ਇਲਾਕੇ ਦੀਅਾਂ ਦੁਕਾਨਾਂ ਤੇ ਸਕੂਲਾਂ ’ਚ ਚੋਰੀਆਂ ਦਾ ਸਿਲਸਿਲਾ ਜਾਰੀ
Friday, Jul 27, 2018 - 03:34 AM (IST)
ਸ੍ਰੀ ਚਮਕੌਰ ਸਾਹਿਬ, (ਕੌਸ਼ਲ)– ਇਸ ਇਲਾਕੇ ਵਿਚ ਦੁਕਾਨਾਂ ਤੇ ਸਕੂਲਾਂ ’ਚ ਚੋਰੀਆਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੁਲਸ ਕੋਲ ਸੀ. ਸੀ. ਟੀ. ਵੀ. ਫੁਟੇਜ ਹੋਣ ਦੇ ਬਾਵਜੂਦ ਵੀ ਕੁਝ ਹੱਥ-ਪੱਲੇ ਨਹੀਂ ਪੈ ਰਿਹਾ। ਚੋਰਾਂ ਨੇ ਦਰਜਨ ਦੇ ਕਰੀਬ ਚੋਰੀਆਂ ਨੂੰ ਪਿਛਲੇ ਦੋ ਮਹੀਨਿਆਂ ’ਚ ਅੰਜਾਮ ਦਿੱਤਾ। ਅੱਜ ਫਿਰ ਚੋਰਾਂ ਨੇ ਇਕ ਸਕੂਲ ਤੇ ਸਥਾਨਕ ਬਾਜ਼ਾਰ ਵਿਚ ਇਕ ਮੋਬਾਇਲਾਂ ਵਾਲੀ ਦੁਕਾਨ ਨੂੰ ਪਿਛਲੇ ਪਾਸਿਓਂ ਪਾਡ਼ ਲਾ ਕੇ ਲੱਖਾਂ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ ਕਰ ਲਈ। ਰਾਤ ਸਮੇਂ ਸ੍ਰੀ ਚਮਕੌਰ ਸਾਹਿਬ ਬੇਲਾ ਮਾਰਗ ’ਤੇ ਐੱਸ. ਡੀ. ਐੱਮ. ਦਫ਼ਤਰ ਚੌਕ ਨੇਡ਼ੇ ਮੁਲਤਾਲੀ ਟੈਲੀਕਾਮ ਨੂੰ ਚੋਰਾਂ ਨੇ ਅਾਪਣਾ ਨਿਸ਼ਾਨਾ ਬਣਾਇਆ।
ਦੁਕਾਨ ਦੇ ਮਾਲਕ ਮਨਪ੍ਰੀਤ ਸਿੰਘ ਮੁਲਤਾਨੀ ਨੇ ਦੱਸਿਆ ਕਿ ਰਾਤ ਨੂੰ ਚੋਰਾਂ ਨੇ ਦੁਕਾਨ ਦੇ ਪਿਛਲੇ ਪਾਸੇ ਖਾਲੀ ਪਲਾਟ, ਜਿੱਥੇ ਭੰਗ ਦੀ ਬੂਟੀ ਵੀ ਖੜ੍ਹੀ ਸੀ, ਵੱਲੋਂ ਦੁਕਾਨ ਦੀ ਕੰਧ ਨੂੰ ਪਾਡ਼ ਲਾ ਲਿਆ ਤੇ ਦੁਕਾਨ ਵਿਚ ਪਏ ਲਗਭਗ ਮਹਿੰਗੇ ਮੁੱਲ ਦੇ 70-80 ਮੋਬਾਇਲ ਤੇ ਗੱਲੇ ਵਿਚ ਪਈ ਲੱਖਾਂ ਦੀ ਨਕਦੀ, ਲੈਪਟਾਪ ਤੇ ਹੋਰ ਸਬੰਧਤ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ, ਜਦਕਿ ਚੋਰਾਂ ਨੇ ਸਸਤੇ ਮੋਬਾਇਲਾਂ ਨੂੰ ਹੱਥ ਤੱਕ ਨਹੀਂ ਲਾਇਆ। ਉਸ ਨੇ ਦੱਸਿਆ ਕਿ ਜਦੋਂ ਚੋਰ ਇਸ ਕਾਰਨਾਮੇ ਨੂੰ ਅੰਜਾਮ ਦੇ ਰਹੇ ਸਨ ਤਾਂ ਉਨ੍ਹਾਂ ਦੀ ਅਚਾਨਕ ਨਜ਼ਰ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਤੇ ਪੈ ਗਈ ਤਾਂ ਉਨ੍ਹਾਂ ਨੇ ਕੈਮਰੇ ਦੀ ਭੰਨ-ਤੋਡ਼ ਵੀ ਕੀਤੀ। ਇੰਝ ਉਨ੍ਹਾਂ ਦੀ ਤਸਵੀਰ ਕੈਮਰੇ ਵਿਚ ਵੀ ਕੈਦ ਹੋ ਗਈ। ਇਸ ਬਾਜ਼ਾਰ ਵਿਚ ਚੌਕੀਦਾਰ ਰੱਖਿਆ ਹੋਣ ਕਾਰਨ ਚੋਰਾਂ ਨੇ ਇਸ ਘਟਨਾ ਨੂੰ ਦੁਕਾਨ ਦੇ ਪਿਛਲੇ ਪਾਸੇ ਪਾੜ ਲਾ ਕੇ ਅੰਜਾਮ ਦਿੱਤਾ।
ਉੱਧਰ ਦੂਜੀ ਚੋਰੀ ਇਸੇ ਥਾਣੇ ਅਧੀਨ ਪੈਂਦੇ ਕਸਬਾ ਬੇਲਾ ਪੁਲਸ ਚੌਕੀ ਦੇ ਪਿੰਡ ਸ਼ੇਖੂਪੁਰ ਦੇ ਮਿਡਲ ਸਕੂਲ ਵਿਚ ਹੋਈ। ਸਕੂਲ ਦੇ ਚੌਕੀਦਾਰ ਮੱਖਣ ਸਿੰਘ ਨੇ ਦੱਸਿਆ ਕਿ ਉਹ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਬੀਤੀ ਰਾਤ ਰੁਟੀਨ ਦੀ ਛੁੱਟੀ ’ਤੇ ਸੀ, ਪਿੱਛੋਂ ਚੋਰਾਂ ਨੇ ਸਕੂਲ ਦਾ ਤਾਲਾ ਤੋਡ਼ ਕੇ ਇਕ 32 ਇੰਚ ਦੀ ਐੱਲ. ਸੀ. ਡੀ., ਡੀ. ਵੀ. ਆਰ., ਇਕ ਇਲੈਕਟ੍ਰਾਨਿਕ ਚੁੱਲ੍ਹਾ ਤੇ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਮੌਕੇ ’ਤੇ ਪੁੱਜੇ ਸਥਾਨਕ ਐੱਸ. ਐੱਚ. ਓ. ਇਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ ਕਰ ਕੇ ਯੋਗ ਕਾਰਵਾਈ ਕਰ ਰਹੀ ਹੈ।
