੇਸ਼ਨਲ ਸਮਾਂ ਸਾਰਨੀ ਅਨੁਸਾਰ ਦੁਕਾਨਾਂ ਖੁੱਲ੍ਹਣਗੀਆਂ। ਉਨ੍ਹਾਂ ਦੱਸਿਆ ਕਿ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਜਿਹੜੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ, ਉਨ੍ਹਾਂ ਵਿਚ ਕੱਪੜੇ/ਫੈਬਰਿਕ ਦੁਕਾਨਾਂ ਤੇ ਸਬੰਧਤ ਅਸੈਸਰੀ, ਦਰਜੀਆਂ ਦੀਆਂ ਦੁਕਾਨਾਂ (ਟੇਲਰਿੰਗ), ਸਰਾਫਾਂ ਸਮੇਤ ਸਾਰੇ ਤਰ੍ਹਾਂ ਦੇ ਗਹਿਣਿਆਂ/ਅਸੈਸਰੀ ਨਾਲ ਸਬੰਧਤ ਦੁਕਾਨਾਂ, ਕਾਸਮੈਟਿਕਸ ਦੀਆਂ ਦੁਕਾਨਾਂ, ਬੱਚਿਆਂ ਦੇ ਕੱਪੜੇ ਤੇ ਉਤਪਾਦ, ਬੈਗਜ਼/ਲੱੱਗੇਜ ਆਦਿ ਘਰੇਲੂ ਉਪਕਰਨ (ਗੈਰ ਇਲੈਕਟ੍ਰੋਨਿਕ) ਕਰੌਕਰੀ, ਰਸੋਈ ਦੀਆਂ ਵਸਤਾਂ, ਘਰੇਲੂ ਉਪਕਰਨ, ਇਲੈਕਟ੍ਰੋਨਿਕ ਤੇ ਇਲੈਕਟ੍ਰੀਕਲ ਉਪਕਰਨ (ਸੇਲ ਤੇ ਰਿਪੇਅਰ) ਨਾਲ ਸਬੰਧਤ ਦੁਕਾਨਾਂ ਖੁੱਲ੍ਹ ਸਕਣਗੀਆਂ। ਸੋਮਵਾਰ ਅਤੇ ਵੀਰਵਾਰ ਨੂੰ ਮੋਬਾਇਲ ਅਤੇ ਮੋਬਾਇਲ ਰਿਪੇਅਰ ਦੁਕਾਨਾਂ, ਕੰਪਿਊਟਰ ਰਿਪੇਅਰ ਤੇ ਹਾਰਡਵੇਅਰ ਸ਼ਾਪਜ਼, ਬਿਲਡਿੰਗ ਤੇ ਉਸਾਰੀ ਉਪਕਰਨਾਂ ਸਬੰਧੀ ਸਟੋਰ ਜਿਵੇਂ ਪੇਂਟ, ਵੈਨਿਸ਼ਿੰਗ ਆਦਿ, ਕਾਰਪੇਂਟਰੀ ਉਪਰਕਰਨ, ਪਲਾਈਵੁਡ ਆਦਿ, ਗਲਾਸ ਤੇ ਮਿਰਰ, ਗਰਿੱਲ ਤੇ ਫੈਬਰੀਕੇਸ਼ਨ, ਸੀਮਿੰਟ ਤੇ ਮੋਰਟੋ ਆਦਿ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਬੁੱਧਵਾਰ ਤੇ ਸ਼ਨੀਰਵਾਰ ਨੂੰ ਆਟੋਮੋਬਾਇਲਜ਼ ਦੀ ਵਿਕਰੀ ਤੇ ਸਪੇਅਰ ਪਾਰਟਸ, ਰਿਪੇਅਰ ਤੇ ਮੇਨਟੀਨੈਂਸ ਨਾਲ ਸਬੰਧਤ ਦੁਕਾਨਾਂ, ਰਿਪੇਅਰ ਅਤੇ ਮੇਂਟੀਨੈਂਸ ਨਾਲ ਸਬੰਧਤ ਦੁਕਾਨਾਂ, ਸਟੇਸ਼ਨਰੀ ਤੇ ਗਿਫਟ ਸ਼ਾਪ (ਆਰਟ ਐਂਡ ਕ੍ਰਾਫਟ ਚੀਜ਼ਾਂ ਤੇ ਕਿਤਾਬਾਂ), ਬੇਕਰੀ ਤੇ ਕਨਫੈਕਸ਼ਨਰੀ, ਮਠਿਆਈ ਦੀਆਂ ਦੁਕਾਨਾਂ ਤੇ ਡੇਅਰੀ ਉਤਪਾਦ ਤੇ ਮੀਟ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ। ਇਹ ਦੁਕਾਨਾਂ 7 ਤੋਂ 11 ਵਜੇ ਤੱਕ 50 ਫੀਸਦੀ ਸਟਾਫ ਨਾਲ ਖੁੱਲ੍ਹਣਗੀਆਂ। ਉਨ੍ਹਾਂ ਦੱਸਿਆ ਕਿ ਸਾਰੇ ਤਰ੍ਹਾਂ ਦੀਆਂ ਦੁਕਾਨਾਂ ਵਾਰੀ ਨਾਲ ਰੋਟੇਸ਼ਨਲ ਸਮਾਂ ਸਾਰਨੀ ਅਨੁਸਾਰ ਖੁੱਲ੍ਹਣਗੀਆਂ।
ਪਹਿਲਾਂ ਵਾਂਗ ਸ਼ਾਮ 5 ਵਜੇ ਤੱਕ ਜਾਰੀ ਰਹੇਗੀ ਜ਼ਰੂਰੀ ਵਸਤਾਂ ਦੀ ਹੋਮ ਡਲਿਵਰੀ
ਦੁਕਾਨਦਾਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋੜੀਂਦੇ ਅਹਿਤਿਆਤ ਵਰਤਣ ਜਿਵੇਂ ਮਾਸਕ, ਦਸਤਾਨੇ, ਸੈਨੇਟਾਈਜ਼ਰ ਦੀ ਵਰਤੋਂ, ਸਮਾਜਕ ਦੂਰੀ ਆਦਿ ਦਾ ਲਾਜ਼ਮੀ ਧਿਆਨ ਰੱਖਣਗੇ। ਜ਼ਰੂਰੀ ਵਸਤਾਂ ਨਾਲ ਸਬੰਧਤ ਦੁਕਾਨਾਂ ਬਾਰੇ ਨਿਰਦੇਸ਼ ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਕਰਿਆਣਾ/ਜਨਰਲ ਸਟੋਰ, ਕੈਮਿਸਟ, ਲੈਬ ਤੇ ਖੇਤੀਬਾੜੀ ਉਪਕਰਨਾਂ ਅਤੇ ਉਤਪਾਦਾਂ ਨਾਲ ਸਬੰਧਤ ਦੁਕਾਨਦਾਰ ਐਤਵਾਰ ਤੋਂ ਬਿਨਾਂ ਸਾਰੇ ਦਿਨ ਸਵੇਰੇ 7 ਤੋਂ 11 ਵਜੇ ਤੱਕ ਕਾਊਂਟਰ ਸੇਲ ਕਰ ਸਕਣਗੇ। ਇਸ ਤੋਂ ਇਲਾਵਾ ਪਾਸ ਵਾਲੇ ਦੁਕਾਨਦਾਰ ਸ਼ਾਮ 5 ਵਜੇ ਤੱਕ ਪਹਿਲਾਂ ਵਾਂਗ ਹੋਮ ਡਿਲਿਵਰੀ ਕਰ ਸਕਣਗੇ। ਇਹ ਦੁਕਾਨਾਂ ਐਤਵਾਰ ਨਹੀਂ ਖੁੱਲ੍ਹਣਗੀਆਂ। ਜ਼ਰੂਰੀ ਵਸਤਾਂ ਦੀ ਸਪਲਾਈ ਲਈ ਈ-ਕਾਮਰਸ ਸੇਵਾ ਵੀ ਜਾਰੀ ਰਹਿ ਸਕੇਗੀ।
ਉਨ੍ਹਾਂ ਦੱਸਿਆ ਕਿ ਦੁੱਧ, ਸਬਜ਼ੀ, ਫਲਾਂ ਆਦਿ ਜ਼ਰੂਰੀ ਵਸਤਾਂ ਦੀ ਘਰ-ਘਰ ਸਪਲਾਈ ਜਾਰੀ ਰਹੇਗੀ। ਕਿਹੜੀਆਂ ਦੁਕਾਨਾਂ/ਅਦਾਰੇ ਨਹੀਂ ਖੁੱਲ੍ਹ ਸਕਣਗੇ ਸ਼ਰਾਬ ਦੇ ਠੇਕੇ, ਤੰਬਾਕ ਦੀ ਵਿਕਰੀ, ਸੈਲੂਨ, ਹਜ਼ਾਮਤ ਦੀਆਂ ਦੁਕਾਨਾਂ, ਬਿਊਟੀ ਪਾਰਲਰ, ਸਾਰੇ ਵਿੱਦਿਅਕ, ਟਰੇਨਿੰਗ, ਕੋਚਿੰਗ ਇੰਸਟੀਚਿਊਟ, ਆਈਲੈਟਸ ਇੰਸਟੀਚਿਊਟ, ਹਾਸਪੀਟੈਲਿਟੀ ਸੇਵਾਵਾਂ, ਸਾਪਿੰਗ ਮਾਲਜ਼, ਸਾਰੇ ਸਿਨੇਮਾ ਹਾਲ, ਜਿੰਮ, ਸਪੋਰਟਸ ਕੰਪਲੈਕਸ, ਸਵਿੰਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਰੈਸਟੋਰੈਂਟ, ਅਸੈਂਬਲੀ ਹਾਲ ਤੇ ਹੋਰ ਸਬੰਧਤ ਥਾਵਾਂ, ਸਾਰੇ ਤਰ੍ਹਾਂ ਦੇ ਸਮਾਜਕ, ਰਾਜਨੀਤਕ, ਖੇਡ, ਮਨੋਰੰਜਕ, ਵਿੱਦਿਅਕ, ਸੱਭਿਆਚਾਰਕ, ਧਾਰਮਕ ਸਮਾਗਮ ਅਤੇ ਹੋਰ ਇਕੱਠ, ਸਾਰੇ ਧਾਰਮਕ ਸਮਾਗਮਾਂ 'ਤੇ ਪਾਬੰਦੀ ਰਹੇਗੀ।